ਸਾਬਕਾ ਵਿਧਾਇਕ ਰੋਜ਼ੀ ਬਰਕੰਦੀ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ 'ਚ ਹੋਈ ਇਕੱਤਰਤਾ 'ਤੇ ਉਠਾਏ ਸਵਾਲ
ਸ੍ਰੀ ਮੁਕਤਸਰ ਸਾਹਿਬ, 22 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਅੱਜ ਭਾਈ ਮਹਾ ਸਿੰਘ ਦੀਵਾਨ ਹਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿਚ ਹੋਈ ਇਕੱਤਰਤਾ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਸ਼ਹੀਦੀ ਪੰਦਰਵਾੜੇ ਦੌਰਾਨ ਅਜਿਹਾ ਇਕੱਠ ਕਰਨਾ ਸ਼ੋਭਦਾ ਨਹੀਂ। ਉਨ੍ਹਾਂ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦੀਆਂ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਬਾਰੇ ਗੱਲਾਂ ਕਹੀਆਂ ਹਨ, ਉਹ ਵੀ ਬਹੁਤ ਨਿੰਦਣਯੋਗ ਹਨ। ਉਨ੍ਹਾਂ ਕਿਹਾ ਕਿ ਇਕ ਬੁਲਾਰਾ ਕਹਿ ਰਿਹਾ ਸੀ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਗਿਆਨੀ ਹਰਪ੍ਰੀਤ ਸਿੰਘ ਨੇ 17 ਸਾਲ ਗੁਰਦੁਆਰਾ ਸਾਹਿਬ ਵਿਖੇ ਸੇਵਾਵਾਂ ਦਿੱਤੀਆਂ ਹਨ। ਸਾਬਕਾ ਵਿਧਾਇਕ ਰੋਜ਼ੀ ਬਰਕੰਦੀ ਨੇ ਕਿਹਾ ਕਿ ਫਿਰ ਬਹੁਤ ਵੱਡਾ ਇਕੱਠ ਹੋਣਾ ਚਾਹੀਦਾ ਸੀ, ਕਿਉਂ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੀਆਂ ਨਰਾਇਣ ਸਿੰਘ ਚੌੜਾ ਨਾਲ ਮੀਟਿੰਗਾਂ ਵੀ ਹੋਈਆਂ, ਇਸ ਬਾਰੇ ਵੀ ਜਲਦੀ ਦੱਸਾਂਗੇ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਹਮੇਸ਼ਾ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਹੈ ਪਰ ਕੁਝ ਲੋਕ ਅਜਿਹੇ ਇਕੱਠ ਕਰਕੇ ਭਾਵਨਾਵਾਂ ਭੜਕਾ ਰਹੇ ਹਨ, ਜੋ ਕਿ ਬਹੁਤ ਗਲਤ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ ਸੁਖਬੀਰ ਸਿੰਘ ਬਾਦਲ ਨਾਲ ਡੱਟ ਕੇ ਖੜ੍ਹਾ ਹੈ।