ਗੁਰਸੀਸ਼ ਕੌਰ ਨੇ ਨੈਸ਼ਨਲ ਖੇਡਾਂ 'ਚ ਕਾਂਸੀ ਦਾ ਤਮਗਾ ਜਿੱਤਿਆ
ਲੌਂਗੋਵਾਲ (ਸੰਗਰੂਰ), 26 ਦਸੰਬਰ (ਵਿਨੋਦ ਸ਼ਰਮਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਅਦਾਰੇ ਸ਼ਹੀਦ ਭਾਈ ਮਨੀ ਸਿੰਘ ਖਾਲਸਾ ਕਾਲਜ ਲੌਂਗੋਵਾਲ ਦੀ ਵਿਦਿਆਰਥਣ ਗੁਰਸੀਸ਼ ਕੌਰ ਨੇ ਨੈਸ਼ਨਲ ਖੇਡਾਂ ਵਿਚ ਕਾਂਸੀ ਦਾ ਤਮਗਾ ਪ੍ਰਾਪਤ ਕੀਤਾ ਹੈ। ਜਿੱਤ ਕੇ ਪਰਤੀ ਇਸ ਖਿਡਾਰਨ ਦਾ ਕਾਲਜ ਪ੍ਰਬੰਧਕਾਂ ਅਤੇ ਇਲਾਕੇ ਦੇ ਮੋਹਤਬਰਾਂ ਵਲੋਂ ਸ਼ਾਨਦਾਰ ਸਵਾਗਤ ਅਤੇ ਸਨਮਾਨ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਜਸਪ੍ਰੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਸੰਸਥਾ ਵਲੋਂ ਵਿਦਿਆਰਥੀਆਂ ਨੂੰ ਵਿੱਦਿਅਕ, ਧਾਰਮਿਕ ਅਤੇ ਸ਼ਖਸੀਅਤ ਵਿਕਾਸ ਦੇ ਨਾਲ-ਨਾਲ ਵੱਖ-ਵੱਖ ਖੇਡਾਂ ਵਿਚ ਭਾਗ ਲੈਣਾ ਵੀ ਯਕੀਨੀ ਬਣਾਇਆ ਜਾਂਦਾ ਹੈ। ਕਾਲਜ ਦੇ ਖੇਡ ਅਧਿਆਪਕ ਪ੍ਰੋਫੈਸਰ ਅਵਤਾਰ ਸਿੰਘ ਦੀ ਅਗਵਾਈ ਹੇਠ ਇਸ ਵਾਰ ਵੀ ਦਿੱਲੀ ਵਿਖੇ ਹੋਈਆਂ 2023-2024 ਦੀਆਂ ਨੈਸ਼ਨਲ ਖੇਡਾਂ ਦੌਰਾਨ ਕਾਲਜ ਦੀ ਵਿਦਿਆਰਥਣ ਗੁਰਸੀਸ਼ ਕੌਰ ਨੇ ਅੰਡਰ-17 ਕਰਾਟੇ ਵਿਚ ਕਾਂਸੀ ਦਾ ਤਮਗਾ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਇਸ ਹੋਣਹਾਰ ਵਿਦਿਆਰਥਣ ਦੀ ਪ੍ਰਾਪਤੀ ਉਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਭਰਵੀਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਿਦਿਆਰਥਣ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ ਅਤੇ ਖੇਡ ਅਧਿਆਪਕ ਪ੍ਰੋ. ਅਵਤਾਰ ਸਿੰਘ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ।