JALANDHAR WEATHER

13-12-2024

 ਸ਼ਰਧਾ ਨੂੰ ਠੇਸ

ਮਿਲਾਵਟ ਦਾ ਕਹਿਰ ਇਸ ਕਦਰ ਦੇਸ਼ ਵਿਚ ਪ੍ਰਸਾਰ ਕਰ ਚੁੱਕਿਆ ਹੈ ਕਿ ਹੁਣ ਮਿਲਾਵਟ ਦੇ ਚੁੰਗਲ ਵਿਚੋਂ ਨਿਕਲਣਾ ਮੁਸ਼ਕਿਲ ਜਾਪਦਾ ਹੈ। 21 ਨਵੰਬਰ ਦੀ ਛਪੀ ਖ਼ਬਰ ਰੋਟ ਦੇ ਨਮੂਨੇ ਫੇਲ੍ਹ ਹੋਣ ਦੀ ਚਰਚਾ ਨੇ ਜਿਥੇ ਲੱਖਾਂ ਸ਼ਰਧਾਲੂਆਂ ਦੀ ਸ਼ਰਧਾ ਨੂੰ ਠੇਸ ਪਹੁੰਚਾਈ ਹੈ, ਉਥੇ ਟਰੱਸਟ ਦੀ ਮਿਲੀਭੁਗਤ ਵੀ ਇਸ ਵਿਚ ਸ਼ਾਮਿਲ ਹੁੰਦੀ ਦਿਖਾਈ ਦਿੰਦੀ ਹੈ। ਟਰੱਸਟ ਨੇ ਰੋਟ ਬਣਾਉਣ ਵਾਲੀ ਕੰਟੀਨ ਨੂੰ ਤਾਂ ਬੰਦ ਕਰਨ ਦੇ ਹੁਕਮ ਦੇ ਦਿੱਤੇ ਹਨ, ਪ੍ਰੰਤੂ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਸਬੰਧਤ ਟਰੱਸਟ ਬਾਬਾ ਬਾਲਕ ਨਾਥ ਮੰਦਰ ਵਿਚ ਬਣ ਰਹੇ ਪ੍ਰਸ਼ਾਦ ਦੀ ਸਮੇਂ ਸਮੇਂ ਤੇ ਨਮੂਨੇ ਭੇਜ ਕੇ ਜਾਂਚ ਕਿਉਂ ਨਹੀਂ ਕਰਵਾਉਂਦਾ। ਜੇਕਰ ਟਰੱਸਟ ਨੇ ਸੰਜੀਦਗੀ ਵਰਤੀ ਹੁੰਦੀ ਤਾਂ ਅੱਜ ਨਮੂਨੇ ਫੇਲ੍ਹ ਨਹੀਂ ਸੀ ਹੋਣੇ। ਕਿੰਨੇ ਸ਼ਰਧਾਲੂਆਂ ਨੂੰ ਬੇਹਾ ਅਤੇ ਮਿਲਾਵਟੀ ਪ੍ਰਸ਼ਾਦ ਖਾਣਾ ਪਿਆ, ਇਸ ਨਾਲ ਕਿਸੇ ਸ਼ਰਧਾਲੂ ਦੀ ਸਿਹਤ ਖ਼ਰਾਬ ਹੋ ਕੇ ਬਿਮਾਰੀਆਂ ਦਾ ਖ਼ਤਰਾ ਵਧ ਸਕਦਾ ਹੈ। ਇਸ ਤੋਂ ਪਹਿਲਾਂ ਵੀ ਦੇਸ਼ ਵਿਚ ਇਕ ਪ੍ਰਸਿੱਧ ਮੰਦਰ ਦਾ ਪ੍ਰਸ਼ਾਦ ਵੀ ਮਿਲਾਵਟੀ ਪਾਇਆ ਗਿਆ ਪਰ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਬਚਾਉਣ ਦੇ ਯਤਨ ਕੀਤੇ ਗਏ।ਜੇਕਰ ਠੋਸ ਸਜ਼ਾਵਾਂ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਇਹ ਮਿਲਾਵਟ ਦਾ ਸਿਲਸਿਲਾ ਇਸ ਤਰ੍ਹਾਂ ਚਲਦਾ ਰਹੇਗਾ। ਕੰਟੀਨ ਦੇ ਨਾਲ ਨਾਲ ਸਬੰਧਤ ਉੱਚ ਅਧਿਕਾਰੀਆਂ ਤੇ ਵੀ ਬਣਦੀ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਵਿਚ ਅਜਿਹੀਆਂ ਮਿਲਾਵਟੀ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਸੁਨੇਹਾ ਦਿੱਤਾ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ

ਕਿਸਾਨਾਂ ਨੂੰ ਸੋਚਣਾ ਚਾਹੀਦਾ ਹੈ

20 ਨਵੰਬਰ ਵਾਲੇ ਅੰਕ 'ਚ ਡਾ. ਤਜਿੰਦਰ ਵਿਰਲੀ ਦਾ ਡੀਏਪੀ ਖਾਦ ਬਾਰੇ ਲੇਖ ਪੜ੍ਹਿਆ। ਜਿਸ ਵਿਚ ਖਾਦ ਦੀ ਕਿੱਲਤ ਤੇ ਉਸ ਦੇ ਹੱਲ ਬਾਰੇ ਦੱਸਿਆ ਗਿਆ ਹੈ। ਲੇਖਕ ਵਲੋਂ ਜਾਣਕਾਰੀ ਭਰਪੂਰ ਲੇਖ ਦੁਆਰਾ ਡੀਏਪੀ ਖਾਦ ਦੀ ਕਿੱਲਤ ਨੂੰ ਧਿਆਨ 'ਚ ਰੱਖਦੇ ਹੋਏ ਐਨ.ਪੀ.ਕੇ. ਖਾਦ ਦੀ ਵਰਤੋਂ ਕੀਤੇ ਜਾਣ ਦੀ ਦਿੱਤੀ ਗਈ ਰਾਏ ਕਾਫੀ ਫਾਇਦੇਮੰਦ ਸਾਬਤ ਹੋ ਸਕਦੀ ਹੈ ਜਿਸ 'ਤੇ ਕਿਸਾਨਾਂ ਨੂੰ ਵਿਚਾਰ ਕਰਨਾ ਚਾਹੀਦਾ ਹੈ।

-ਲੈਕਚਰਾਰ ਅਜੀਤ ਖੰਨਾ

ਪ੍ਰਦੂਸ਼ਣ ਨੂੰ ਘਟਾਉਣ ਦੀ ਲੋੜ

ਓਜੋਨ ਪਰਤ ਬਾਰੇ ਜੋ ਆਪਾਂ ਪੜ੍ਹਦੇ ਹਾਂ ਧਰਤੀ ਦੁਆਲੇ ਗਿਲਾਫ ਦੀ ਤਰ੍ਹਾਂ ਮੋਟੀ ਪਰਤ ਹੈ, ਪ੍ਰਦੂਸ਼ਣ ਵਧਣ ਨਾਲ ਓਜ਼ੋਨ ਪਰਤ ਵਿਚ ਛੇਕ ਹੋ ਗਏ ਹਨ। ਇਸ ਦਾ ਕੁਝ ਹੱਦ ਤੱਕ ਜ਼ਿੰਮੇਵਾਰ ਖ਼ੁਦ ਮਨੁੱਖ ਹੀ ਹੈ। ਸੂਰਜ ਦੀਆਂ ਹਾਨੀਕਾਰਕ ਪਰਾਬੈਂਗਣੀ ਕਿਰਨਾਂ ਸਿੱਧੀਆਂ ਛੇਕਾਂ ਵਿਚੋਂ ਧਰਤੀ ਉੱਪਰ ਪਹੁੰਚ ਕੇ ਮਨੁੱਖ ਉੱਪਰ ਹਮਲਾ ਕਰਕੇ ਬਿਮਾਰੀਆਂ ਵਿਚ ਵਾਧਾ ਕਰ ਰਹੀਆਂ ਹਨ। ਜੋ ਬਨਸਪਤੀ, ਕੁਦਰਤੀ ਰੁੱਖ, ਪੌਦਿਆਂ, ਫ਼ਸਲਾਂ ਨੂੰ ਨੁਕਸਾਨ ਪਹੁੰਚਾ ਕੇ ਕੁਝ ਦਹਾਕਿਆਂ ਤੱਕ ਮਨੁੱਖੀ ਜੀਵਨ ਨੂੰ ਵੀ ਤਬਾਹ ਕਰ ਦੇਣਗੀਆਂ। ਉਹ ਓਜ਼ੋਨ ਪਰਤ ਨੂੰ ਬਚਾਉਣ ਲਈ ਧਰਤੀ ਪ੍ਰਦੂਸ਼ਣ, ਹਵਾ ਪ੍ਰਦੂਸ਼ਣ, ਪਾਣੀ ਪ੍ਰਦੂਸ਼ਣ ਆਦਿ ਨੂੰ ਵਧਣ ਤੋਂ ਰੋਕਣਾ ਚਾਹੀਦਾ ਹੈ। ਰੁੱਖ ਲਗਾ ਕੇ ਮਿੱਟੀ ਕਟਾਅ ਤੇ ਹੜ੍ਹਾਂ ਨੂੰ ਰੋਕਣ ਵਿਚ ਵੀ ਮਦਦ ਮਿਲੇਗੀ ਤੇ ਪ੍ਰਦੂਸ਼ਣ ਕੰਟਰੋਲ ਕਰਕੇ ਓਜ਼ੋਨ ਪਰਤ ਨੂੰ ਵੀ ਖਰਾਬ ਹੋਣ ਤੋਂ ਸੰਭਾਲਿਆ ਜਾ ਸਕੇਗਾ। ਕੁਦਰਤੀ ਠੰਢੀ ਮਨ ਨੂੰ ਸ਼ਾਂਤ ਕਰਨ ਵਾਲੀ ਆਕਸੀਜਨ ਗੈਸ ਨਾਲ ਦੇਣ ਵਾਲਾ ਵਡਮੁੱਲਾ ਤੋਹਫ਼ਾ ਬੋਹੜ ਤੇ ਹੋਰ ਰੁੱਖਾਂ ਨੂੰ ਆਪਣੇ ਘਰ ਦੇ ਬਾਹਰ ਲਾਇਆ ਜਾਣਾ ਚਾਹੀਦਾ ਹੈ।

-ਗੌਰਵ ਮੁੰਜਾਲ
ਪੀ.ਸੀ.ਐਸ., ਫਿਰੋਜ਼ਪੁਰ।