ਅਕਾਲੀ ਆਗੂਆਂ ਦੀ ਪੇਸ਼ੀ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਮਣੇ ਕੀਤੀ ਗਈ ਸਖਤ ਬੈਰੀਕੇਡਿੰਗ
ਅੰਮ੍ਰਿਤਸਰ, 2 ਦਸੰਬਰ (ਜਸਵੰਤ ਸਿੰਘ ਜੱਸ, ਰੇਸ਼ਮ ਸਿੰਘ, ਹਰਮਿੰਦਰ ਸਿੰਘ)- ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਸੁਖਬੀਰ ਸਿੰਘ ਬਾਦਲ ਸਮੇਤ ਸੀਨੀਅਰ ਅਕਾਲੀ ਆਗੂਆਂ, ਤਤਕਾਲੀ ਕੋਰ ਕਮੇਟੀ ਮੈਂਬਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਅੰਤਰਿੰਗ ਕਮੇਟੀ ਮੈਂਬਰਾਂ ਦੇ ਬਾਅਦ ਦੁਪਹਿਰ 1 ਵਜੇ ਪੇਸ਼ ਹੋਣ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਹਨ।। ਇਨ੍ਹਾਂ ਆਗੂਆਂ ਦੇ ਸ੍ਰੀ ਅਕਾਲ ਤਖਤ ਸਾਹਿਬ ਦੀ ਫ਼ਸੀਲ ਹੇਠਾਂ ਖੜੇ ਹੋਣ ਨੂੰ ਲੈ ਕੇ ਵਿਸ਼ੇਸ਼ ਬੈਰੀਕੇਡਿੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਪੁਲਿਸ ਅਤੇ ਖੁਫੀਆ ਤੰਤਰ ਨਾਲ ਸੰਬੰਧਿਤ ਸਾਦਾ ਕੱਪੜਿਆਂ ਵਿਚ ਵੱਡੀ ਗਿਣਤੀ ਵਿਚ ਅਧਿਕਾਰੀ ਤੇ ਕਰਮਚਾਰੀ ਸ਼ਾਮਿਲ ਹਨ। ਇੱਥੇ ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ਵਿਚ ਹੋਰ ਅਕਾਲੀ ਆਗੂ ਤੇ ਵਰਕਰ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜੇ ਹੋਏ ਹਨ।