ਪਿੰਡ ਲੱਖਾ ਦੇ 21 ਸਾਲਾ ਨੌਜਵਾਨ ਨੇ ਜ਼ਹਿਰੀਲੀ ਦਵਾਈ ਖਾ ਕੇ ਕੀਤੀ ਖੁਦਕੁਸ਼ੀ
ਹਠੂਰ (ਲੁਧਿਆਣਾ), 6 ਜਨਵਰੀ (ਜਸਵਿੰਦਰ ਸਿੰਘ ਛਿੰਦਾ)-ਨਜ਼ਦੀਕੀ ਪਿੰਡ ਲੱਖਾ ਦੇ ਇਕ ਨੌਜਵਾਨ ਦੀ ਭੇਤਭਰੇ ਹਾਲਤ ਵਿਚ ਮੌਤ ਹੋਣ ਦੀ ਖ਼ਬਰ ਮਿਲੀ ਹੈ, ਜਿਸ ਸੰਬੰਧੀ ਪੁਲਿਸ ਥਾਣਾ ਹਠੂਰ ਨੂੰ ਜਾਣਕਾਰੀ ਮਿਲਣ ’ਤੇ ਉਨ੍ਹਾਂ ਨੇ ਇਸ ਸਬੰਧੀ ਮੁਢਲੀ ਛਾਣਬੀਣ ਉਪਰੰਤ ਮ੍ਰਿਤਕ ਲੜਕੇ ਦੀ ਮਾਤਾ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਨਰਿੰਦਰ ਸਿੰਘ ਐਸ. ਐਚ. ਓ. ਨੇ ਪ੍ਰੈੱਸ ਨੂੰ ਦੱਸਿਆ ਕਿ ਮ੍ਰਿਤਕ ਨੌਜਵਾਨ ਦਿਲਸ਼ਾਦ ਅਲੀ (21 ਸਾਲ) ਪੁੱਤਰ ਜਗਰਾਜ ਅਲੀ ਵਾਸੀ ਪਿੰਡ ਲੱਖਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਸ ਨੇ ਕੋਈ ਦਵਾਈ ਖਾ ਲਈ, ਜਿਸ ਨਾਲ ਉਸਦੀ ਮੌਤ ਹੋ ਗਈ। ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਉਤਕ ਮ੍ਰਿਤਕ ਦਿਲਸ਼ਾਦ ਅਲੀ ਬਹੁਤ ਹੀ ਹੋਣਹਾਰ ਲੜਕਾ ਸੀ, ਜੋ ਰਾਏਕੋਟ ਵਿਖੇ ਕਾਰਾਂ ਦੀ ਮਕੈਨਕੀ ਦਾ ਕੰਮ ਸਿੱਖਦਾ ਸੀ ਅਤੇ ਰਾਤ ਨੂੰ ਪਿੰਡ ਦੇ ਇਕ ਢਾਬੇ ’ਤੇ ਕੰਮ ਕਰਦਾ ਸੀ। ਪੁਲਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਹੈ।