ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਛੇਹਰਟਾ (ਅੰਮ੍ਰਿਤਸਰ), 6 ਜਨਵਰੀ (ਪੱਤਰ ਪ੍ਰੇਰਕ)-ਸਾਹਿਬ-ਏ-ਕਮਾਲ ਦਸਮੇਸ਼ ਪਿਤਾ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਜੁਗੋ-ਜੁਗ ਅਟੱਲ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰੇ ਸਾਹਿਬਾਨ ਜੀ ਦੀ ਅਗਵਾਈ ਹੇਠ ਮੈਨੇਜਰ ਭਾਈ ਹਰਜੀਤ ਸਿੰਘ ਮੋਦੇ ਦੀ ਦੇਖ-ਰੇਖ ਹੇਠ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਪਾਤਸ਼ਾਹੀ ਛੇਵੀਂ ਤੋਂ ਸਜਾਇਆ ਗਿਆ। ਇਸ ਮੌਕੇ ਨਤਮਸਤਕ ਹੋਏ ਸ਼੍ਰੋਮਣੀ ਕਮੇਟੀ ਮੈਂਬਰ ਮੰਗਵਿੰਦਰ ਸਿੰਘ ਖਾਪੜਖੇੜੀ, ਯੂਥ ਅਕਾਲੀ ਆਗੂ ਗੁਰਪ੍ਰੀਤ ਸਿੰਘ ਵਡਾਲੀ, ਜ਼ਿਲ੍ਹਾ ਸਕੱਤਰ ਤਰਲੋਚਨ ਸਿੰਘ ਘਈ, ਕੌਂਸਲਰ ਕਸ਼ਮੀਰ ਸਿੰਘ ਵਡਾਲੀ ਆਦਿ ਨੂੰ ਮੈਨੇਜਰ ਭਾਈ ਹਰਜੀਤ ਸਿੰਘ ਮੋਦੇ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।