ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਰੇਲ ਕੋਚ ਫ਼ੈਕਟਰੀ ਤੇ ਸਾਇੰਸ ਸਿਟੀ ਦਾ ਦੌਰਾ
ਕਪੂਰਥਲਾ, 18 ਦਸੰਬਰ (ਅਮਰਜੀਤ ਕੋਮਲ)-ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਰੇਲ ਕੋਚ ਫ਼ੈਕਟਰੀ ਕਪੂਰਥਲਾ ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਾ ਦੌਰਾ ਕੀਤਾ। ਰੇਲ ਕੋਚ ਫ਼ੈਕਟਰੀ ਦੇ ਦੌਰੇ ਦੌਰਾਨ ਰਾਜਪਾਲ ਨੇ ਸ਼ੈੱਲ ਡਵੀਜ਼ਨ ਵਿਚ ਰੇਲ ਡੱਬਿਆਂ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲਿਆ। ਉਨ੍ਹਾਂ ਸੀਟ ਮੈਟਲ ਸ਼ਾਪ ਵਿਚ ਆਰ.ਸੀ.ਐਫ. ਦੇ ਇੰਜੀਨੀਅਰਾਂ ਤੇ ਹੋਰ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਤੇ ਰੇਲ ਕੋਚ ਫ਼ੈਕਟਰੀ ਵਲੋਂ ਦੇਸ਼ ਦੇ ਨਿਰਮਾਣ ਵਿਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਰਾਜਪਾਲ ਦੇ ਆਰ.ਸੀ.ਐਫ. ਦੇ ਰੈਸਟ ਹਾਊਸ ਪੁੱਜਣ 'ਤੇ ਪੰਜਾਬ ਪੁਲਿਸ ਦੀ ਟੁਕੜੀ ਨੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ। ਇਸ ਮੌਕੇ ਰਾਜਪਾਲ ਦੀ ਧਰਮ ਪਤਨੀ ਅਨੀਤਾ ਕਟਾਰੀਆ, ਆਰ.ਸੀ.ਐਫ. ਦੇ ਜਨਰਲ ਮੈਨੇਜਰ ਐਸ.ਐਸ. ਮਿਸ਼ਰਾ ਤੋਂ ਇਲਾਵਾ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਐਸ.ਐਸ.ਪੀ. ਗੌਰਵ ਤੂਰਾ ਤੇ ਹੋਰ ਅਧਿਕਾਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਸਾਇੰਸ ਸਿਟੀ ਦੇ ਦੌਰੇ ਦੌਰਾਨ ਗੁਲਾਬ ਚੰਦ ਕਟਾਰੀਆ ਨੇ ਈਕੋ ਸ਼ੋਅ, ਥ੍ਰੀ ਡੀ. ਸ਼ੋਅ ਤੇ ਲਾਈਫ ਥਰੂ ਏਜਜ਼ ਸ਼ੋਅ ਦੇਖਿਆ। ਉਨ੍ਹਾਂ ਸਾਇੰਸ ਸਿਟੀ ਵਲੋਂ ਸਮਾਜ ਵਿਚ ਵਿਗਿਆਨਕ ਨਜ਼ਰੀਆ ਪੈਦਾ ਕਰਨ ਲਈ ਕੀਤੇ ਜਾ ਰਹੇ ਯਤਨਾ ਦੀ ਸ਼ਲਾਘਾ ਕੀਤੀ। ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਮਨੀਸ਼ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।