ਅਦਾਕਾਰੀ ਤੋਂ ਸੰਨਿਆਸ ਲੈਣਗੇ ਵਿਕਰਾਂਤ ਮੈਸੀ
ਮਹਾਰਾਸ਼ਟਰ, 2 ਦੰਸਬਰ- ਬਾਲੀਵੁੱਡ ਅਦਾਕਾਰ ਵਿਕਰਾਂਤ ਮੈਸੀ ਨੇ ਆਪਣੀ ਹਾਲੀਆ ਇੰਸਟਾਗ੍ਰਾਮ ਪੋਸਟ ਵਿਚ ਅਦਾਕਾਰੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਹਾਲ ਹੀ ’ਚ ਅਭਿਨੇਤਾ ਨੂੰ ਫਿਲਮ ‘ਦਿ ਸਾਬਰਮਤੀ ਰਿਪੋਰਟ’ ’ਚ ਦੇਖਿਆ ਗਿਆ ਸੀ। ਇਸ ਤੋਂ ਪਹਿਲਾਂ ‘12ਵੀਂ ਫੇਲ’ ਅਤੇ ‘ਸੈਕਟਰ 36’ ਵਰਗੀਆਂ ਫਿਲਮਾਂ ’ਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਦੀ ਸ਼ਲਾਘਾ ਹੋਈ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਵਿਕਰਾਂਤ ਇਸ ਸਫਲਤਾ ਦਾ ਫਾਇਦਾ ਉਠਾ ਕੇ ਅੱਗੇ ਵਧਣਗੇ ਪਰ ਅਭਿਨੇਤਾ ਨੇ ਅਚਾਨਕ ਸੰਨਿਆਸ ਲੈਣ ਦਾ ਫੈਸਲਾ ਕਰ ਲਿਆ ਹੈ। 37 ਸਾਲ ਦੀ ਉਮਰ ਵਿਚ ਉਹ ਅਦਾਕਾਰੀ ਨੂੰ ਅਲਵਿਦਾ ਕਹਿਣ ਜਾ ਰਹੇ ਹਨ। ਉਨ੍ਹਾਂ ਪੋਸਟ ਸਾਂਝੀ ਕਰ ਲਿਖਿਆ ਕਿ ਪਿਛਲੇ ਕੁਝ ਸਾਲ ਅਤੇ ਉਸ ਤੋਂ ਪਹਿਲਾਂ ਦਾ ਸਮਾਂ ਸ਼ਾਨਦਾਰ ਰਿਹਾ ਹੈ। ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਹਮੇਸ਼ਾ ਮੇਰਾ ਸਮਰਥਨ ਕੀਤਾ ਹੈ, ਪਰ ਜਿਵੇਂ-ਜਿਵੇਂ ਮੈਂ ਅੱਗੇ ਵਧਿਆ ਹਾਂ, ਮੈਨੂੰ ਅਹਿਸਾਸ ਹੋਇਆ ਹੈ ਕਿ ਇਕ ਪਤੀ, ਪਿਤਾ, ਪੁੱਤਰ ਅਤੇ ਇਕ ਅਦਾਕਾਰ ਦੇ ਰੂਪ ਵਿਚ ਵੀ ਮੇਰੇ ਲਈ ਇਹ ਸਮਾਂ ਆਪਣੇ ਆਪ ਨੂੰ ਤਿਆਰ ਕਰਨ ਤੇ ਘਰ ਪਰਤਣ ਦਾ ਹੈ।