ਜੀ. ਐਸ. ਬੈਂਸ ਲਿਬਰਲਜ਼ ਆਲ ਇੰਡੀਆ ਹਾਕੀ ਟੂਰਨਾਮੈਂਟ ਦੇ ਫਾਈਨਲ ਮੈਚ 'ਚ ਪੰਜਾਬ ਪੁਲਿਸ ਜਲੰਧਰ ਦੀ ਟੀਮ 14ਵੀਂ ਵਾਰ ਬਣੀ ਚੈਂਪੀਅਨ
ਨਾਭਾ (ਪਟਿਆਲਾ), 22 ਦਸੰਬਰ (ਕਰਮਜੀਤ ਸਿੰਘ)-47ਵੇਂ ਜੀ.ਐਸ. ਬੈਂਸ ਲਿਬਰਲਜ਼ ਆਲ ਇੰਡੀਆ ਹਾਕੀ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਪੰਜਾਬ ਪਬਲਿਕ ਸਕੂਲ ਦੇ ਗਰਾਊਂਡ ਵਿਖੇ ਕਰਵਾਏ ਗਏ। ਇਸ ਫਾਈਨਲ ਮੈਚ ਵਿਚ ਪੰਜਾਬ ਪੁਲਿਸ ਜਲੰਧਰ 14ਵੀਂ ਚੈਂਪੀਅਨ ਬਣੀ। ਇਸ ਮੌਕੇ ਮੁੱਖ ਮਹਿਮਾਨ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਂਧ ਨੇ ਟੂਰਨਾਮੈਂਟ ਦਾ ਉਦਘਾਟਨ ਕੀਤਾ ਅਤੇ ਜੇਤੂ ਟੀਮ ਨੂੰ ਟਰਾਫ਼ੀ ਅਤੇ ਇਕ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਅਤੇ ਉਪ ਜੇਤੂ ਬੀ.ਐਸ.ਐਫ਼. ਜਲੰਧਰ ਨੂੰ 50 ਹਜ਼ਾਰ ਰੁਪਏ ਦੀ ਨਕਦੀ ਤੇ ਟਰਾਫ਼ੀ ਦਿੱਤੀ। ਇਸ ਦੌਰਾਨ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ, ਪੰਜਾਬ ਪਬਲਿਕ ਸਕੂਲ ਹੈੱਡ ਮਾਸਟਰ ਡਾ.ਡੀ. ਸੀ. ਸ਼ਰਮਾ ਵਿਸ਼ੇਸ਼ ਤੌਰ ਉਤੇ ਹਾਜ਼ਰ ਸਨ। ਟੂਰਨਾਮੈਂਟ ਦਾ ਫਾਈਨਲ ਮੈਚ ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਜਲੰਧਰ ਵਿਚਕਾਰ ਖੇਡਿਆ ਗਿਆ। ਇਹ ਮੈਚ ਬਹੁਤ ਹੀ ਰੋਮਾਂਚਕ ਅਤੇ ਫਸਵਾਂ ਰਿਹਾ। ਮੈਚ ਦਾ ਫੈਸਲਾ ਸ਼ੂਟ ਆਊਟ ਰਾਹੀਂ ਹੋਇਆ, ਜਿਸ ਵਿਚ ਪੰਜਾਬ ਪੁਲਿਸ ਜਲੰਧਰ ਦੀ ਟੀਮ 7-5 ਨਾਲ ਜੇਤੂ ਰਹੀ।