ਕੈਂਟਰ ਚਾਲਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਬਜ਼ੁਰਗ ਗੰਭੀਰ ਜ਼ਖਮੀ
ਜੈਤੋ (ਫਰੀਦਕੋਟ), 26 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਜੈਤੋ-ਬਿਸ਼ਨੰਦੀ ਰੋਡ ’ਤੇ ਸਥਿਤ ਪੈਟਰੋਲ ਪੰਪ ਦੇ ਨਜ਼ਦੀਕ ਇਕ ਕੈਂਟਰ ਚਾਲਕ ਵਲੋਂ ਮੋਟਰਸਾਈਕਲ ਨੂੰ ਟੱਕਰ ਮਾਰ ਦੇਣ ਨਾਲ ਬਜ਼ੁਰਗ ਵਿਅਕਤੀ ਦੇ ਫੱਟੜ ਹੋਣ ਦਾ ਪਤਾ ਲੱਗਾ ਹੈ। ਇਸ ਮੌਕੇ ਪਿੰਡ ਰੋੜੀਕਪੂਰਾ ਦੇ ਸਾਬਕਾ ਪੰਚਾਇਤ ਮੈਂਬਰ ਸਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜਗਸੀਰ ਸਿੰਘ (70) ਪੁੱਤਰ ਅਜੈਬ ਸਿੰਘ ਵਾਸੀ ਰੋੜੀਕਪੂਰਾ ਜੋ ਕਿ ਪਿੰਡ ਬਿਸ਼ਨੰਦੀ ਵਿਖੇ ਇਕ ਸ਼ੈਲਰ ਵਿਚ ਰਾਤ ਦੀ ਡਿਊਟੀ ਨਿਭਾਉਣ ਉਪਰੰਤ ਜਦੋਂ ਕਿਸੇ ਮੋਟਰਸਾਈਕਲ ਚਾਲਕ ਦੇ ਮਗਰ ਬੈਠ ਕੇ ਬਿਸ਼ਨੰਦੀ ਤੋਂ ਜੈਤੋ ਵੱਲ ਆ ਰਹੇ ਸਨ ਤਾਂ ਭਗਤੂਆਣਾ ਤੋਂ ਪਹਿਲਾਂ ਆਉਂਦੇ ਪੈਟਰੋਲ ਪੰਪ ਦੇ ਨਜ਼ਦੀਕ ਕਿਸੇ ਅਣਪਛਾਤੇ ਕੈਂਟਰ ਚਾਲਕ ਨੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਨਾਲ ਜਗਸੀਰ ਸਿੰਘ ਦੇ ਗੰਭੀਰ ਸੱਟਾਂ ਵੱਜੀਆਂ, ਦੀ ਸੂਚਨਾ ਸਮਾਜ ਸੇਵੀ ਸੰਸਥਾ ਚੜ੍ਹਦੀ ਕਲਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਜੈਤੋ ਦੇ ਮੀਤ ਸਿੰਘ ਮੀਤਾ ਨੂੰ ਫੋਨ ’ਤੇ ਦਿੱਤੀ ਤਾਂ ਉਹ ਤੁਰੰਤ ਐਂਬੂਲੈਂਸ ਲੈ ਕੇ ਮੌਕੇ ’ਤੇ ਪਹੁੰਚੇ ਅਤੇ ਫੱਟੜ ਜਗਸੀਰ ਸਿੰਘ ਨੂੰ ਚੁੱਕ ਕੇ ਸਥਾਨਕ ਸੇਠ ਰਾਮ ਨਾਥ ਸਿਵਲ ਹਸਪਤਾਲ ਵਿਖੇ ਲੈ ਕੇ ਪਹੁੰਚੇ ਪਰ ਡਿਊਟੀ ’ਤੇ ਮੌਜੂਦ ਡਾਕਟਰ ਨੇ ਜਗਸੀਰ ਸਿੰਘ ਨੂੰ ਮੁੱਢਲੀ ਸਹਾਇਤਾ ਦੇ ਕੇ ਰੈਫਰ ਕਰ ਦਿੱਤਾ ਅਤੇ ਪਰਿਵਾਰਕ ਮੈਂਬਰਾਂ ਨੇ ਜਗਸੀਰ ਸਿੰਘ ਨੂੰ ਬਠਿੰਡਾ ਦੇ ਇਕ ਹਸਪਤਾਲ ਵਿਖੇ ਦਾਖਲ ਕਰਵਾਇਆ।