ਗੁਰੂਹਰਸਹਾਏ ਦੇ ਟਰੈਫਿਕ ਜਾਮ 'ਚ ਫਸੀਆਂ ਸਾਬਕਾ ਕੈਬਨਿਟ ਮੰਤਰੀ ਰਾਣਾ ਸੋਢੀ ਦੀਆਂ ਗੱਡੀਆਂ
ਗੁਰੂਹਰਸਹਾਏ (ਫਿਰੋਜ਼ੁਪਰ), 11 ਦਸੰਬਰ (ਕਪਿਲ ਕੰਧਾਰੀ)-ਗੁਰੂਹਰਸਹਾਏ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਟਰੈਫਿਕ ਦੀ ਸਮੱਸਿਆ ਦਾ ਇੰਨਾ ਬੁਰਾ ਹਾਲ ਹੈ ਕਿ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਹਰ ਸਮੇਂ ਟਰੈਫਿਕ ਜਾਮ ਰਹਿੰਦਾ ਹੈ ਅਤੇ ਅੱਜ ਇਸ ਟ੍ਰੈਫਿਕ ਜਾਮ ਵਿਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਦੇ ਕੌਮੀ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਦੀਆਂ ਗੱਡੀਆਂ ਫਸ ਗਈਆਂ। ਦੱਸ ਦਈਏ ਕਿ ਰਾਣਾ ਗੁਰਮੀਤ ਸਿੰਘ ਸੋਢੀ ਅੱਜ ਗੁਰੂਹਰਸਹਾਏ ਸ਼ਹਿਰ ਵਿਚ ਬੀਤੇ ਦਿਨੀਂ ਵੱਖ-ਵੱਖ ਲੋਕਾਂ ਦੀਆਂ ਹੋਈਆਂ ਮੌਤਾਂ ਕਾਰਨ ਉਨ੍ਹਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਆਏ ਸਨ ਅਤੇ ਜਦੋਂ ਮੇਨ ਬਾਜ਼ਾਰ ਵਿਚ ਪਹੁੰਚੇ ਤਾਂ ਉਹ ਟਰੈਫਿਕ ਜਾਮ ਵਿਚ ਫਸ ਗਏ, ਜਿਸ ਤੋਂ ਬਾਅਦ ਉਨ੍ਹਾਂ ਦੇ ਸੁਰੱਖਿਆ ਕਰਮੀਆਂ ਵਲੋਂ ਇਸ ਟਰੈਫਿਕ ਜਾਮ ਨੂੰ ਖੁੱਲ੍ਹਵਾਇਆ ਗਿਆ, ਜਿਸ ਤੋਂ ਬਾਅਦ ਰਾਣਾ ਸੋਢੀ ਉਥੋਂ ਰਵਾਨਾ ਹੋਏ। ਦੱਸਣਾ ਬਣਦਾ ਹੈ ਕਿ ਟਰੈਫਿਕ ਜਾਮ ਦੁਕਾਨਦਾਰਾਂ ਵਲੋਂ ਆਪਣੀ ਦੁਕਾਨਾਂ ਦੇ ਬਾਹਰ ਵਧਾ ਕੇ ਰੱਖੇ ਗਏ ਸਾਮਾਨ ਕਰਕੇ ਹੁੰਦਾ ਹੈ ਅਤੇ ਪ੍ਰਸ਼ਾਸਨ ਵਲੋਂ ਇਸ ਦਾ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ।