22-12-2024
ਬੈਠਾ ਸੋਢੀ ਪਾਤਿਸ਼ਾਹੁ
ਲੇਖਕ : ਗੁਰਦਿਆਲ ਸਿੰਘ ਨਿਮਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 500 ਰੁਪਏ, ਸਫ਼ੇ : 332
ਸੰਪਰਕ : 098122-33662
ਇਸ ਹਥਲੇ ਮਹਾਂਕਾਵਿ ਦਾ ਲੇਖਕ ਪੰਜਾਬੀ ਕਾਵਿ-ਸਾਹਿਤ ਦੀ ਝੋਲੀ ਵਿਚ ਇਸ ਮਹਾਂਕਾਵਿ ਤੋਂ ਪੂਰਵ ਅੱਧੀ ਦਰਜਨ ਕਾਵਿ-ਗ੍ਰੰਥ ਭੇਟ ਕਰ ਚੁੱਕਾ ਹੈ। ਇਸ ਤੋਂ ਇਲਾਵਾ ਤਿੰਨ ਕਾਵਿ-ਸੰਗ੍ਰਹਿ ਵੀ ਪਾਠਕਾਂ ਦੇ ਰੂ-ਬਰੂ ਹੋ ਚੁੱਕੇ ਹਨ। ਕਵੀ ਲਗਭਗ ਅੱਧੀ ਸਦੀ ਤੋਂ ਕਾਵਿ-ਸਾਹਿਤ ਦੀ ਸੇਵਾ ਕਰ ਰਿਹਾ ਹੈ, ਮਹਾਂਕਵੀ ਗੁਰਦਿਆਲ ਸਿੰਘ ਨਿਮਰ ਹੁਣ ਕਿਸੇ ਜਾਣ-ਪਹਿਚਾਣ ਦਾ ਮੁਥਾਜ ਨਹੀਂ। ਕਵੀ ਦੀ ਕਲਮ ਵਿਚੋਂ ਸੱਚੀ-ਸੁੱਚੀ ਸੁਹਿਰਦ ਤੇ ਸ਼ਰਧਾਮੂਲਕ ਕਾਵਿਧਾਰਾ ਨਿਰੰਤਰ ਵਹਿ ਰਹੀ ਹੈ। ਉਹ ਪੰਥਕ ਕਵੀ ਦਰਬਾਰਾਂ ਵਿਚ ਹਾਜ਼ਰੀ ਲਗਵਾਉਣ ਦੇ ਨਾਲ-ਨਾਲ ਨਿਰੰਤਰ ਮਹਾਂ-ਕਾਵਿ ਦੀ ਰਚਨਾ ਵੀ ਕਰ ਰਿਹਾ ਹੈ। ਇਹ ਮਹਾਂ-ਕਾਵਿ ਚੌਥੇ ਪਾਤਿਸ਼ਾਹ ਗੁਰੂ ਰਾਮਦਾਸ ਜੀ ਦੇ ਜੀਵਨ ਚਰਿੱਤਰ, ਕਾਰਜਾਂ, ਪਰਉਪਕਾਰਾਂ, ਸਿੱਖ ਧਰਮ ਦੀ ਚੜ੍ਹਦੀਕਲਾ ਲਈ ਕੀਤੇ ਯਤਨਾਂ, ਉਪਰਾਲਿਆਂ ਦੇ ਇਤਿਹਾਸਕ ਅਤੇ ਧਾਰਮਿਕ ਸੰਦਰਭ ਵਿਚ ਪੇਸ਼ ਕਰਨ ਦਾ ਲੰਮਾ ਬਿਰਤਾਂਤ ਹੈ। ਉਸ ਵਲੋਂ ਮਹਾਂ-ਕਾਵਿ ਲਿਖਣ ਦੀ ਪਰੰਪਰਾਗਤ ਸ਼ੈਲੀ ਮੁਤਾਬਿਕ ਪਹਿਲੇ ਅਧਿਆਏ 'ਅਰਜੋਈ' ਤੋਂ ਸ਼ੁਰੂਆਤ ਕਰਕੇ ਆਖਰੀ 133ਵੇਂ ਅਧਿਆਏ 'ਗੁਰੂ ਰਾਮ ਦਾਸ ਜੀ ਦੇ ਜੋਤੀ-ਜੋਤ ਸਮਾਉਣ' ਤੱਕ ਨਿਰੰਤਰ ਵਾਪਰ ਰਹੀਆਂ ਘਟਨਾਵਾਂ ਤੇ ਕਾਰਜਾਂ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ। ਮਹਾਂ-ਕਾਵਿ ਲਈ ਪ੍ਰਵਾਨ ਕੀਤੇ ਮਕਬੂਲ ਛੰਦਾਂ ਕਬਿੱਤ ਤੇ ਬੈਂਤ ਛੰਦਾਂ ਦੇ ਨਾਲ-ਨਾਲ ਲੋਕ ਬਹਿਰਾਂ ਅਤੇ ਢਾਡੀਆਂ, ਕਵੀਸ਼ਰਾਂ ਵਲੋਂ ਗਾਈਆਂ ਜਾਂਦੀਆਂ ਵਾਰਾਂ ਨੂੰ ਯੋਗ ਥਾਂ ਦਿੱਤੀ ਗਈ ਹੈ। ਕਵੀ ਇਸ ਦ੍ਰਿਸ਼ਟੀ ਤੋਂ ਮਹਾਂ-ਕਾਵਿ ਦੇ ਅਚਾਰੀਆ ਵਲੋਂ ਨਿਰਧਾਰਿਤ ਕੀਤੇ ਮਾਪਦੰਡਾਂ ਨੂੰ ਵੀ ਧਿਆਨਗੋਚਰੇ ਰੱਖਦਾ ਹੈ। ਮਹਾਂ-ਕਵੀ ਕੇਵਲ ਬਿਰਤਾਂਤ ਤੇ ਘਟਨਾਵਾਂ ਦਾ ਕੇਵਲ ਜ਼ਿਕਰ ਹੀ ਨਹੀਂ ਕਰਦਾ, ਸਗੋਂ ਗੁਰੂ ਸਾਹਿਬ ਦੇ ਉਪਦੇਸ਼, ਉਦੇਸ਼ ਅਤੇ ਗੁਰਬਾਣੀ ਵਿਚ ਦਿੱਤੇ ਸੰਦੇਸ਼ ਨੂੰ ਵੀ ਪਾਠਕਾਂ ਦੇ ਸਨਮੁੱਖ ਪੇਸ਼ ਕਰਦਾ ਹੈ। ਕਵੀ ਮਹਾਂ-ਕਾਵਿ ਵਿਚਲੀ ਸਮੁੱਚੀ ਕਵਿਤਾ ਉਸ ਸਮੇਂ ਦਾ ਤਤਕਾਲੀ ਰਾਜਨੀਤਕ, ਆਰਥਿਕ, ਸਭਿਆਚਾਰਕ ਅਤੇ ਧਾਰਮਿਕ ਪਰਸਥਿਤੀਆਂ ਨੂੰ ਵੀ ਬਿਆਨ ਕਰਦਾ ਹੈ। ਮਹਾਂ-ਕਾਵਿ ਜਿਸ ਮਹਾਂ-ਨਾਇਕ ਦੇ ਜੀਵਨ ਨੂੰ ਬਿਆਨ ਕਰ ਰਿਹਾ ਹੁੰਦਾ ਹੈ, ਉਸ ਨੂੰ ਸਮੇਂ ਦੀ ਹਰ ਸਥਿਤੀ 'ਤੇ ਵਾਪਰ ਰਹੀਆਂ ਘਟਨਾਵਾਂ ਨਾਲ ਸਾਹਮਣਾ ਕਰਨਾ ਹੁੰਦਾ ਹੈ। ਕਵੀ ਵਲੋਂ ਇਸ ਮਹਾਂ-ਕਾਵਿ ਦੇ ਨਾਇਕ ਚੌਥੇ ਗੁਰੂ ਨਾਨਕ ਸ੍ਰੀ ਗੁਰੂ ਰਾਮ ਦਾਸ ਜੀ ਦੇ ਜੀਵਨ ਨਾਲ ਵਾਪਰੀ ਹਰ ਘਟਨਾ 'ਤੇ ਕਾਰਜ ਨੂੰ ਬਾਰੀਕਬੀਨੀ ਨਾਲ ਵਾਚਿਆ ਹੈ। ਗੁਰਮਤਿ ਫ਼ਲਸਫ਼ੇ ਅਤੇ ਚੌਥੇ ਪਾਤਿਸ਼ਾਹ ਦੁਆਰਾ ਰਚੀ ਬਾਣੀ ਨੂੰ ਵੀ ਮੱਦੇ-ਨਜ਼ਰ ਰੱਖਿਆ ਗਿਆ ਹੈ। ਅੰਮ੍ਰਿਤਸਰ ਨਗਰ ਦੀ ਉਸਾਰੀ ਸਮੇਂ 52 ਕਿੱਤਿਆਂ ਨਾਲ ਸੰਬੰਧਿਤ ਕਿਰਤੀਆਂ ਨੂੰ ਵਸਾਉਣਾ, ਪਾਵਨ ਸਰੋਵਰ ਦੀ ਉਸਾਰੀ ਗੁਰਬਾਣੀ ਗਾਇਨ ਦੇ ਨਿਰੰਤਰ ਪ੍ਰਵਾਹ ਰਾਹੀਂ ਨਾਮ ਦੀ ਮਹਿਮਾ ਅਤੇ ਸੰਗਤ ਲਈ ਲੰਗਰ ਦਾ ਨਿਰੰਤਰ ਚਲਾਉਣਾ ਵੱਡੇ ਕਾਰਜ ਹਨ। ਗੁਰੂ ਰਾਮਦਾਸ ਜੀ ਨੇ ਗੁਰਮਤਿ ਫਲਸਫ਼ੇ ਨੂੰ ਆਪਣੀ ਪਾਵਨ ਬਾਣੀ ਅਤੇ ਕਾਰਜਾਂ ਰਾਹੀਂ ਕਿਵੇਂ ਜਨ ਸਧਾਰਨ ਤੱਕ ਪਹੁੰਚਾਇਆ। ਇਸ ਦਾ ਜ਼ਿਕਰ ਬਾਖ਼ੂਬੀ ਮਹਾਂ-ਕਾਵਿ ਵਿਚੋਂ ਮਿਲਦਾ ਹੈ। ਵੰਨਗੀ ਵਜੋਂ ਪੇਸ਼ ਕੁਝ ਬੋਲ ਹਨ।
-ਅੰਮ੍ਰਿਤਸਰ ਸੰਸਾਰ ਦਾ ਸਰ ਉੱਚਾ, ਸਿਜਦੇ ਇਸ ਨੂੰ ਕੁੱਲ ਸੰਸਾਰ ਕਰਦਾ।
ਇਹਦੇ ਜਿਹਾ ਸੰਸਾਰ ਤੇ ਦਰ ਕੋਈ ਨਾ, ਸਿੱਖ ਗੁਰਾਂ ਦਾ ਇਸ 'ਤੇ ਮਾਣ ਕਰਦਾ।
ਧੁਰਾ ਸਿੱਖੀ ਪ੍ਰਚਾਰ ਦਾ ਸਿਰਜ ਸੋਹਣਾ, ਭਾਗ ਮਾਝੇ ਦੀ ਧਰਤੀ ਨੂੰ ਲਾਏ ਸਾਹਿਬਾਂ।
ਕਾਰੀਗਰ ਮੁਹਾਰਤੀ ਸਭ ਸੱਦ ਕੇ, ਸੋਹਣੀ ਨਗਰੀ ਦੇ ਵਿਚ ਵਸਾਏ ਸਾਹਿਬਾਂ।
ਵੱਖੋ-ਵੱਖ ਕਿੱਤਿਆਂ ਦੀ ਵੱਖ-ਵੱਖ ਚੋਣ ਕਰਕੇ, ਵੱਖੋ-ਵੱਖ ਸਭ ਬਾਜ਼ਾਰ ਬਣਵਾਏ ਸਾਹਿਬਾਂ,
ਧੁਰ ਕੀ ਬਾਣੀ ਦਾ ਜਦੋਂ ਪ੍ਰਵਾਹ ਚਲਦਾ, ਲੱਖਾਂ ਰਾਹ ਅਕਾਸ਼ ਵਲ ਖੁਲ੍ਹਦੇ ਨੇ।
ਸਮੁੱਚੇ ਰੂਪ ਵਿਚ ਇਹ ਹਥਲਾ ਮਹਾਂਕਾਵਿ ਚੌਥੇ ਪਾਤਿਸ਼ਾਹ ਦੀ ਪਵਿੱਤਰ ਸ਼ਖ਼ਸੀਅਤ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਕਵੀ ਦੀ ਉੱਤਮ ਕਾਵਿ-ਕਲਾ ਰਾਹੀਂ ਰੂਪਮਾਨ ਕਰ ਰਿਹਾ ਹੈ।
ਗੁਰੂ ਰਾਮਦਾਸ ਜੀ ਨੇ 30 ਰਾਗਾਂ ਵਿਚ ਗੁਰਬਾਣੀ ਉਚਾਰਨ ਕੀਤੀ ਹੈ, ਨਾਲ ਗੁਰੂ ਸਾਹਿਬ ਵਲੋਂ ਰਚੀਆਂ ਅੱਠ ਵਾਰਾਂ ਨੂੰ ਵੀ ਕਵੀ ਨੇ ਕਾਵਿ-ਕਲਾ ਰਾਹੀਂ ਬਾਖ਼ੂਬੀ ਚਿਤਰਿਆ ਹੈ। ਕਵੀ ਨੇ ਦੋ ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਇਸ ਮਹਾਂ-ਕਾਵਿ ਨੂੰ ਮੌਜੂਦਾ ਸਰੂਪ ਦਿੱਤਾ ਹੈ।
ਮਹਾਂ-ਕਾਵਿ ਦੇ ਮੁੱਖਬੰਦ ਵਜੋਂ ਦੋ ਸ਼ਬਦ ਲਿਖਦਿਆਂ ਡਾ. ਨਰਿੰਦਰ ਸਿੰਘ ਸਾਬਕਾ ਡਿਪਟੀ ਚੇਅਰਮੈਨ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਨੇ ਕਵੀ ਨੂੰ 'ਸਿੱਖੀ ਦੀ ਸ਼ਾਨ ਨਿਮਰ' ਵਜੋਂ ਪੇਸ਼ ਕੀਤਾ ਹੈ। 'ਮਹਾਂ-ਕਾਵਿ' ਨੂੰ ਡਾ. ਹਰਿੰਦਰ ਸਿੰਘ ਕੰਗ, ਪ੍ਰਿੰਸੀਪਲ ਗੁਰੂ ਨਾਨਕ ਖ਼ਾਲਸਾ ਕਾਲਜ ਯਮੁਨਾ ਨਗਰ ਨੇ 'ਜੀ ਆਇਆਂ' ਕਰਕੇ ਸੰਬੋਧਨ ਕੀਤਾ ਹੈ। ਉੱਘੇ ਸਾਹਿਤਕਾਰ ਤੇ ਕਵੀ ਡਾ. ਹਰੀ ਸਿੰਘ ਜਾਚਕ ਨੇ ਕਵੀ ਦੀ ਬਹੁਪੱਖੀ ਸ਼ਖ਼ਸੀਅਤ ਦਾ ਵਰਣਨ ਵੀ ਭਾਵਪੂਰਤ ਸ਼ਬਦਾਂ ਵਿਚ ਕੀਤਾ ਹੈ। ਪੁਸਤਕ ਦੇ ਆਰੰਭ ਵਿਚ ਗੁਰੂ ਸਾਹਿਬ ਨਾਲ ੰਸਬੰਧਿਤ ਅਸਥਾਨਾਂ ਦੀਆਂ ਕੁਝ-ਕੁ ਤਸਵੀਰਾਂ ਤੋਂ ਇਲਾਵਾ, ਸਹਾਇਕ ਪੁਸਤਕ ਸੂਚੀ ਅਤੇ ਸੋਢੀ ਵੰਸ਼ ਦਾ ਕੁਰਸੀਨਾਮਾ ਮਹਾਂਕਾਵਿ ਦੀ ਅੰਤਿਕਾ ਵਿਚ ਦਿੱਤਾ ਗਿਆ ਹੈ। ਮਹਾਂਕਾਵਿ ਦੇ ਕਵੀ ਨੇ ਇਹ ਪੁਸਤਕ ਗੁਰੂ ਰਾਮਦਾਸ ਜੀ ਦੀ 450 ਸਾਲਾ ਗੁਰਿਆਈ ਸ਼ਤਾਬਦੀ ਨੂੰ ਸਮਰਪਿਤ ਕੀਤੀ ਹੈ। ਗੁਰਮਤਿ ਸਾਹਿਤ 'ਤੇ ਕਵਿਤਾ ਦਾ ਰਸ ਲੈਣ ਵਾਲੇ ਪਾਠਕਾਂ ਲਈ ਮਹਾਂ-ਕਾਵਿ ਸਾਂਭਣਯੋਗ ਹੈ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਜੀਓ ਜ਼ਿੰਦਗੀ ਮਸਤ
ਅਨੁਵਾਦ ਤੇ ਸੰਪਾਦਨ : ਜਸਪ੍ਰੀਤ ਸਿੰਘ ਜਗਰਾਉਂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 295 ਰੁਪਏ, ਸਫ਼ੇ : 160
ਸੰਪਰਕ : 92090-00001
ਪੰਜਾਬੀ ਵਾਰਤਕ ਲੇਖਣ ਵਿਚ ਜਸਪ੍ਰੀਤ ਸਿੰਘ ਜਗਰਾਉਂ ਉੱਭਰ ਕੇ ਸਾਹਮਣੇ ਆਉਣ ਵਾਲਾ ਲੇਖਕ ਹੈ। ਸਾਹਿਤਕਾਰੀ ਵਿਚ ਉਸ ਦਾ ਪ੍ਰਵੇਸ਼ ਇਕ ਚੰਗਾ ਪਾਠਕ ਹੋਣ ਕਾਰਨ ਸੰਭਵ ਹੋਇਆ ਹੈ। ਉਸ ਦੀ ਕੀਰਤੀ ਦਾ ਗਰਾਫ਼ ਦਰਸਾਉਂਦਾ ਹੈ ਕਿ ਸਾਹਿਤਕ ਰਚਨਾਵਾਂ ਨਾਲ ਨਿਰੰਤਰ ਸੰਵਾਦ ਰਚਾਉਂਦੇ ਰਹਿਣ ਵਾਲਾ ਵਿਅਕਤੀ ਹੀ ਇਕ ਚੰਗਾ ਲੇਖਕ ਬਣ ਸਕਦਾ ਹੈ ਕਿਉਂਕਿ ਉਹ ਜਾਣਦਾ ਹੁੰਦਾ ਹੈ ਕਿ ਪਾਠਕਾਂ ਲਈ ਕਿਸ ਤਰ੍ਹਾਂ ਦੇ ਸਾਹਿਤ ਦੀ ਰਚਨਾ ਕਰਨੀ ਚਾਹੀਦੀ ਹੈ। ਜਸਪ੍ਰੀਤ ਸਿੰਘ ਜਗਰਾਉਂ ਪ੍ਰੇਰਨਾ ਭਰਪੂਰ, ਆਸ਼ਾਵਾਦੀ ਅਤੇ ਕਲਿਆਣਕਾਰੀ ਸਾਹਿਤ ਦਾ ਸ਼ੈਦਾਈ ਹੈ। ਉਸ ਦੁਆਰਾ ਅਨੁਵਾਦਿਤ ਅਤੇ ਸੰਗ੍ਰਹਿਤ ਹਥਲੀ ਪੁਸਤਕ ਇਸੇ ਤਰ੍ਹਾਂ ਦੇ ਸਾਹਿਤ ਦਾ ਹੀ ਇਕ ਖਜ਼ਾਨਾ ਹੈ।
ਅਜੋਕੇ ਪੂੰਜੀਵਾਦੀ ਯੁੱਗ ਨੇ ਹਰ ਇਨਸਾਨ ਨੂੰ ਅਸ਼ਾਂਤ, ਬੇਚੈਨ ਅਤੇ ਝੁੰਜਲਿਆ ਹੋਇਆ ਸ਼ਖ਼ਸ ਬਣਾ ਦਿੱਤਾ ਹੈ। ਇਹ ਦੁਨੀਆ ਬੜੇ ਤਿੱਖੇ ਮੁਕਾਬਲੇ ਵਿਚ ਫਸ ਗਈ ਹੈ। ਇਸ ਕਾਰਨ ਲੋਕ ਚਿੜਚਿੜੇ, ਈਰਖਾਲੂ ਅਤੇ ਗੁਸੈਲ ਬਣ ਗਏ ਹਨ। ਜਸਪ੍ਰੀਤ ਸਿੰਘ ਨੇ ਇਧਰੋਂ-ਉਧਰੋਂ ਪੱਤਰ-ਪੱਤ੍ਰਿਕਾਵਾਂ (ਗਿਆਨਾਮ੍ਰਿਤ : ਈਸ਼ਵਰੀ ਵਿਸ਼ਵ ਵਿਦਿਆਲੇ) ਵਿਚੋਂ ਪੜ੍ਹੇ ਚੋਣਵੇਂ ਪ੍ਰੇਰਨਾ ਭਰਪੂਰ ਲੇਖਾਂ ਦਾ ਅਨੁਵਾਦ ਅਤੇ ਸੰਪਾਦਨ ਕਰ ਕੇ ਹਥਲੀ ਪੁਸਤਕ ਨੂੰ ਸਰੰਜਾਮ ਦਿੱਤਾ ਹੈ। ਇਸ ਵਿਚ ਖ਼ੁਸ਼ੀ, ਸਹਿਜ, ਚੜ੍ਹਦੀ ਕਲਾ, ਨੇਕੀ, ਮੁਹੱਬਤ, ਸੇਵਾ, ਸ਼ਾਂਤੀ, ਸਬਰ, ਸੰਤੋਖ, ਸਾਦਗੀ ਅਤੇ ਕਰਮਸ਼ੀਲਤਾ ਵਰਗੇ ਸਦਗੁਣਾਂ ਨੂੰ ਦ੍ਰਿੜ੍ਹ ਕਰਵਾਉਣ ਵਾਲੇ 63 ਲੇਖ ਸੰਗ੍ਰਹਿਤ ਹਨ। ਅਜਿਹੇ ਲੇਖਾਂ ਨੂੰ ਵਾਰ-ਵਾਰ ਪੜ੍ਹਨ ਅਤੇ ਆਪਣੇ ਨਿਤਪ੍ਰਤੀ ਦੇ ਜੀਵਨ ਵਿਚ ਹੰਢਾਉਣ ਦੁਆਰਾ ਆਧੁਨਿਕ ਮਨੁੱਖ ਚੜ੍ਹਦੀ ਕਲਾ ਵਿਚ ਰਹਿਣ ਦੀ ਜੁਗਤ ਸਿੱਖ ਜਾਂਦਾ ਹੈ। ਇਸ ਰੂਪ ਵਿਚ ਹਥਲੀ ਪੁਸਤਕ ਦਾ ਮਹੱਤਵ ਨਿਰਵਿਵਾਦ ਹੈ।
ਦੁਨੀਆ ਭਰ ਦੇ ਮਹਾਂਪੁਰਖਾਂ ਨੇ ਉਕਤ ਵੰਨਗੀ ਦੇ ਨੈਤਿਕ ਗੁਣਾਂ ਅਤੇ ਆਚਾਰ ਵਿਹਾਰ ਨੂੰ ਅਪਣਾਉਣ ਦੀ ਸਿੱਖਿਆ ਦਿੱਤੀ ਹੈ। ਗੁਰੂ ਨਾਨਕ ਸਾਹਿਬ ਨੇ ਪੰਡਿਤਾਂ (ਹਰਿਦੁਆਰ), ਧਨਾਢਾਂ (ਮਲਿਕ ਭਾਗੋ, ਏਮਨਾਬਾਦ), ਰਾਕਸ਼ਾਂ (ਮੱਧ ਪ੍ਰਦੇਸ਼), ਜਾਦੂਗਰਨੀਆਂ (ਕਾਮਰੂਪ), ਠੱਗਾਂ (ਤੁਲੰਬਾ), ਨਾਥ ਜੋਗੀਆਂ (ਹਿਮਾਲਾ ਪਰਬਤ) ਨੂੰ ਸਹਿਜ ਯੋਗ ਵਿਚ ਰਹਿਣ ਅਤੇ ਦਿਖਾਵੇਬਾਜ਼ੀ ਤੋਂ ਨਿਰਲੇਪ ਰਹਿਣ ਦੀ ਪ੍ਰੇਰਨਾ ਦਿੱਤੀ ਸੀ ਜੋ ਮਨੁੱਖ ਨੂੰ ਸ਼ਾਂਤੀ ਅਤੇ ਸਕੂਨ ਪ੍ਰਦਾਨ ਕਰਨ ਦੀ ਵਿਧੀ ਹੈ। ਪਰ ਪੂੰਜੀਵਾਦੀ ਯੁੱਗ ਨੇ ਸਭ ਕੁਝ ਭੁਲਾ ਦਿੱਤਾ ਹੈ। ਇਥੋਂ ਤੱਕ ਕਿ ਜਿਹੜੇ ਸੰਤ, ਉਪਦੇਸ਼ਕ, ਵਿਚਾਰਕ ਅਤੇ ਚਿੰਤਕ ਇਸ ਤਰ੍ਹਾਂ ਦੀਆਂ ਸਿੱਖਿਆਵਾਂ ਦਿੰਦੇ ਵੀ ਹਨ ਅਤੇ ਜਿਨ੍ਹਾਂ ਨੂੰ ਸੁਣਨ ਲਈ ਹਜ਼ਾਰਾਂ ਸਰੋਤੇ ਇਕੱਤਰ ਹੁੰਦੇ ਹਨ, ਉਹ ਖ਼ੁਦ ਵੀ ਈਰਖਾ, ਕ੍ਰੋਧ ਅਤੇ ਨਫ਼ਰਤ ਦੇ ਕਾਰਨ ਬੰਦੂਕਧਾਰੀ ਅੰਗ-ਰੱਖਿਅਕਾਂ ਦੀ ਇਕ ਟੁਕੜੀ ਆਪਣੇ ਨਾਲ ਲੈ ਕੇ ਚਲਦੇ ਹਨ। ਮਸਤ ਰਹਿਣਾ ਕੋਈ ਸੌਖੀ ਖੇਡ ਨਹੀਂ ਰਹੀ।
-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136
ਜਦੋਂ ਜਾਗੋ ਉਦੋਂ ਸਵੇਰਾ
ਲੇਖਕ : ਐਸ. ਕੇ. ਅਗਰਵਾਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 75089-20001
ਪੰਜਾਬੀ ਨਿਬੰਧਕਾਰੀ 'ਚ ਕਈ ਨਵੀਆਂ ਕਲਮਾਂ ਨੇ ਸਮਕਾਲੀ ਸਮੱਸਿਆਵਾਂ ਨੂੰ ਵਾਰਤਕ ਰਾਹੀਂ ਪੇਸ਼ ਕਰਨ ਦਾ ਚੰਗਾ ਉੱਦਮ ਪ੍ਰਾਰੰਭ ਕੀਤਾ ਹੈ। ਇਸ ਪਾਸੇ ਸਾਬਕਾ ਜੱਜ ਅਤੇ ਹੁਣ ਉੱਚ-ਅਧਿਕਾਰੀ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਲੋਕ-ਹਿਤਕਾਰੀ ਸ੍ਰੀ ਐਸ. ਕੇ. ਅਗਰਵਾਲ ਦੀ ਪਲੇਠੀ ਲੇਖ-ਰਚਨਾ 'ਜਦੋਂ ਜਾਗੋ ਉਦੋਂ ਸਵੇਰਾ' ਪਾਠਕਾਂ ਦੇ ਸਨਮੁੱਖ ਹੋਈ ਹੈ। ਆਪਣੇ ਮਾਪਿਆਂ ਨੂੰ ਸਮਰਪਿਤ ਅਤੇ ਮਾਂ-ਬੋਲੀ ਪੰਜਾਬੀ ਨੂੰ ਪ੍ਰਣਾਈ ਇਹ ਪੁਸਤਕ ਕਈ ਪੱਖਾਂ ਤੋਂ ਨਿਵੇਕਲੀ ਹੈ। 29 ਲੇਖ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਹਨ ਅਤੇ ਭਾਸ਼ਾ ਸਰਲ ਤੇ ਸਪੱਸ਼ਟ ਹੈ, ਰੌਚਿਕ ਹੈ। ਇਨਸਾਫ਼ ਕਰਨ ਵਾਲੀ ਕੁਰਸੀ ਨਾਲ ਜਿਥੇ ਸ੍ਰੀ ਅਗਰਵਾਲ ਨੇ ਸ਼ੋਭਾ ਖੱਟੀ ਹੈ, ਉਥੇ ਸਾਹਿਤ ਜਗਤ ਵਿਚ ਸਬੂਤੇ-ਕਦਮੀ ਪੈਰ ਪੁੱਟਿਆ। ਅਜਿਹਾ ਪਹਿਲਾ ਗਜ਼ਟਿਡ ਅਧਿਕਾਰੀ ਹੈ ਜੋ ਆਪਣੇ ਲੋਕਾਂ ਦੇ ਫ਼ੈਸਲੇ ਪੰਜਾਬੀ ਮਾਂ-ਬੋਲੀ ਵਿਚ ਕਰਦਾ ਸੀ, ਸੁਣਦਾ ਤੇ ਸੁਣਾਉਂਦਾ ਸੀ ਅਤੇ ਆਪ ਆਪਣੀ ਕਲਮ ਨਾਲ ਲਿਖਦਾ ਸੀ, 'ਮਾਖਿਓਂ ਮਿੱਠੀ ਪੰਜਾਬੀ ਡਿੱਠੀ' (ਪੰਨਾ 36) ਲੇਖ ਇਸ ਗੱਲ ਦੀ ਤਸਦੀਕ ਕਰਦਾ ਹੈ। ਲੇਖਕ ਜ਼ੋਰ ਦੇ ਕੇ ਆਖਦਾ ਹੈ, 'ਮਾਂ, ਮਮਤਾ, ਮੁਹੱਬਤ ਅਤੇ ਮਾਂ-ਬੋਲੀ ਤੋਂ ਬਿਨਾਂ ਜ਼ਿੰਦਗੀ ਨੀਰਸ ਹੈ। ਮਾਂ-ਬੋਲੀ-ਆਤਮਾ ਨੂੰ ਸ਼ੁੱਧ ਰੱਖਦੀ ਹੈ। ਮੇਰੇ ਜੱਜ ਬਣਨ 'ਚ ਪੰਜਾਬੀ ਮਾਂ-ਬੋਲੀ ਦੀ ਅਹਿਮ ਭੂਮਿਕਾ ਹੈ।' 'ਮੇਰੇ ਵਲੋਂ' ਰਚਨਾ 'ਚ ਲੇਖਕ ਹੋਰ ਵੀ ਗੂੜ੍ਹੇ ਸ਼ਬਦਾਂ 'ਚ ਆਖਦਾ : ਮੇਰੀ ਇਕ ਨਿਮਾਣੀ ਜਿਹੀ ਕੋਸ਼ਿਸ਼ ਹੈ ਕਿ ਮਨੁੱਖੀ ਜੀਵਨ ਦੇ ਵੱਖ-ਵੱਖ ਰੰਗਾਂ ਨੂੰ ਸ਼ਬਦਾਂ ਰਾਹੀਂ ਚਿਤਰਦਿਆਂ ਮੇਰੀ ਬੋਲੀ ਮੇਰੇ ਪਿੰਡ ਦੇ ਲੋਕਾਂ ਵਾਂਗ ਬਿਲਕੁਲ ਸਾਦੀ ਰਹੇ।' ਗੁਰੂ ਦੀ ਮਹਿਮਾ, ਆਓ ਸਿੱਖੀਏ ਸਿਖਾਈਏ, ਜਦੋਂ ਕੁਰਸੀ ਰੋ ਪਈ, ਪਿੰਡ ਦੀ ਸੱਥ, ਬਜ਼ੁਰਗਾਂ ਦਾ ਸਤਿਕਾਰ, ਬੋਲਣ ਦੀ ਕਲਾ, ਕਥਨੀ ਤੇ ਕਰਨੀ, ਸਕਾਰਾਤਮਿਕਤਾ, ਫਰਕ, ਨਸ਼ਾ ਕਿ ਨਾਸ਼, ਪਿਆਰ ਦਾ ਸਾਗਰ ਮਾਂ, ਰੁੱਖਾਂ ਵੱਲ ਰੁੱਖ, ਮਿੱਤਰਤਾ, ਮੇਰੇ ਪਿਤਾ ਜੀ, ਫ਼ੈਸਲਾ ਤੇ ਸਕੂਲ, ਨਾਰੀ ਸ਼ਕਤੀ, ਰਿਸ਼ਤਿਆਂ ਦਾ ਘਾਣ, ਸਮਾਧਾਨ ਆਦਿਕ ਵਿਸ਼ਿਆਂ ਨੂੰ ਆਪਣੇ ਜੀਵਨ ਤਜਰਬਿਆਂ ਰਾਹੀਂ ਵਰਨਣ ਕੀਤਾ ਗਿਆ ਹੈ। ਸਿਆਣਿਆਂ ਦੀਆਂ ਦੱਸੀਆਂ ਘਟਨਾਵਾਂ, ਕਥਾਵਾਂ ਰਾਹੀਂ ਬਾਤਾਂ ਸੁਣਾਉਣ ਦੀ ਵਿਧੀ ਵਰਗੀ ਸ਼ੈਲੀ ਵਰਤੀ ਹੈ। ਲੋੜ ਅਨੁਸਾਰ ਕਾਵਿ-ਟੁਕੜੀਆਂ, ਪ੍ਰਵਚਨ, ਅਖੌਤਾਂ ਤੇ ਮੁਹਾਵਰਿਆਂ ਨੂੰ ਢੁਕਵੇਂ ਢੰਗ ਨਾਲ ਵਰਤਿਆ ਗਿਆ। ਬਹੁਤ ਸਾਰੇ ਫ਼ੈਸਲੇ, ਸਮੱਸਿਆਵਾਂ ਅਤੇ ਔਕੜਾਂ ਨੂੰ ਲੇਖਕ ਨੇ ਆਪਣੀ ਉਸਾਰੂ ਦ੍ਰਿਸ਼ਟੀ ਨਾਲ ਹੱਲ ਕਰ ਕੇ ਕ੍ਰਿਸ਼ਮਾ ਕਰ ਵਿਖਾਇਆ। ਇਹ ਵਿਸ਼ੇ ਸਮਾਜਿਕ ਸਰੋਕਾਰਾਂ ਵਾਲੇ ਹਨ। ਸਮਾਜ ਨੂੰ ਚੰਗੇਰਾ, ਰਹਿਣਯੋਗ ਤੇ ਖ਼ੁਸ਼ਹਾਲ ਬਣਾਉਣ ਲਈ ਇਹ ਲੇਖ ਸ਼ਾਨਦਾਰ ਭੂਮਿਕਾ ਨਿਭਾਉਣ ਵਾਲੇ ਹਨ। ਪੁਸਤਕ ਦੇ ਅੰਤ 'ਚ ਸਾਰੰਸ਼ ਵਜੋਂ 12 ਪੰਨਿਆਂ 'ਤੇ ਰੌਚਿਕ ਸਵਾਲ-ਜਵਾਬ ਦਿੱਤੇ ਗਏ ਹਨ। ਕਈ ਵਾਕ ਕਥਨਾਂ ਵਰਗੇ ਹਨ ਜਿਵੇਂ ਮਾਂ ਰੱਬ ਵਰਗੀ ਨਹੀਂ ਸਗੋਂ ਰੱਬ ਮਾਂ ਵਰਗਾ ਹੁੰਦਾ ਹੈ। ਅਜਿਹੀ ਲਿਖਤ ਨੂੰ ਮੁਬਾਰਕ! ਪੁਸਤਕ ਦਾ ਨਾਂਅ ਸੰਦੇਸ਼ ਪਰੁੰਨਾ ਹੈ। ਲੇਖਕ ਦਾ ਗਿਆਨ ਵਸੀਹ ਹੈ, ਉਸ ਨੇ ਪੰਜਾਬੀ-ਲੋਕ-ਸਾਹਿਤ ਦੀਆਂ ਸਿਆਣਪਾਂ ਰਾਹੀਂ ਆਪਣੇ ਵਿਸ਼ੇ ਨੂੰ ਪ੍ਰਭਾਵੀ ਬਣਾਉਣ ਲਈ ਰਾਜੇ-ਮਹਾਰਾਜੇ, ਪੰਛੀ, ਜਾਨਵਰਾਂ ਦੀਆਂ ਮਿਸਾਲਾਂ ਦਿੱਤੀਆਂ ਹਨ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਜ਼ਿੰਦਗੀ ਦੀ ਪੂੰਜੀ
ਲੇਖਕ : ਮਹਿੰਦਰ ਸਿੰਘ ਮਾਨ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼, ਬਠਿੰਡਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 99158-03554
ਸ਼ਾਇਰ ਮਹਿੰਦਰ ਸਿੰਘ ਮਾਨ ਹਥਲੀ ਕਾਵਿ-ਕਿਤਾਬ 'ਜ਼ਿੰਦਗੀ ਦੀ ਪੂੰਜੀ' ਤੋਂ ਪਹਿਲਾਂ ਵੀ ਚਾਰ ਕਾਵਿ-ਸੰਗ੍ਰਹਿ 'ਚੜ੍ਹਿਆ ਸੂਰਜ', 'ਪੁਲ ਅਤੇ ਖਾਰ', 'ਸੂਰਜ ਦੀਆਂ ਕਿਰਨਾਂ', 'ਖਜ਼ਾਨਾ', 'ਸੂਰਜ ਹਾਲੇ ਡੁੱਬਿਆ ਨਹੀਂ' ਅਤੇ ਇਕ ਗ਼ਜ਼ਲ ਸੰਗ੍ਰਹਿ 'ਮਘਦਾ ਸੂਰਜ' ਨਾਲ ਪੰਜਾਬੀ ਸ਼ਾਇਰੀ ਦੇ ਰੂਬਰੂ ਹੋ ਚੁੱਕਿਆ ਹੈ। ਸ਼ਾਇਰ ਪਿੰਡ ਰੱਕੜਾਂ ਢਾਹਾਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਸੇਵਾਮੁਕਤ ਮੁੱਖ ਅਧਿਆਪਕ ਹੈ। ਇਸ ਸੰਗ੍ਰਹਿ ਵਿਚ 54 ਕਵਿਤਾਵਾਂ, 49 ਬੋਲੀਆਂ ਅਤੇ 26 ਗ਼ਜ਼ਲਾਂ ਹਨ, ਜੋ ਜ਼ਿੰਦਗੀ ਜਿਊਣ ਦੀਆਂ ਰਮਜ਼ਾਂ, ਸਮਝਾਉਣੀਆਂ ਅਤੇ ਜ਼ਿੰਦਗੀ ਦੀ ਪੂੰਜੀ ਨੂੰ ਕਮਾਉਣ ਤੇ ਖਾਣ-ਖਰਚਣ ਦੀਆਂ ਅਧਿਆਪਕੀ ਸੇਧਾਂ ਸਾਰਾਂ ਨੂੰ 96 ਸਫਿਆਂ ਤੱਕ ਕਵਿਤਾਇਆ ਹੈ। ਸ਼ਾਇਰ ਉਮਰ ਦੀਆਂ ਤਿਰਕਾਲਾਂ ਤੱਕ ਪਹੁੰਚ ਚੁੱਕਿਆ ਹੈ, ਜਿਸ ਕੋਲੋਂ ਜੀਵਨ ਭਰ ਦੇ ਔਝੜ ਰਾਹਾਂ ਸੰਮਤੀਆਂ ਦੀ ਫਲਸਫਾਨਾ ਪਹੁੰਚ ਦੀ ਉਮੀਦ ਸੀ ਪਰ ਸ਼ਾਇਰ ਹਾਲ ਦੀ ਘੜੀ ਆਮਦ ਤੇ ਆਬੁਰਦ ਦੇ ਤ੍ਰਿਸ਼ੰਕੂ ਵਿਚਕਾਰ ਹੀ ਸ਼ਾਬਦਿਕ ਪਰਿਕਰਮਾ ਕਰ ਰਿਹਾ ਹੈ। ਸ਼ਾਇਰ ਕਿਸੇ ਸ਼ਾਬਦਿਕ ਜਿਮਨਾਸਟ ਦੀਆਂ ਕਲਾਬਾਜ਼ੀ ਤੋਂ ਵਿਥ ਸਿਰਜ ਕੇ ਸਪੱਸ਼ਟ ਗੱਲ ਕਹਿਣ ਵਿਚ ਵਿਸ਼ਵਾਸ ਰੱਖਦਾ ਹੈ। ਸ਼ਾਇਰ ਰੁੱਖ ਲਗਾਓ, ਕੁੱਖ ਬਚਾਓ ਵਰਗੇ ਸ਼ਾਬਦਿਕ ਕਾਵਿ ਧਰਮ ਨਾਲ ਕਲਮ ਅਜ਼ਮਾਈ ਕਰ ਰਿਹਾ ਹੈ। ਸ਼ਾਇਰ ਸਿਆਸਤਦਾਨਾਂ ਦੇ ਵੋਟਰ ਬਟੋਰੂ ਕਿਰਦਾਰ ਨੂੰ ਚੁਰਸਤੇ ਵਿਚ ਨੰਗਿਆਂ ਕਰਦਾ ਹੈ ਕਿ ਕਿਵੇਂ ਉਹ ਵੋਟਾਂ ਤੋਂ ਪਹਿਲਾਂ ਲਾਰਿਆਂ ਦੇ ਲੌਲੀਪਾਪ ਦਿੰਦੇ ਹਨ ਪਰ ਬਾਅਦ ਵਿਚ ਇਸ ਤਰ੍ਹਾਂ ਅੱਖਾਂ ਫੇਰ ਲੈਂਦੇ ਹਨ ਤੇ ਆਪਣੇ ਸਮਰਥਕਾਂ ਨੂੰ ਪਹਿਚਾਣਨ ਤੋਂ ਵੀ ਮੁਨਕਰ ਹੋ ਜਾਂਦੇ ਹਨ। ਸ਼ਾਇਰ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦਾ ਜ਼ਿਕਰ ਕਰਕੇ ਅੱਜ ਦੇ ਸਿਰਫ਼ ਬਾਣੇ ਦੇ ਭੇਖੀ ਸਿੱਖਾਂ ਤੇ ਤਲਵਾਰਾਂ ਦੀ ਵਾਛੜ ਮਾਰਦਾ ਹੈ ਕਿ ਆਧੁਨਿਕਤਾ ਦੀ ਧੁੰਦ ਵਿਚ ਕਿਵੇਂ ਸਿੱਖ ਫਲਸਫੇ ਦੇ ਤਿੰਨ ਅਸੂਲਾਂ 'ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ' ਦੇ ਰਾਹ ਦਸੇਰੇ ਪੰਧ ਤੋਂ ਫਟਕ ਗਏ ਹਨ। ਉਹ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਦੇ ਟੁੱਟਣ ਦੀ ਵੀ ਉਮੀਦ ਲਗਾਈ ਬੈਠਾ ਹੈ ਤਾਂ ਕਿ ਦੋਵਾਂ ਦੇਸ਼ਾਂ ਦੇ ਲੋਕ ਆਪਣੇ ਗੁਰਧਾਮ ਤੇ ਜੰਮਣ ਭੋਇੰ ਦੇ ਖੁੱਲ੍ਹ ਕੇ ਦਰਸ਼ਨ ਕਰ ਸਕਣ। ਸ਼ਾਇਰ ਅੱਜ ਦੀ ਆਈ ਆਜ਼ਾਦੀ ਨੂੰ ਸੁਪਨਿਆਂ ਦੀ ਆਜ਼ਾਦੀ ਨਹੀਂ ਮੰਨਦਾ ਜਿਸ ਆਜ਼ਾਦੀ ਨੂੰ ਲਿਆਉਣ ਪਾਤਰ ਕੌਮੀ ਪਰਵਾਨਿਆਂ ਨੇ ਆਪਣੀ ਜਾਨ ਦੀ ਅਹੂਤੀ ਦਿੱਤੀ। ਉਸ ਦੀਆਂ ਬੋਲੀਆਂ ਦੀ ਵੰਨਗੀ ਦਾ ਤੁਸੀਂ ਵੀ ਲੇਖਾ-ਜੋਖਾ ਕਰੋ 'ਮਾਂ ਨੂੰ ਬਿਰਧ ਆਸ਼ਰਮ ਵਿਚ ਛੱਡ ਕੇ, ਪੁੱਤ ਨੂੰਹ ਦੇ ਚਿਹਰੇ ਖਿੜ ਗਏ।' ਅਤੇ 'ਜਿਹਦੇ ਘਰ ਬੈਠੀ ਦੇ ਦੁਖਦੇ ਗੋਡੇ, ਉਹ ਡੇਰੇ ਜਾ ਕੇ ਸੇਵਾ ਕਰਦੀ' ਸ਼ਾਇਰ ਨੂੰ ਚਾਹੀਦਾ ਹੈ ਕਿ ਸਿੱਧ ਪੱਧਰੀ ਸ਼ਾਇਰੀ ਨੂੰ ਛੱਡ ਕੇ ਸਮਕਾਲੀ ਸ਼ਾਇਰੀ ਦੇ ਅੰਗੀਕਾਰ ਹੋਣ ਲਈ ਆਧੁਨਿਕ ਸ਼ਾਇਰੀ ਦਾ ਨਿੱਠ ਕੇ ਅਧਿਐਨ ਕਰੇ ਤਾਂ ਕਿ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਦੀ ਆਮਦ ਹੋਵੇ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਸਰਸਵਤੀ ਲਾਇਬਰੇਰੀ
ਲੇਖਿਕਾ : ਡਾ. ਰਵਨੀਤ ਧਾਲੀਵਾਲ
ਪ੍ਰਕਾਸ਼ਕ : ਪੈਪਸੂ ਪਬਲੀਕੇਸ਼ਨ, ਪਟਿਆਲਾ
ਮੁੱਲ : 120 ਰੁਪਏ, ਸਫ਼ੇ : 48
ਸੰਪਰਕ : 97794-85859
ਅਜੋਕੇ ਸਮੇਂ ਵਿਚ ਲਾਇਬ੍ਰੇਰੀਆਂ ਵਿਚ ਜਾ ਕੇ ਪੁਸਤਕਾਂ-ਰਸਾਲੇ ਆਦਿ ਪੜ੍ਹਨ ਦੀ ਪ੍ਰਵਿਰਤੀ ਮੱਠੀ ਪੈਂਦੀ ਜਾ ਰਹੀ ਹੈ ਜਿਸ ਕਰਕੇ ਬਾਲ ਮਾਨਸਿਕਤਾ ਪੱਛਮੀ ਸੱਭਿਆਚਾਰ ਅਤੇ ਸੋਸ਼ਲ ਮੀਡੀਆ ਦੀ ਗ੍ਰਿਫ਼ਤ ਵਿਚ ਆ ਕੇ ਆਪਣੇ ਮੁੱਲਵਾਨ ਪੰਜਾਬੀ ਪਿਛੋਕੜ ਨੂੰ ਤਿਲਾਂਜਲੀ ਦੇ ਰਹੀ ਹੈ। ਅਜਿਹੀ ਹੀ ਸੰਕਟਕਾਲੀਨ ਅਵਸਥਾ ਵਿਚ ਕੁਝ ਕਲਮਕਾਰ ਨਵੀਂ ਪੀੜ੍ਹੀ ਨੂੰ ਪੁਸਤਕ-ਸੱਭਿਆਚਾਰ ਨਾਲ ਜੋੜਨ ਲਈ ਪ੍ਰਯਤਨਸ਼ੀਲ ਹਨ। ਇਸ ਸੰਦਰਭ ਵਿਚ ਡਾ. ਰਵਨੀਤ ਧਾਲੀਵਾਲ ਦੀ ਕਾਵਿ ਪੁਸਤਕ 'ਸਰਸਵਤੀ ਲਾਇਬਰੇਰੀ' ਮੇਰੇ ਸਨਮੁੱਖ ਹੈ ਜੋ ਬੁਨਿਆਦੀ ਤੌਰ 'ਤੇ ਬਾਲ ਪਾਠਕ ਵਰਗ ਨੂੰ ਪੰਜਾਬੀ ਭਾਸ਼ਾ, ਸਾਹਿਤ, ਸਿੱਖਿਆ ਅਤੇ ਪ੍ਰਕਿਰਤਕ ਵਰਤਾਰਿਆਂ ਤੋਂ ਜਾਣੂ ਕਰਵਾਉਂਦੀ ਹੈ। ਇਸ ਪੁਸਤਕ ਵਿਚ ਜਿੱਥੇ ਪੂਰਬੀ-ਪੱਛਮੀ ਮੁਲਕਾਂ ਦੇ ਵੰਨ-ਸੁਵੰਨੇ ਲੇਖਕਾਂ ਦੀਆਂ ਪੁਸਤਕਾਂ ਸੁਸ਼ੋਭਿਤ ਹਨ ਉਥੇ ਹੀ ਵਿਦਿਆਰਥੀ-ਵਰਗ ਲਈ ਸਿਰਜਣਾਤਮਕ ਵਾਤਾਵਰਨ ਸਿਰਜਿਆ ਵਿਖਾਈ ਦਿੰਦਾ ਹੈ। ਜੇਕਰ ਇਸ ਪੁਸਤਕ ਵਿਚਲੀਆਂ ਕਵਿਤਾਵਾਂ ਦੀ ਵਿਸ਼ੈ-ਵਸਤੂ ਦੇ ਨਜ਼ਰੀਏ ਤੋਂ ਆਧਾਰ ਵੰਡ ਕਰਕੇ ਵੇਖਿਆ ਜਾਵੇ ਤਾਂ ਚੰਦਰਮਾ, ਸੂਰਜ, ਮੇਰਾ ਬਗੀਚਾ, ਆ ਗਈ ਹੁਸੀਨ ਬਸੰਤ, ਬਰਸਾਤ ਦਾ ਮੌਸਮ, ਅਮਰੂਦ ਦਾ ਦਰੱਖ਼ਤ ਆਦਿ ਕਵਿਤਾਵਾਂ ਕੁਦਰਤ ਦੀ ਖ਼ੂਬਸੂਰਤੀ ਦੇ ਝਲਕਾਰੇ ਮਾਰਦੀਆਂ ਅਨੁਭਵ ਹੁੰਦੀਆਂ ਹਨ। ਦੂਜੇ ਪਾਸੇ 'ਸਰਸਵਤੀ ਲਾਇਬਰੇਰੀ', 'ਮੇਰਾ ਪੈਨ', 'ਪੀਹੂ ਦਾ ਸਕੂਲ ਬੈਗ', 'ਰੂਹੀ ਦੀ ਕਿਤਾਬ' ਅਤੇ 'ਮਿਊਜ਼ਿਕ ਟੀਚਰ' ਕਵਿਤਾਵਾਂ ਸਾਹਿਤਕ ਅਤੇ ਵਿੱਦਿਅਕ ਚੌਗਿਰਦੇ ਦਾ ਨਿਰਮਾਣ ਕਰਦੀਆਂ ਵਿਖਾਈ ਦਿੰਦੀਆਂ ਹਨ। ਇਸੇ ਪ੍ਰਕਾਰ ਕੁਝ ਫੁਟਕਲ ਕਵਿਤਾਵਾਂ ਜਿਵੇਂ 'ਸਫ਼ਾਈ', 'ਮੈਂ ਹਾਂ ਪਰੀ', 'ਮੇਰੇ ਕਮਰੇ ਦੀ ਖਿੜਕੀ', 'ਮੇਰਾ ਘਰ ਅਤੇ 'ਮੇਰੀ ਬਿੱਲੀ ਲੂਸੀ' ਆਪਣੇ ਮਨੋਰਥ ਦਾ ਸਾਰਥਿਕ ਸੰਚਾਰ ਕਰਦੀਆਂ ਹਨ। ਇਹ ਖੁੱਲ੍ਹੀਆਂ ਬਾਲ ਕਵਿਤਾਵਾਂ ਹਨ। ਚੰਗਾ ਹੁੰਦਾ ਜੇਕਰ ਇਨ੍ਹਾਂ ਕਵਿਤਾਵਾਂ ਨੂੰ ਤੋਲ ਤੁਕਾਂਤ ਅਤੇ ਲੈਅ ਵਿਚ ਸਿਰਜਿਆ ਜਾਂਦਾ ਕਿਉਂਕਿ ਛੋਟੀ ਆਯੂ ਦੇ ਬੱਚਿਆਂ ਨੂੰ ਲੈਅ-ਤਾਲ ਵਿਚ ਰਚੀਆਂ ਕਵਿਤਾਵਾਂ ਵਧੇਰੇ ਚੰਗੀਆਂ ਲਗਦੀਆਂ ਹਨ ਜਿਵੇਂ ਨਰਸਰੀ ਕਵਿਤਾਵਾਂ। ਖੁੱਲ੍ਹੇ ਅੰਦਾਜ਼ ਦੇ ਨਜ਼ਰੀਏ ਤੋਂ ਨਜ਼ਮ ਪ੍ਰਤੀ ਉਨ੍ਹਾਂ ਦੀ ਅਜੇ ਉਹ ਦਿਲਚਸਪੀ ਅਤੇ ਆਕਰਸ਼ਣ ਨਹੀਂ ਹੁੰਦਾ ਜੋ ਵਡੇਰੀ ਉਮਰ ਦੇ ਪਾਠਕ ਵਰਗ ਦਾ ਹੁੰਦਾ ਹੈ। ਚੰਗਾ ਹੁੰਦਾ ਜੇਕਰ ਹਿੰਦੀ ਉਰਦੂ ਦੇ ਸ਼ਬਦਾਂ 'ਪੰਖ', 'ਝੋਂਕਾ', 'ਚੁਪਕੇ ਚੁਪਕੇ', 'ਨਾ ਜਾਨੇ ਕਿਆ ਕਿਆ', 'ਓੜੀ', 'ਪਨਪ', 'ਰਿਤੂਰਾਜ', 'ਸਰਚਸ਼ਮਾ', 'ਜ਼ਿਹਨ', 'ਨਾਯਾਬ' ਅਤੇ 'ਅਠਖੇਲੀਆਂ' ਆਦਿ ਵਰਗੇ ਸ਼ਬਦਾਂ ਦੀ ਸੌਖੇ ਅਤੇ ਛੇਤੀ ਸਮਝ ਵਿਚ ਆ ਜਾਣ ਵਾਲੇ ਪੰਜਾਬੀ ਸ਼ਬਦਾਂ ਦਾ ਬਦਲ ਦਿੱਤਾ ਜਾਂਦਾ। ਖ਼ੈਰ, ਪ੍ਰਕਿਰਤਕ ਅਤੇ ਵਿੱਦਿਅਕ ਮੁੱਲਾਂ ਨਾਲ ਬੱਚਿਆਂ ਦੀ ਸਾਂਝ ਪੁਆਉਣ ਵਾਲੀ ਇਹ ਪੁਸਤਕ ਪੜ੍ਹਨਯੋਗ ਹੈ। ਕੰਪਿਊਟਰੀਕ੍ਰਿਤ ਚਿੱਤਰ ਕਵਿਤਾਵਾਂ ਨੂੰ ਸਮਝਣ ਵਿਚ ਮਦਦਗਾਰ ਬਣਦੇ ਹਨ। ਲੇਖਿਕਾ ਤੋਂ ਹੋਰ ਮਿਆਰੀ ਬਾਲ ਸਾਹਿਤ ਦੀ ਸਿਰਜਣਾ ਦੀ ਉਮੀਦ ਰੱਖਦਾ ਹਾਂ।\
-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 98144-23703
ਮੈਨੂੰ ਬੁੱਧੂ ਹੋਣਾ ਚਾਹੀਦਾ
ਲੇਖਕ : ਜਸਵੰਤ ਜ਼ਫ਼ਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 120
ਸੰਪਰਕ : 80540-04977
ਜਸਵੰਤ ਜ਼ਫ਼ਰ ਨਿਰੰਤਰ ਲਿਖਣ ਵਾਲੇ ਸਿਰਮੌਰ ਅਤੇ ਸਮਰੱਥ ਕਵੀ ਹਨ। ਵੱਖ-ਵੱਖ ਵਿਧਾਵਾਂ ਵਿਚ ਪ੍ਰਕਾਸ਼ਿਤ ਇਕ ਦਰਜਨ ਪੁਸਤਕਾਂ ਤੋਂ ਬਾਅਦ 'ਮੈਨੂੰ ਬੁੱਧ ਹੋਣਾ ਚਾਹੀਦਾ' ਉਨ੍ਹਾਂ ਦਾ ਬੇਹੱਦ ਖ਼ੂਬਸੂਰਤ ਕਾਵਿ-ਸੰਗ੍ਰਹਿ ਹੈ। ਪਦਾਰਥਵਾਦ ਦੀ ਅੰਨ੍ਹੀ ਦੌੜ ਵਿਚ ਸ਼ਾਮਿਲ ਹੋ ਕੇ ਅਲੱਗ-ਥਲੱਗ ਪਏ ਮਨੁੱਖ ਨੂੰ ਆਪਣੀ ਵਿਸਮਾਦੀ ਅਵਸਥਾ ਨਾਲ ਜੁੜਨ ਲਈ ਇਹ ਪੁਸਤਕ ਵਰਦਾਨ ਸਾਬਤ ਹੋ ਸਕਦੀ ਹੈ। ਮਨੁੱਖ ਜਦੋਂ ਵੀ ਆਪਣੇ ਆਪ ਨੂੰ ਸਮੇਟਦਾ ਹੈ, ਤਾਂ ਉਹ ਵਿਆਪਕ ਹੁੰਦਾ ਹੈ ਅਤੇ ਜਦੋਂ ਵੀ ਬਿੱਖਰਦਾ ਹੈ, ਤਾਂ ਉਹ ਤੁਛ ਹੁੰਦਾ ਹੈ। ਸਿਮਟਣ ਅਤੇ ਬਿੱਖਰਨ ਦਾ ਇਹ ਸਿਲਸਿਲਾ ਨਿਰੰਤਰ ਚਲਦਾ ਹੈ। ਸੰਸਾਰ ਦੇ ਤਮਾਮ ਨਫ਼ੇ-ਨੁਕਸਾਨ ਸਾਡੇ ਬਿੱਖਰਨ ਦਾ ਕਾਰਨ ਹਨ ਅਤੇ ਆਪਣਾ ਮੂਲ ਪਛਾਣਨ ਲਈ ਸਿਮਟਣਾ ਲਾਜ਼ਮੀ ਹੈ। ਜ਼ਫ਼ਰ ਸਾਹਿਬ ਇਸ ਸਮੁੱਚੇ ਵਰਤਾਰੇ ਵਿਚ ਬੁੱਧੀ ਦੀ ਅਹਿਮ ਭੂਮਿਕਾ ਨੂੰ ਜਾਣਦੇ ਹਨ। ਬੁੱਧੀ ਆਪਣੇ ਸੁਭਾਅ ਤੋਂ ਹੀ ਸਵਾਰਥੀ ਹੈ। ਉਹ ਆਪਣੇ ਹੀ ਹਿਤ ਬਾਰੇ ਸੋਚਦੀ, ਸਮਝਦੀ ਅਤੇ ਕਰਦੀ ਹੈ। ਇਸ ਪ੍ਰਕਿਰਿਆ ਵਿਚ ਉਸ ਦਾ ਟਕਰਾਅ ਅੰਦਰਲੀ ਆਵਾਜ਼ ਨਾਲ ਵੀ ਹੁੰਦਾ ਹੈ, ਜਿੱਥੇ ਸਰਬੱਤ ਦੇ ਭਲੇ ਦਾ ਸਿਧਾਂਤ ਉੱਸਰਦਾ ਹੈ। ਜਦੋਂ ਜਦੋਂ ਵੀ ਸਾਡੀ ਬੁੱਧੀ ਅੰਦਰਲੀ ਆਵਾਜ਼ ਨਾਲ ਇਕਸੁਰ ਹੁੰਦੀ ਹੈ, ਉਹ ਬੁੱਧਾਂ ਨੂੰ ਜਨਮ ਦਿੰਦੀ ਹੈ, ਕਲਿਆਣਕਾਰੀ ਹੁੰਦੀ ਹੈ ਅਤੇ ਅੰਦਰਲੀ ਆਵਾਜ਼ ਨਾਲੋਂ ਟੁੱਟੀ ਬੁੱਧੀ ਹਮੇਸ਼ਾ ਵਿਨਾਸ਼ਕਾਰੀ ਰਹੀ ਹੈ।
ਜਸਵੰਤ ਜ਼ਫ਼ਰ ਦੀ ਕਵਿਤਾ ਨੂੰ ਵਾਰ-ਵਾਰ ਪੜ੍ਹਨ ਉਪਰੰਤ ਪਾਠਕ ਨੂੰ ਜੋ ਸੋਝੀ ਹੁੰਦੀ ਹੈ, ਉਹ ਉਸ ਨੂੰ ਸਾਰੀਆਂ ਘੁੰਮਣਘੇਰੀਆਂ ਵਿਚੋਂ ਕੱਢ ਕੇ ਸ਼ਾਂਤ, ਸਹਿਜ ਅਤੇ ਅਡੋਲ ਅਵਸਥਾ ਵਿਚ ਲੈ ਜਾਂਦੀ ਹੈ। ਫਿਰ ਉਸ ਨੂੰ ਕੋਈ ਬਾਹਰੀ ਕਾਰਨ ਪ੍ਰੇਸ਼ਾਨ ਕਰ ਸਕਣ ਦੇ ਸਮਰੱਥ ਨਹੀਂ ਰਹਿੰਦਾ ਕਿਉਂਕਿ ਹੁਣ ਉਸ ਦੀ ਖ਼ੁਸ਼ੀ ਆਪਣੀ ਹੁੰਦੀ ਹੈ, ਸਦੀਵੀ ਹੁੰਦੀ ਹੈ। ਆਮ ਪੁਸਤਕਾਂ ਵਾਂਗ ਕੇਵਲ ਕੇਵਲ ਅੱਖਰੀ ਪਾਠ ਸ਼ਾਇਦ ਇਸ ਪੁਸਤਕ ਨੂੰ ਸਮਝਣ ਵਿਚ ਸਾਰਥਿਕ ਨਾ ਰਹੇ ਪਰ ਮੇਰਾ ਖ਼ਿਆਲ ਹੈ ਕਿ ਜੇਕਰ ਇਸ ਦੇ ਅਸਲੀ ਤੱਤ ਨੂੰ ਮਾਣਨਾ ਹੈ, ਤਾਂ ਪੁਸਤਕ ਨੂੰ ਡੁੱਬ ਕੇ ਪੜ੍ਹਨਾ ਪਵੇਗਾ। ਜ਼ਫ਼ਰ ਸਾਹਿਬ ਦੇ ਇਸ ਉਪਰਾਲੇ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਉਨੀ ਘੱਟ ਮਹਿਸੂਸ ਹੁੰਦੀ ਹੈ।
-ਕਰਮ ਸਿੰਘ ਜ਼ਖ਼ਮੀ
ਸੰਪਰਕ: 98146-28027
ਬਲਦੇਵ ਸਿੰਘ ਸੜਕਨਾਮਾ ਦਾ ਨਾਵਲ
ਜਿਉਣਾ ਮੌੜ
ਸੰਪਾਦਕ : ਡਾ. ਸਿਮਰਨ ਕੌਰ ਸੇਠੀ ਅਤੇ ਮਨਪ੍ਰੀਤ ਕੌਰ ਧਾਲੀਵਾਲ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨ, ਬਠਿੰਡਾ
ਮੁੱਲ : 274 ਰੁਪਏ, ਸਫ਼ੇ : 165
ਸੰਪਰਕ : 95928-87628
ਜਿਉਣਾ ਮੌੜ ਨਾਵਲ ਦਾ ਲੇਖਕ ਆਪਣੇ ਨਾਵਲਾਂ ਰਾਹੀਂ ਉਨ੍ਹਾਂ ਦੇ ਮੁੱਖ ਪਾਤਰਾਂ ਦੀ ਜੀਵਨ ਗਾਥਾ ਨੂੰ ਵੱਖਰੇ ਅੰਦਾਜ਼ ਵਿਚ ਪੇਸ਼ ਕਰਕੇ ਉਸ ਦੇ ਸੱਚ ਨੂੰ ਪਾਠਕਾਂ ਦੇ ਰੂਬਰੂ ਕਰਵਾਉਣ ਵਾਲੇ ਬਲਦੇਵ ਸਿੰਘ ਸੜਕਨਾਮਾ ਦੀ ਪੰਜਾਬੀ ਭਾਸ਼ਾ ਦੇ ਸਾਹਿਤ ਦੇ ਖੇਤਰ ਵਿਚ ਨਿਵੇਕਲੀ ਪਹਿਚਾਣ ਹੈ। ਵੱਖ-ਵੱਖ ਸਾਹਿਤਕ ਮੰਚਾਂ 'ਤੇ ਇਸ ਨਾਵਲ ਬਾਰੇ ਪੜ੍ਹੇ ਗਏ ਖੋਜ ਪੱਤਰਾਂ ਨੂੰ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਚਰਚਿਤ 15 ਵਿਦਵਾਨਾਂ ਵਲੋਂ ਮੁਲਾਂਕਣ ਵਜੋਂ ਪੁਸਤਕ ਦੇ ਰੂਪ ਵਿਚ ਰੂਪਮਾਨ ਕੀਤਾ ਗਿਆ ਹੈ। ਲੇਖਕ ਇਤਿਹਾਸ ਨੂੰ ਸਾਂਭੀ ਬੈਠੇ ਇਸ ਨਾਵਲ ਦੇ ਮੁੱਖ ਪਾਤਰ ਜਿਉਣੇ ਮੋੜ ਦੇ ਜੀਵਨ ਬਿਰਤਾਂਤ ਦੀ ਗੱਲ ਹੀ ਨਹੀਂ ਕਰਨਾ ਚਾਹੁੰਦਾ ਸਗੋਂ ਮਜ਼ਲੂਮ, ਲਤਾੜੇ ਹੋਏ, ਸ਼ੋਸ਼ਿਤ ਕੀਤੇ ਜਾ ਰਹੇ ਅਤੇ ਗ਼ਰੀਬੀ ਦਾ ਸੰਤਾਪ ਭੋਗ ਰਹੇ ਉਸ ਵਰਗ ਦੀ ਬਾਤ ਪਾਉਣਾ ਚਾਹੁੰਦਾ ਹੈ, ਜਿਸਨੂੰ ਉਸ ਸਮੇਂ ਦੀ ਹਕੂਮਤ ਅਤੇ ਪੂੰਜੀਪਤੀਆਂ ਨੇ ਆਪਣੇ ਅੱਤਿਆਚਾਰ ਨਾਲ ਵਿਦਰੋਹ ਕਰਨ ਲਈ ਮਜਬੂਰ ਕੀਤਾ। ਜਿਉਣਾ ਮੌੜ ਤਿਲ ਤਿਲ ਕਰਕੇ ਸਮਾਜ 'ਚ ਵੰਡਿਆ ਹੋਇਆ ਨਜ਼ਰ ਆਉਂਦਾ ਹੈ ਤੇ ਅਜੋਕੇ ਸਮੇਂ 'ਚ ਵੀ ਉਹ ਵਿਖਾਈ ਦਿੰਦਾ ਹੈ। ਦੂਜੇ ਇਤਿਹਾਸਕ ਨਾਵਲਾਂ ਦੀ ਤਰਜ਼ 'ਤੇ ਬਲਦੇਵ ਸਿੰਘ ਸੜਕਨਾਮਾ ਵਲੋਂ ਨਾਵਲ ਜਿਉਣਾ ਮੋੜ ਦੇ ਮੁੱਖ ਪਾਤਰ ਜਿਉਣਾ ਮੌੜ ਦੀ ਜ਼ਿੰਦਗੀ ਦੇ ਇਕ ਕਿਰਤੀ ਤੋਂ ਉਸ ਸਮੇਂ ਦੀ ਹਕੂਮਤ ਦੇ ਵਿਰੁੱਧ ਬਗ਼ਾਵਤ ਕਰਕੇ ਲੋਕ ਨਾਇਕ ਬਣਨ ਦੇ ਸਫ਼ਰ ਦੇ ਬਿਰਤਾਂਤ ਨੂੰ ਇਕ ਵੱਖਰੇ ਅੰਦਾਜ਼ 'ਚ ਨਾਵਲ ਦੇ ਰੂਪ 'ਚ ਰੂਪਮਾਨ ਕਰਕੇ ਪਾਠਕਾਂ ਤੱਕ ਪਹੁੰਚਾਉਣਾ, ਉਸ ਦੀ ਸਿਫਤੀ ਸਾਹਿਤਕ ਪ੍ਰਾਪਤੀ ਹੈ।
ਜਿਉਣਾ ਮੌੜ ਨਾਵਲ ਬਾਰੇ ਵੱਖਰੇ ਵੱਖਰੇ ਸਾਹਿਤਕ ਮੰਚਾਂ 'ਤੇ ਹੋਏ ਵਿਚਾਰ ਵਟਾਂਦਰੇ ਅਤੇ ਪੜ੍ਹੇ ਖੋਜ ਪੱਤਰਾਂ ਨੂੰ ਗਿਆਨ ਦਾ ਭੰਡਾਰ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਪ੍ਰਬੁੱਧ ਮਾਹਿਰਾਂ ਵਲੋਂ ਆਪਣੇ ਅਨੁਭਵ ਦੇ ਆਧਾਰ ਉੱਤੇ 'ਜਿਉਣਾ ਮੌੜ ਨਾਵਲ ਇਕ ਮੁਲਾਂਕਣ' ਸਿਰਲੇਖ ਹੇਠ ਪੁਸਤਕ ਦੇ ਰੂਪ 'ਚ ਪੇਸ਼ ਕਰਨ ਨਾਲ ਬਲਦੇਵ ਸਿੰਘ ਸੜਕਨਾਮਾ ਦੇ ਇਸ ਸਾਹਿਤਕ ਉਪਰਾਲੇ ਨੂੰ ਹੋਰ ਹੁੰਘਾਰਾ ਮਿਲੇਗਾ। ਖੋਜ ਪੱਤਰਾਂ ਤੋਂ ਉਪਜੀ ਇਸ ਪੁਸਤਕ 'ਚ 15 ਵਿਦਵਾਨਾਂ ਨੇ ਆਪਣੇ ਆਪਣੇ ਦ੍ਰਿਸ਼ਟੀਕੋਣ ਤੋਂ ਜਿਉਣੇ ਮੌੜ ਦੇ ਕਿੱਸੇ ਦਾ ਗਲਪੀ ਰੂਪਾਂਤਰਣ ਕਰਦਿਆਂ ਇਹ ਦਰਸਾਇਆ ਹੈ ਕਿ ਨਾਵਲ ਦੇ ਲੇਖਕ ਨੇ ਜਿਥੇ ਇਕ ਪਾਸੇ ਇਤਿਹਾਸਕ ਸੱਚ ਨੂੰ ਗਾਲਪਨਿਕ ਰਚਨਾ ਵਿਚ ਰੂਪਾਂਤਰ ਕਰਨ ਦਾ ਕਾਰਜ ਕੀਤਾ ਹੈ ਉਥੇ ਹੀ ਜਿਊਣੇ ਮੋੜ ਦੇ ਡਾਕੂ ਬਿੰਬ ਨੂੰ ਨਕਾਰਦਿਆਂ ਉਸਦੇ ਲੋਕ ਨਾਇਕ ਦੇ ਬਿੰਬ ਨੂੰ ਵਧੇਰੇ ਉਭਾਰਿਆ ਹੈ। ਉਨ੍ਹਾਂ ਨੇ ਜਿਉਣਾ ਮੌੜ ਦੇ ਸੰਦਰਭ 'ਚ ਨਾਇਕ ਦੇ ਰੂਪ ਨੂੰ ਮੁੱਖ ਰੱਖ ਕੇ ਉਸ ਦੇ ਕਰਤਵਾਂ, ਨੈਤਿਕਤਾ ਭਰਪੂਰ ਫੈਸਲਿਆਂ ਅਤੇ ਉਸ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਨਾਵਲ ਦੀ ਸਫਲਤਾ ਨੂੰ ਸਲਾਹਿਆ ਹੈ।
ਇਸ ਨਾਵਲ ਦੇ ਲੇਖਕ ਅਤੇ ਇਸਦਾ ਮੁਲਾਂਕਣ ਕਰਨ ਵਾਲੇ ਵਿਦਵਾਨਾਂ ਨੇ ਇਤਿਹਾਸਕ ਸਚਾਈ ਨੂੰ ਅਜੋਕੀ ਪੀੜ੍ਹੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾ ਕੇ ਸਲਾਹੁਣ ਯੋਗ ਸਾਹਿਤਕ ਉਪਰਾਲਾ ਕੀਤਾ ਹੈ। ਵਿਦਵਾਨਾਂ ਵਲੋਂ ਨਾਵਲ ਦੇ ਵਿਸ਼ਾ ਅਤੇ ਕਲਾ ਪੱਖ ਦੀ ਬਹੁਤ ਹੀ ਡੂੰਘਾਈ ਤੱਕ ਜਾ ਕੇ ਆਪਣੇ ਆਪਣੇ ਦ੍ਰਿਸ਼ਟੀਕੋਣ ਤੋਂ ਅਤੇ ਨਿਰਪ ਖਤਾ ਨਾਲ ਕੀਤੀ ਗਈ ਪਰਖ ਪੜਚੋਲ ਅਤੇ ਮੁਲਾਂਕਣ ਨੂੰ ਪੁਸਤਕ ਰੂਪ ਦੇਣ ਲਈ ਪ੍ਰਯੋਗ ਕੀਤੀ ਗਈ ਸ਼ਬਦਾਵਲੀ ਵਿਦਵਾਨਾਂ ਦੀ ਵਿਦਵਤਾ ਦੀ ਪੇਸ਼ਗੋਈ ਕਰਦੀ ਹੈ।
-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136
ਲਫ਼ਜ਼ਾਂ ਦੇ ਸਾਗਰ
ਲੇਖਕ : ਰਮਣੀਕ ਸਿੰਘ ਘੁੰਮਣ, ਜਸ਼ਨਜੋਤ ਘੁੰਮਣ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 180 ਰੁਪਏ, ਸਫ਼ੇ : 124
ਸੰਪਰਕ : 98768-43488
'ਲਫ਼ਜ਼ਾਂ ਦੇ ਸਾਗਰ' ਕਾਵਿ-ਸੰਗ੍ਰਹਿ ਰਮਣੀਕ ਸਿੰਘ ਘੁੰਮਣ ਅਤੇ ਉਸ ਦੀ ਬੇਟੀ ਜਸ਼ਨਜੋਤ ਘੁੰਮਣ ਦਾ ਸਾਂਝਾ ਕਾਵਿ-ਸੰਗ੍ਰਹਿ ਹੈ। ਇਹ ਕਾਵਿ-ਸੰਗ੍ਰਹਿ ਉਨ੍ਹਾਂ ਨੇ ਦਾਦੀ ਸਵ. ਬੀਬੀ ਅਮਰ ਕੌਰ ਨੂੰ ਸਮਰਪਿਤ ਕੀਤਾ ਹੈ, ਜੋ ਕਿ ਅਧਿਆਪਕਾ ਸਨ। ਰਮਣੀਕ ਸਿੰਘ, ਖ਼ੁਦ ਵੀ ਮਿਲਾਪੜੇ ਸੁਭਾਅ ਦੇ ਅਧਿਆਪਕ ਹਨ। ਉਹ ਜਿਥੇ ਧੀਆਂ ਦੇ ਮਾਣ-ਸਤਿਕਾਰ ਦੀ ਗੱਲ ਕਰਦੇ ਹਨ, ਉਥੇ ਉਨ੍ਹਾਂ ਨੇ ਸੱਚੀ-ਮੁੱਚੀਂ ਦਾ ਵਿਵਹਾਰ ਕਰਦਿਆਂ ਆਪਣੀ ਬੇਟੀ ਦੀਆਂ ਅੱਠ ਕਾਵਿ-ਰਚਨਾਵਾਂ ਨੂੰ ਆਪਣੇ ਨਾਲ ਹੀ ਇਸ ਕਾਵਿ-ਸੰਗ੍ਰਹਿ ਵਿਚ ਥਾਂ ਦਿੱਤੀ ਹੈ। ਇਸ ਕਾਵਿ-ਸੰਗ੍ਰਹਿ ਵਿਚ ਉਸ ਨੇ 'ਖ਼ਾਲਸਾ' ਕਵਿਤਾ ਤੋਂ ਲੈ ਕੇ 'ਤੇਰਾ ਪਿਆਰ' ਤੱਕ ਅਤੇ ਜਸ਼ਨਜੋਤ ਦੀਆਂ 'ਜੀਵਨ-ਜਾਚ' ਤੋਂ ਲੈ ਕੇ 'ਪਿਆਰ' ਤੱਕ ਦੀਆਂ 99 ਕਵਿਤਾਵਾਂ ਨੂੰ ਸ਼ਾਮਿਲ ਕੀਤਾ ਹੈ। ਇਨ੍ਹਾਂ ਕਵਿਤਾਵਾਂ ਵਿਚ ਗੁਰਬਾਣੀ ਦੇ ਆਸ਼ੇ ਮੁਤਾਬਿਕ ਹੀ 'ਸਚਿਆਰ' ਮਨੁੱਖ ਦੀ ਸੰਕਲਪਨਾ ਦੀ ਧਾਰਨਾ ਨੂੰ ਦ੍ਰਿੜ੍ਹਾਇਆ ਗਿਆ ਹੈ, ਜਿਸ ਰਾਹੀਂ ਮਨੁੱਖਾਂ ਅੰਦਰ ਸਚਿਆਰ ਅਤੇ ਸਾਕਾਰਤਮਿਕ ਭਾਵਨਾਵਾਂ ਪ੍ਰਜਵਲਿਤ ਕਰਨ ਦੀ ਭਾਵਨਾ ਵਿਅਕਤ ਕੀਤੀ ਗਈ ਹੈ। ਇਹ ਕਵਿਤਾ ਰਸੀਲੀ ਹੈ, ਭਾਵਨਾਤਮਿਕ ਹੈ ਅਤੇ ਉਪਦੇਸ਼ਾਤਮਿਕ ਬਿਰਤੀ ਦੀ ਧਾਰਨੀ ਹੈ। 'ਖ਼ਾਲਸਾ' ਕਵਿਤਾ ਖ਼ਾਲਸੇ ਦੇ ਤੇਗ ਰਾਹੀਂ ਉਪਜਣ, ਵਿਗਸਣ ਦੀ ਗਾਥਾ ਬਿਆਨ ਕਰਦੀ ਹੈ। 'ਉਹ ਮੇਰੇ ਵੱਲ ਹੋ ਜਾਵੇ', 'ਨਜ਼ਰ ਸਵੱਲੀ' ਆਦਿ ਕਵਿਤਾਵਾਂ ਪਰਮ-ਸੱਤਾ ਦੀ ਹੋਂਦ, ਮਿਹਰ ਵੱਲ ਸੰਕੇਤ ਕਰਦੀਆਂ ਹਨ। 'ਫੁਲਵਾੜੀ' ਕਵਿਤਾ ਦੀਆਂ ਸਤਰਾਂ 'ਸ਼ਬਦ' ਦੀ ਅਜ਼ਮਤ ਦਾ ਸੰਕੇਤ ਦਿੰਦੀਆਂ ਹਨ:
ਸ਼ਬਦਾਂ ਦੀ ਫੁਲਵਾੜੀ 'ਚੋਂ
ਚੰਦ ਹਰਫ਼ ਭੇਜੇ ਨੇ,
ਕਰ ਸਰਾਬੋਰ ਨਾਲ ਮੁਹੱਬਤ,
ਤੇਰੀ ਤਰਫ਼ ਭੇਜੇ ਨੇ,
ਨਾ ਏ ਛੱਲ ਨਾ ਕਪਟ,
ਮੋਹ ਇਲਾਹੀ ਸਹੇਜੋ ਨੇ।
ਜਿਵੇਂ ਕਿ ਉੱਪਰ ਜ਼ਿਕਰ ਕੀਤਾ ਗਿਆ ਹੈ ਕਿ ਉਹ ਇਕ ਸੁਹਿਰਦ ਅਤੇ ਮਿਲਾਪੜੇ ਸੁਭਾਅ ਵਾਲਾ ਅਧਿਆਪਕ ਹੈ। ਇਸ ਲਈ ਉਹ ਆਸ ਕਰਦਾ ਹੈ ਕਿ ਸਭਨਾਂ ਜੀਵਾਂ ਅੰਦਰ ਸੁਤੰਤਰਤਾ, ਸਮਾਨਤਾ, ਭਾਈਚਾਰੇ ਦੀ ਅਤੇ ਨਿਆਂ ਦੀਆਂ ਭਾਵਨਾਵਾਂ ਉਤਪੰਨ ਹੋਣ ਤਾਂ ਜੋ ਸਮਾਜ ਅੰਦਰ ਫੈਲੇ ਅਨਾਚਾਰ ਤੋਂ ਨਿਜਾਤ ਮਿਲ ਸਕੇ। ਇਸ ਲਈ ਸੋਹਣੇ ਸਮਾਜ ਦੀ ਸਿਰਜਣਾ ਦਾ ਆਸਵੰਦ ਹੈ। ਇਸ ਕਾਵਿ-ਸੰਗ੍ਰਹਿ ਨੂੰ ਜੀ ਆਇਆਂ ਕਹਿੰਦਿਆਂ ਖ਼ੁਸ਼ੀ ਮਹਿਸੂਸ ਕਰਦਾ ਹਾਂ।
-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096
ਪੰਜਾਬ ਦੀ ਸਕੂਲ ਸਿੱਖਿਆ
ਲੇਖਕ : ਤੇਜਾ ਸਿੰਘ ਤਿਲਕ
ਪ੍ਰਕਾਸ਼ਕ : ਤਾਲਿਫ਼ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 176
ਸੰਪਰਕ :
'ਪੰਜਾਬ ਦੀ ਸਕੂਲ ਸਿੱਖਿਆ' ਤੇਜਾ ਸਿੰਘ ਤਿਲਕ ਦੁਆਰਾ ਲਿਖੀ ਅਜਿਹੀ ਪੁਸਤਕ ਹੈ ਜੋ ਪੰਜਾਬ ਦੀ ਸਕੂਲੀ ਸਿੱਖਿਆ ਦੀ ਆਲੋਚਨਾਤਮਿਕ ਨਜ਼ਰੀਏ ਤੋਂ ਪਰਖ ਪੜਚੋਲ ਕਰਨ ਵਾਲੀ ਵਿਸ਼ੇਸ਼ ਪੁਸਤਕ ਹੈ। ਆਮ ਹੀ ਲੋਕਾਂ ਵਿਚ ਚਰਚਾ ਚਲਦੀ ਰਹਿੰਦੀ ਹੈ ਕਿ ਪੰਜਾਬ ਦਾ ਸਕੂਲੀ ਢਾਂਚਾ ਬਹੁਤ ਸਾਰੀਆਂ ਊਣਤਾਈਆਂ ਦਾ ਸ਼ਿਕਾਰ ਹੋ ਰਹਿ ਗਿਆ ਹੈ, ਇਸ ਦੇ ਪਿੱਛੇ ਕਿਹੜੇ ਕਾਰਨ ਹਨ। ਇਹ ਪੁਸਤਕ ਉਨ੍ਹਾਂ ਸਾਰੇ ਹੀ ਕਾਰਨਾਂ ਦੀ ਤਲਾਸ਼ ਕਰਦੀ ਹੈ। ਤੇਜਾ ਸਿੰਘ ਤਿਲਕ ਨੇ ਸਕੂਲੀ ਸਿੱਖਿਆ ਦੇ ਇਤਿਹਾਸਕ ਪਰਿਪੇਖ ਨੂੰ ਦ੍ਰਿਸ਼ਟੀ ਗੋਚਰ ਕਰਦਿਆਂ ਅਜੋਕੇ ਸਿੱਖਿਆ ਪ੍ਰਬੰਧ ਬਾਰੇ ਵਿਸਥਾਰ ਪੂਰਬਕ ਚਾਨਣਾ ਪਾਇਆ ਹੈ ਕਿਉਂਕਿ ਸਿੱਖਿਆ ਢਾਂਚੇ ਵਿਚ ਬਹੁਤ ਸਾਰੀਆਂ ਧਿਰਾਂ ਸਿੱਧੇ ਜਾਂ ਅਸਿੱਧੇ ਤੌਰ 'ਤੇ ਸ਼ਾਮਿਲ ਹੁੰਦੀਆਂ ਹਨ ਜਿਵੇਂ ਅਧਿਆਪਕ, ਅਧਿਆਪਕ ਜਥੇਬੰਦੀਆਂ, ਵਿੱਦਿਆਰਥੀਆਂ ਦੇ ਮਾਪੇ ਅਤੇ ਸਰਕਾਰਾਂ ਦੀ ਭੂਮਿਕਾ। ਜਦੋਂ ਇਨ੍ਹਾਂ ਸਾਰੀਆਂ ਹੀ ਧਿਰਾਂ ਵਿਚ ਤਾਲਮੇਲ ਦੀ ਘਾਟ ਆਉਂਦੀ ਹੈ ਤਾਂ ਸਿੱਖਿਆ ਦਾ ਢਾਂਚਾ ਡਾਵਾਂਡੋਲ ਹੁੰਦਾ ਜਾਂਦਾ ਹੈ। ਪੁਸਤਕ ਵਿਚ ਲੇਖਕ ਨੇ ਸਾਰੀਆਂ ਹੀ ਧਿਰਾਂ ਬਾਰੇ ਵਿਸਥਾਰਪੂਰਬਕ ਸੰਵਾਦ ਰਚਾਇਆ ਹੈ ਕਿ ਕਿਤੇ ਨਾ ਕਿਤੇ ਕੋਈ ਨੁਕਸ ਜ਼ਰੂਰ ਹੁੰਦਾ ਹੈ ਜਦੋਂ ਇਹ ਪਵਿੱਤਰ ਖੇਤਰ ਦੂਸ਼ਿਤ ਹੋ ਜਾਂਦਾ ਹੈ। ਲੇਖਕ ਨੇ ਆਪਣੀ ਇਸ ਪੁਸਤਕ ਨੂੰ ਵੱਖ-ਵੱਖ ਛੇ ਪਾਠਾਂ ਵਿਚ ਵੰਡ ਕੇ ਵੱਖ-ਵੱਖ ਲੇਖ ਪੇਸ਼ ਕੀਤੇ ਹਨ ਅਤੇ ਪੁਸਤਕ ਦੇ ਅੰਤ 'ਤੇ ਦੋ ਕਹਾਣੀਆਂ ਅਤੇ ਕੁਝ ਕਵਿਤਾਵਾਂ ਦੇ ਨਾਲ ਸਹਾਇਕ ਪੁਸਤਕ ਸੂਚੀ ਵੀ ਦਿੱਤੀ ਹੈ। ਬੇਸ਼ੱਕ ਇਹ ਪੁਸਤਕ ਤੇਜਾ ਸਿੰਘ ਤਿਲਕ ਦੀ ਮੌਲਿਕ ਪੁਸਤਕ ਹੈ ਪਰ ਵਿਚ ਹੀ ਕੁਝ ਹੋਰ ਵਿਦਵਾਨਾਂ ਦੇ ਲੇਖ ਵੀ ਸ਼ਾਮਿਲ ਹਨ ਜੋ ਲੇਖਕ ਨੇ ਵੱਖ-ਵੱਖ ਸਰੋਤਾਂ ਜਿਵੇਂ ਅਖ਼ਬਾਰਾਂ ਆਦਿ ਤੋਂ ਪ੍ਰਾਪਤ ਕੀਤੇ ਹਨ। ਇਸ ਦੇ ਨਾਲ ਹੀ ਦੁਨੀਆ ਦੇ ਮਹਾਨ ਚਿੰਤਕਾਂ ਦੇ ਵਿਚਾਰ ਵੀ ਜੋ ਉਨ੍ਹਾਂ ਨੇ ਵਿੱਦਿਆ ਦੇ ਖੇਤਰ ਬਾਰੇ ਸਮੇਂ-ਸਮੇਂ ਆਖੇ ਉਹ ਪੁਸਤਕ ਵਿਚ ਸ਼ਾਮਿਲ ਹਨ। ਕਿਉਂਕਿ ਪੁਸਤਕ ਸੰਵਾਦੀ ਸੁਰ ਵਾਲੀ ਹੈ, ਇਸ ਕਰਕੇ ਇਸ ਨੂੰ ਪੜ੍ਹਦਿਆਂ ਪਾਠਕ ਅੱਕਦਾ-ਥੱਕਦਾ ਨਹੀਂ ਸਗੋਂ ਉਸ ਦੇ ਦਿਲੋ-ਦਿਮਾਗ਼ ਵਿਚ ਸਿੱਖਿਆ ਦੇ ਢਾਂਚੇ ਦੀ ਡਾਵਾਂਡੋਲਤਾ ਬਾਰੇ ਫਿਕਰਮੰਦੀ ਦਾ ਅਹਿਸਾਸ ਜਾਗਦਾ ਹੈ। ਸਿੱਖਿਆ ਦੇ ਖੇਤਰ ਵਿਚ ਸਾਮਰਾਜੀ ਤਾਕਤਾਂ ਦੀ ਸ਼ਮੂਲੀਅਤ ਵੀ ਇਸ ਢਾਂਚੇ ਦੇ ਵਿਗਾੜ ਦਾ ਇਕ ਕਾਰਨ ਬਣਦੀ ਹੈ। ਕੁੱਲ ਮਿਲਾ ਕੇ ਪੁਸਤਕ ਸਿੱਖਿਆ ਸੁਧਾਰਾਂ ਬਾਰੇ ਜਾਗਰੂਕ ਕਰਨ ਵਾਲੀ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਦੋ ਤੇਰੀਆਂ ਦੋ ਮੇਰੀਆਂ
ਸੰਪਾਦਕ : ਬਹਾਦਰ ਸਿੰਘ ਗੋਸਲ (ਪ੍ਰਿੰਸੀਪਲ)
ਪਬਲੀਸ਼ਰ : ਤਰਲੋਚਨ ਪਬਲੀਸ਼ਰਜ਼ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98764-52223
ਸਾਂਝੇ ਕਾਵਿ-ਸੰਗ੍ਰਹਿ ਦੀ ਇਹ ਪੁਸਤਕ ਵੱਖਰੇ ਰੰਗ ਦੀ ਹੈ ਜਿਸ ਦੇ ਵਿਚ 42 ਇਸਤਰੀ ਤੇ ਪੁਰਸ਼ਾਂ ਦੀਆਂ ਰਚਨਾਵਾਂ ਨੂੰ ਸ਼ਾਮਿਲ ਕੀਤਾ ਹੈ ਅਤੇ ਇਕ ਗੁਲਦਸਤਾਂ ਬਣਾਉਣਾ ਇਹ ਸੰਪਾਦਕ ਦੀ ਵੱਡੀ ਖੂਬੀ ਹੈ। ਇਸ ਪੁਸਤਕ ਦੇ ਸੰਪਾਦਕ ਜੰਗ ਬਹਾਦਰ ਗੋਸਲ ਹਨ, ਜਿਨ੍ਹਾਂ ਨੂੰ ਅਧਿਆਪਨ ਖੇਤਰ ਦਾ ਲੰਬਾ ਤਜਰਬਾ ਹੈ ਅਤੇ ਉਹ ਵੱਡੇ ਸਾਹਿਤਕਾਰ ਵੀ ਹਨ। ਉਨ੍ਹਾਂ ਨੇ ਹੁਣ ਤੱਕ 101 ਪੁਸਤਕਾਂ ਲਿਖ ਕੇ ਪਾਠਕਾਂ ਤੀਕ ਪੁੱਜਦੀਆਂ ਕੀਤੀਆਂ ਹਨ, ਜੋ ਕਿ ਵੱਡੀ ਗੱਲ ਹੈ, ਇਕ ਪੁਸਤਕ ਲਿਖਣ ਲਈ ਕਾਫੀ ਸਮਾਂ ਲੱਗ ਜਾਂਦਾ ਹੈ। ਪ੍ਰੰਤੂ ਇਨ੍ਹਾਂ ਦੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ। ਬਾਲ ਸਾਹਿਤ 69 ਪੁਸਤਕਾਂ ਲਿਖ ਦਿੱਤੀਆਂ ਅਤੇ ਨਾਲ ਹੀ ਵਾਰਤਕ ਦੀਆਂ 29 ਪੁਸਤਕਾਂ ਤੇ ਸੰਪਾਦਕ ਦੀਆਂ 4 ਪੁਸਤਕਾਂ ਲਿਖ ਕੇ ਚੰਗਾ ਨਾਮਣਾ ਖੱਟਿਆ ਹੈ। ਇਸ ਪੁਸਤਕ ਦੇ ਵਿਚ ਵੱਖ-ਵੱਖ ਲੇਖਕਾਂ ਦੀਆਂ ਲਿਖੀਆਂ ਪੁਸਤਕਾਂ ਆਪਣੇ ਵਿਸ਼ੇ 'ਤੇ ਢੁਕਦੀਆਂ ਹਨ। ਲੇਖਕ ਦਾ ਕੁਦਰਤ ਦੇ ਨਾਲ ਪਿਆਰ ਹੋਣਾ ਇਕ ਵੱਡੀ ਗੱਲ ਹੈ ਅਤੇ ਪੁਸਤਕ ਵਿਚ ਵੀ ਇਸੇ ਵਿਸ਼ੇ 'ਤੇ ਰਚਨਾਵਾਂ ਸ਼ਾਮਿਲ ਕਰਕੇ ਗੋਸਲ ਸਾਹਿਬ ਨੇ ਇਕ ਗੁਲਦਸਤਾ ਤਿਆਰ ਕਰ ਕੇ ਉਸ ਦੀ ਖੁਸ਼ਬੂ ਹਰ ਪਾਸੇ ਖਿਲੇਰ ਦਿੱਤੀ ਹੈ। ਪੁਸਤਕ ਵਿਚਲੀਆਂ ਸਾਰੀਆਂ ਕਵਿਤਾਵਾਂ ਖੂਬਸੂਰਤ ਹਨ। ਇਨ੍ਹਾਂ ਨੂੰ ਪੜ੍ਹਨ ਵਾਲੇ ਪਾਠਕ ਵੀ ਪੜ੍ਹਦੇ -ਪੜ੍ਹਦੇ ਕੁਦਰਤ ਦੇ ਵਿਚ ਆਪਣੇ-ਆਪ ਹੀ ਰਚ ਜਾਂਦਾ ਹੈ ਅਤੇ ਜੇਕਰ ਇਕ ਵਾਰ ਪੁਸਤਕ ਪੜ੍ਹਨੀ ਸ਼ੁਰੂ ਕਰ ਦਿੱਤੀ ਜਾਵੇ, ਫਿਰ ਅੱਧ ਵਿਚਕਾਰ ਛੱਡਣ ਨੂੰ ਦਿਲ ਨਹੀਂ ਕਰਦਾ। ਪੁਸਤਕ ਵਿਚਲੀਆਂ ਕਵਿਤਾਵਾਂ ਦੇ ਵਿਚੋਂ ਲੇਖਕਾਂ ਨੇ ਆਪਣੀ ਅੰਦਰਲੀ ਹੂਕ ਨੂੰ ਕਿਵੇਂ ਕੱਢਿਆ ਹੈ:
ਚਿੱਟੀ ਚਾਦਰ ਅਮਨ ਦੀ
ਉਹਨੇ ਸਿਰ 'ਤੇ ਤਾਣੀ।
ਬਣ ਠਣ ਅੰਬਰੋਂ ਉੱਤਰੀ
ਕੋਈ ਜਿਉਂ ਪਟਰਾਣੀ।
ਹੋਰ ਰਚਨਾਵਾਂ ਵੇਖੋ:
ਕੁਦਰਤ ਤੇਰੇ ਅਜਬ ਨਿਆਰੇ
ਬਿਆਨ ਨਾ ਹੁੰਦੇ ਮੈਥੋਂ ਸਾਰੇ,
ਕਿਧਰੇ ਫੁੱਲ ਬਗੀਚੇ ਲੱਗਣ
ਰੁੱਖ ਟਾਹਣੀਆਂ ਤੇ ਫਲ ਲੱਦੇ।
ਪ੍ਰਦੂਸ਼ਣ ਦੇ ਪ੍ਰਤੀ ਲੇਖਿਕਾ ਲਿਖਦੀ ਹੈ:
ਚਿੜੀਆਂ ਨਾ ਦਿਸਦੀਆਂ, ਤੋਤੇ ਨਾ ਦਿਸਦੇ
ਦਿਸਣ ਨਾ ਘੁੱਗੀਆਂ ਗਟਾਰਾਂ
ਤਿੱਤਰ ਬਟੇਰਿਆਂ ਦਾ ਘਾਣ ਹੋ ਗਿਆ,
ਬਾਗੀ ਨਾ ਰਹੀਆਂ ਬਹਾਰਾਂ।
ਸਮੁੱਚੇ ਤੌਰ 'ਤੇ ਪੁਸਤਕ ਸਾਂਭਣਯੋਗ ਹੈ। ਪੁਸਤਕ ਵਿਚ ਸਾਰੀਆਂ ਰਚਨਾਵਾਂ ਇਕ-ਦੂਜੇ ਤੋਂ ਵਧੀਆ ਹਨ।
-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 092105-88990
ਮੈਂ ਤੇ ਮੇਰੇ
ਲੇਖਕ : ਸੁਰਜੀਤ ਬੈਂਸ
ਪ੍ਰਕਾਸ਼ਕ : ਤਰਲੋਚਨ ਪਬਲਿਸਰਜ਼ ਚੰਡੀਗੜ੍ਹ
ਮੁੱਲ: 325 ਰੁਪਏ, ਸਫ਼ੇ : 175
ਸੰਪਰਕ : 98037-05226
'ਮੈਂ ਤੇ ਮੇਰੇ' (ਸਵੈ-ਜੀਵਨੀ) ਸੁਰਜੀਤ ਬੈਂਸ ਦੀ ਪੂਰੀ ਜ਼ਿੰਦਗੀ ਦਾ ਚਿਤਰਨ ਹੈ। ਉਨ੍ਹਾਂ ਨੇ ਆਪਣੀ ਸਵੈ-ਜੀਵਨੀ ਲਿਖੀ ਹੈ। ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਫ਼ਰਨਾਮਾ ਹੈ। ਜਦੋਂ ਕੋਈ ਆਪਣੇ ਅਤੇ ਆਪਣਿਆਂ ਬਾਰੇ ਲਿਖਣਾ ਚਾਹੁੰਦਾ ਹੈ ਤਾਂ ਇਹ ਬੜਾ ਹੀ ਕਠਿਨ ਕਾਰਜ ਹੁੰਦਾ ਹੈ। ਉਨ੍ਹਾਂ ਨੇ ਆਪਣੀ ਲਿਖਤ ਵਿਚ ਸੁਹਿਰਦਤਾ ਅਤੇ ਸੰਜਮ ਨੂੰ ਬਰਕਰਾਰ ਰੱਖਿਆ ਹੈ। ਇਸ ਸਵੈ-ਜੀਵਨੀ ਵਿਚ ਹਰਿਆਵਲ ਅਤੇ ਬੀਆਬਾਨ ਦੋਨਾਂ ਦਾ ਮਿਸ਼ਰਣ ਮਿਲਦਾ ਹੈ। ਇਹ ਦੁੱਖਾਂ-ਸੁੱਖਾਂ ਅਤੇ ਇਸ ਦੇ ਨਾਲ ਹੀ ਹੋਣੀਆਂ ਤੇ ਅਣਹੋਣੀਆਂ ਗੱਲਾਂ ਦੀ ਇੱਕ ਦਾਸਤਾਨ ਹੈ। ਉਨ੍ਹਾਂ ਦੀ ਸੋਚ ਹੈ ਕਿ ਉਹ ਲਿਖਣ ਲਈ ਅੱਖਰ ਨਹੀਂ ਲੱਭਦੀ, ਸਗੋਂ ਘਟਨਾ ਜਿਹਨ ਵਿਚ ਆਉਂਦਿਆਂ ਆਪਣੇ ਆਪ ਹੀ ਵੇਗ ਦੀ ਤਰ੍ਹਾਂ ਆਉਂਦੇ ਹਨ। ਉਹ ਆਪਣੇ ਤੋਂ ਇਲਾਵਾ ਕੋਈ ਅੱਖਰ ਨਹੀਂ ਲਿਖਦੀ, ਉਸ ਨੇ ਜੋ ਕੁਝ ਲਿਖਿਆ ਉਹ ਜੀਵਨ ਦੀ ਅਸਲ ਸੱਚਾਈ ਹੈ। ਉਨ੍ਹਾਂ ਦਾ ਤੁਸੱਵਰ ਸੰਦਲੀ ਬਾਗਾਂ ਦੀ ਮਹਿਕ ਵਿਚ ਉਡਾਰੀਆਂ ਲਾਉਂਦਾ ਹੈ। ਇਨ੍ਹਾਂ ਬਾਗਾਂ ਦੀ ਮਹਿਕ ਹੀ ਉਨ੍ਹਾਂ ਦੇ ਲੇਖਾਂ ਵਿਚ ਪਨਪਦੀ ਹੈ। ਉਹ ਆਪਣੇ ਜਵਾਨ ਪੁੱਤਰ ਦੀ ਤਰਾਸਦੀ ਬੜੇ ਸ਼ਾਂਤ ਤੇ ਸੱਚੇ ਮਨ ਨਾਲ ਜ਼ਿਕਰ ਕਰਦੇ ਹਨ। ਇਸ ਪੁਸਤਕ ਦੇ ਲੇਖਾਂ ਵਿਚ ਚੰਗੇ ਅਤੇ ਮੰਦੇ ਲੋਕਾਂ ਦੀ ਪਛਾਣ ਹੁੰਦੀ ਹੈ। ਇਨ੍ਹਾਂ ਚੰਗੇ ਲੋਕਾਂ ਦਾ ਮਿਲਾਪ ਹੀ ਸਤਿਸੰਗ ਦੇ ਸਮਾਨ ਹੁੰਦਾ ਹੈ। ਇਨ੍ਹਾਂ ਦੀ ਲਿਖਣ ਕਲਾ ਤੋਂ ਮਾਲੂਮ ਹੁੰਦਾ ਹੈ ਕਿ ਸਾਰੇ ਲੋਕਾਂ ਦਾ ਮੰਦੇ-ਚੰਗੇ ਲੋਕਾਂ ਨਾਲ ਵਾਹ ਪੈਂਦਾ ਹੈ, ਪ੍ਰੰਤੂ ਲੇਖਕ ਦਾ ਰੁਝਾਨ ਹਮੇਸ਼ਾ ਚੰਗਿਆਈ ਵੱਲ ਰਹਿੰਦਾ ਹੈ। ਇਸ ਪੁਸਤਕ ਵਿਚ ਮਾਝੇ ਦੀ ਧਰਾਤਲ ਅਤੇ ਸੰਸਕ੍ਰਿਤੀ ਦਾ ਚਿਤਰਨ ਕੀਤਾ ਗਿਆ ਮਿਲਦਾ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਪੰਜਾਬ ਦੀ ਰਹਿਤਲ ਦੀ ਮਹਿਕ ਬਾਰੇ ਗੱਲ ਹੁੰਦੀ ਹੈ। ਇਨ੍ਹਾਂ ਦੀ ਪੁਸਤਕ ਨੂੰ ਪਿਛਲੇ ਸਮੇਂ ਵਾਪਰੀ ਪੰਜਾਬ ਦੀ ਤਰਾਸਦੀ ਦਾ ਪ੍ਰਮਾਣ ਵੀ ਕਿਹਾ ਜਾ ਸਕਦਾ ਹੈ। ਸਾਡੇ ਪੁਰਾਖਿਆਂ ਦਾ ਬਿਰਤਾਂਤ ਵੀ ਇਸ ਦੇ ਵਿਚੋਂ ਝਲਕਦਾ ਹੈ। ਇਨ੍ਹਾਂ ਦੀ ਸਵੈ-ਜੀਵਨੀ ਨੂੰ ਪੜ੍ਹਦਿਆਂ ਹੀ ਘੁੱਗ ਵਸਦੇ ਲਹਿੰਦੇ ਪੰਜਾਬ (ਪਾਕਿਸਤਾਨ) ਪਹੁੰਚ ਜਾਂਦੇ ਹਾਂ। ਅਸੀਂ ਇਨ੍ਹਾਂ ਦੇ ਰਾਹੀਂ ਜਾਣਦੇ ਹਾਂ ਕਿ ਪੁਰਾਤਨ ਸਮੇਂ ਧੀਆਂ ਨੂੰ ਜਿਊਂਦਿਆਂ ਹੀ ਮਾਰ ਦਿੱਤਾ ਜਾਂਦਾ ਸੀ। ਵੱਡੇ-ਵੱਡੇ ਲੋਕ ਵੀ ਧੀ ਪੈਦਾ ਨਹੀਂ ਕਰਨਾ ਚਾਹੁੰਦੇ ਸਨ। ਪੰਜਾਬ ਦੇ ਕਈ ਇਲਾਕਿਆਂ ਵਿਚ ਔਰਤਾਂ ਪਸ਼ੂਆਂ ਸਮਾਨ ਜੀਵਨ ਬਤੀਤ ਕਰਦੀਆਂ ਸਨ। ਸੁਰਜੀਤ ਬੈਂਸ ਦੇ ਜੀਵਨ 'ਤੇ ਝਾਤ ਮਾਰਿਆਂ ਪਤਾ ਲਗਦਾ ਹੈ ਕਿ ਉਨ੍ਹਾਂ ਦਾ ਜਨਮ ਖੁਸ਼ੀਨੁਮਾ ਤੇ ਖੁਸ਼ਹਾਲ ਪਰਿਵਾਰ ਵਿਚ ਬਤੀਤ ਹੋਇਆ। ਉਨ੍ਹਾਂ ਨੇ ਬਹੁਤ ਉੱਚ ਵਿੱਦਿਆ ਹਾਸਿਲ ਕੀਤੀ ਅਤੇ ਗ੍ਰਹਿਸਥੀ ਜੀਵਨ ਬੜੇ ਧੀਰਜ, ਦਲੇਰੀ ਤੇ ਸੰਤੋਖ ਨਾਲ ਬਤੀਤ ਕੀਤਾ। ਜਿਹੜਾ ਹਾਲੇ ਵੀ ਨਿਰੰਤਰ ਜਾਰੀ ਹੈ। ਉਹ ਸਹਿਣਸ਼ੀਲਤਾ ਦੇ ਗੁਣਾਂ ਨਾਲ ਭਰਪੂਰ ਇੱਕ ਲੇਖਿਕਾ ਹੈ। ਇਸੇ ਗੁਣਾ ਕਰਕੇ ਹੀ ਉਨ੍ਹਾਂ ਨੇ ਕਈ ਸਰੀਰਕ, ਮਾਨਸਿਕ ਤੇ ਆਰਥਿਕ ਕਸ਼ਟਾਂ ਦਾ ਦਲੇਰੀ ਨਾਲ ਮੁਕਾਬਲਾ ਕੀਤਾ। ਸੁਰਜੀਤ ਬੈਂਸ ਦੀ ਸਵੈ-ਜੀਵਨੀ 'ਮੈਂ ਤੇ ਮੇਰੇ' ਜੀਵਨ ਦੀ ਖੁਸ਼ੀ ਤੇ ਆਨੰਦ ਦਾ ਪ੍ਰਤੀਕ ਹੈ। ਇਹ ਜੀਵਨ ਦਾ ਇਕ ਪ੍ਰਮਾਣਿਕ ਦਸਤਾਵੇਜ਼ ਹੈ।
-ਡਾ. ਅਮਰਜੀਤ ਸਿੰਘ ਗਿੱਲ
ਮੋਬਾਈਲ : 98553-88572