ਵਿਅਕਤੀ ਨੇ ਘਰ 'ਚ ਫਾਹਾ ਲੈ ਕੇ ਕੀਤੀ ਆਤਮ-ਹੱਤਿਆ
ਕਪੂਰਥਲਾ, 18 ਦਸੰਬਰ (ਅਮਨਜੋਤ ਸਿੰਘ ਵਾਲੀਆ)-ਮੁਹੱਲਾ ਪ੍ਰੀਤ ਨਗਰ ਵਿਖੇ ਇਕ ਵਿਅਕਤੀ ਵਲੋਂ ਮਫ਼ਲਰ ਨੂੰ ਗਾਡਰ ਨਾਲ ਬੰਨ੍ਹ ਕੇ ਆਤਮ-ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਐਸ.ਐਚ.ਓ. ਰਕੇਸ਼ ਕੁਮਾਰ ਤੇ ਏ.ਐਸ.ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਸਵਰਨ ਸਿੰਘ ਪੁੱਤਰ ਤਲਵਿੰਦਰ ਸਿੰਘ ਕੋਟ ਖ਼ਾਲਸਾ ਦਸਮੇਸ਼ ਨਗਰ ਅੰਮ੍ਰਿਤਸਰ ਹਾਲ ਵਾਸੀ ਪ੍ਰੀਤ ਨਗਰ ਕਪੂਰਥਲਾ ਜੋ ਕਿ ਸਰਕਾਰੀ ਕਾਲਜ ਰੋਡ 'ਤੇ ਇਕ ਹੋਟਲ 'ਤੇ ਕੰਮ ਕਰਦਾ ਸੀ। ਬੀਤੀ ਦੇਰ ਰਾਤ ਉਸਨੇ ਘਰ ਵਿਚ ਗਾਡਰ ਨਾਲ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਇਸਦੀ ਸੂਚਨਾ ਮਿਲਣ 'ਤੇ ਥਾਣਾ ਸਿਟੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਸੀ, ਜਿਸ ਦਾ ਬਾਅਦ ਵਿਚ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਵਿਅਕਤੀ ਦੇ ਭਰਾ ਚਰਨਜੀਤ ਸਿੰਘ ਤੇ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਦਿਮਾਗ਼ੀ ਪ੍ਰੇਸ਼ਾਨ ਸੀ।