ਮਹਾਰਾਸ਼ਟਰ: ਡੰਪਰ ਨੇ ਕੁਚਲੇ ਫੁੱਟਪਾਥ ’ਤੇ ਸੁੱਤੇ ਪਏ 9 ਲੋਕ, ਤਿੰਨ ਦੀ ਮੌਤ
ਮੁੰਬਈ, 23 ਦਸੰਬਰ- ਮਹਾਰਾਸ਼ਟਰ ਦੇ ਪੁਣੇ ਵਿਚ ਇਕ ਵੱਡਾ ਹਾਦਸਾ ਵਾਪਰਿਆ ਹੈ। ਇਥੇ ਇਕ ਡੰਪਰ ਨੇ ਫੁੱਟਪਾਥ ’ਤੇ ਸੁੱਤੇ ਪਏ 9 ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ’ਚ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਡੰਪਰ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ। ਜ਼ਖ਼ਮੀਆਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਘਟਨਾ ਬੀਤੀ ਰਾਤ ਕਰੀਬ 1 ਵਜੇ ਥਾਣਾ ਵਾਘੋਲੀ ਦੇ ਕੇਸਨੰਦ ਨਾਕੇ ਦੇ ਸਾਹਮਣੇ ਵਾਪਰੀ। ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਚਾਲਕ ਨੂੰ ਭਾਰਤੀ ਨਿਆਂ ਸਹਿੰਤਾ ਦੀਆਂ ਧਾਰਾਵਾਂ ਦੇ ਤਹਿਤ ਜਾਂਚ ਲਈ ਗਿ੍ਫ਼ਤਾਰ ਕਰ ਲਿਆ ਗਿਆ ਹੈ।