ਜੰਮੂ ਕਸ਼ਮੀਰ: ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਹੋਇਆ ਹੰਗਾਮਾ
ਸ੍ਰੀਨਗਰ, 4 ਨਵੰਬਰ- ਜੰਮੂ-ਕਸ਼ਮੀਰ ’ਚ 10 ਸਾਲ ਬਾਅਦ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਹੋਈਆਂ ਸਨ, ਜਿਸ ਤੋਂ ਬਾਅਦ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਸੈਸ਼ਨ ਦੇ ਪਹਿਲੇ ਦਿਨ ਹੀ ਭਾਜਪਾ-ਪੀ.ਡੀ.ਪੀ. ਅਤੇ ਨੈਸ਼ਨਲ ਕਾਨਫ਼ਰੰਸ ਦੇ ਵਿਧਾਇਕਾਂ ਵਿਚਾਲੇ ਵਿਧਾਨ ਸਭਾ ਵਿਚ ਹੰਗਾਮਾ ਹੋ ਗਿਆ। ਪੀ.ਡੀ.ਪੀ. ਦੇ ਵਿਧਾਇਕ ਰਹਿਮਾਨ ਪਾਰਾ ਨੇ ਸੂਬੇ ਵਿਚੋਂ ਧਾਰਾ 370 ਹਟਾਉਣ ਖਿਲਾਫ਼ ਮਤਾ ਪੇਸ਼ ਕੀਤਾ, ਜਿਸ ਵਿਰੁੱਧ ਭਾਜਪਾ ਵਿਧਾਇਕਾਂ ਨੇ ਨਾਅਰੇਬਾਜ਼ੀ ਕੀਤੀ। ਹੰਗਾਮੇ ਦੌਰਾਨ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਸਾਨੂੰ ਪਤਾ ਸੀ ਕਿ ਇਹ ਪ੍ਰਸਤਾਵ ਤਿਆਰ ਕੀਤਾ ਜਾ ਰਿਹਾ ਹੈ। ਅਸਲੀਅਤ ਇਹ ਹੈ ਕਿ ਜੰਮੂ-ਕਸ਼ਮੀਰ ਦੇ ਲੋਕ 5 ਅਗਸਤ 2019 ਨੂੰ ਲਏ ਫੈਸਲੇ ਨੂੰ ਸਵੀਕਾਰ ਨਹੀਂ ਕਰਦੇ। ਜੇਕਰ ਲੋਕ ਇਸ ਫੈਸਲੇ ਨੂੰ ਮੰਨ ਲੈਂਦੇ ਤਾਂ ਅੱਜ ਨਤੀਜੇ ਕੁਝ ਹੋਰ ਹੁੰਦੇ। ਉਨ੍ਹਾਂ ਅੱਗੇ ਕਿਹਾ ਕਿ ਕੋਈ ਵੀ ਮੈਂਬਰ ਇਹ ਤੈਅ ਨਹੀਂ ਕਰੇਗਾ ਕਿ ਸਦਨ ਧਾਰਾ 370 ’ਤੇ ਕਿਵੇਂ ਚਰਚਾ ਕਰਨੀ ਹੈ। ਅੱਜ ਲਿਆਂਦੀ ਗਈ ਤਜਵੀਜ਼ ਦਾ ਕੋਈ ਮਹੱਤਵ ਨਹੀਂ ਹੈ, ਇਹ ਸਿਰਫ਼ ਕੈਮਰਿਆਂ ਲਈ ਹੈ। ਜੇਕਰ ਇਸ ਪਿੱਛੇ ਕੋਈ ਮੰਤਵ ਸੀ ਤਾਂ ਪੀ.ਡੀ.ਪੀ. ਦੇ ਵਿਧਾਇਕ ਪਹਿਲਾਂ ਸਾਡੇ ਨਾਲ ਇਸ ਬਾਰੇ ਚਰਚਾ ਕਰਦੇ।