01-12-2024
ਜਸਬੀਰ ਕੌਰ ਬਰਨਾਲਾ ਦੀਆਂ ਸਮੁੱਚੀਆਂ ਕਵਿਤਾਵਾਂ
ਸੰਪਾਦਨ : ਡਾ. ਬਲਦੇਵ ਸਿੰਘ ਬੱਧਣ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 300 ਰੁਪਏ, ਸਫ਼ੇ : 156
ਸੰਪਰਕ : 99558-31357
ਇਸ ਪੁਸਤਕ ਦੇ ਸੰਪਾਦਕ ਡਾ. ਬਲਦੇਵ ਸਿੰਘ ਬੱਧਣ ਹਨ। ਪੁਸਤਕ ਵਿਚ ਜਸਬੀਰ ਕੌਰ ਬਰਨਾਲਾ ਦੀਆਂ ਲਿਖੀਆਂ ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਜਸਬੀਰ ਕੌਰ ਬਰਨਾਲਾ ਦੇ ਲਿਖਣ ਦਾ ਆਪਣਾ ਹੀ ਨਿਵੇਕਲਾ ਢੰਗ ਹੈ ਅਤੇ ਜੋ ਵੀ ਕਹਿੰਦੀ ਹੈ, ਉਹ ਸਾਰਥਿਕ ਅਰਥ ਭਰਪੂਰ ਤੇ ਡੂੰਘਾ ਹੈ। ਉਹ ਨਾਰੀ ਦੇ ਦਿਲ ਨੂੰ ਚੰਗੀ ਤਰ੍ਹਾਂ ਦੇ ਨਾਲ ਸਮਝਦੀ ਹੈ ਅਤੇ ਇਸ ਵਿਸ਼ੇ 'ਤੇ ਜੋ ਵੀ ਲਿਖਦੀ ਹੈ, ਉਹ ਪੂਰੀ ਤਰ੍ਹਾਂ ਦੇ ਨਾਲ ਖੁੱਭ ਕੇ ਲਿਖਦੀ ਹੈ, ਜਿਸ ਦੀ ਜਿੰਨੀ ਵੀ ਦਾਦ ਦਿੱਤੀ ਜਾਵੇ, ਓਨੀ ਥੋੜ੍ਹੀ ਹੈ। ਇਨ੍ਹਾਂ ਦੀਆਂ ਰਚਨਾਵਾਂ ਆਪਣੇ ਵਿਚ ਆਪ ਹੀ ਬੋਲਦੀਆਂ ਹਨ। ਇਸ ਕਵਿੱਤਰੀ ਨੇ ਪਹਿਲਾਂ ਵੀ ਕੁਝ ਪੁਸਤਕਾਂ ਲਿਖ ਕੇ ਪਾਠਕਾਂ ਦੇ ਦਿਲ ਵਿਚ ਆਪਣੀ ਵੱਖਰੀ ਥਾਂ ਬਣਾਈ ਹੋਈ ਹੈ। ਇਸ ਨੇ ਵੱਖ-ਵੱਖ ਵਿਸ਼ਿਆਂ 'ਤੇ ਅਰਥ ਭਰਪੂਰ ਕਵਿਤਾਵਾਂ ਲਿਖ ਕੇ ਪਾਠਕਾਂ ਨੂੰ ਵੀ ਹਲੂਣ ਕੇ ਰੱਖ ਦਿੱਤਾ ਹੈ ਅਤੇ ਪਾਠਕ ਨੂੰ ਇਨ੍ਹਾਂ ਦੀ ਨਵੀਂ ਲਿਖੀ ਰਚਨਾ ਪੜ੍ਹਨ ਦੀ ਉਤਸੁਕਤਾ ਰਹਿੰਦੀ ਹੈ। ਲੇਖਕਾਂ ਦੀ ਸੋਚ ਮਾਨਵਵਾਦੀ ਹੈ ਅਤੇ ਉਹ ਸਭ ਦਾ ਭਲਾ ਲੋਚਦੀ ਹੈ। ਲੇਖਿਕਾ ਦੇ ਕੰਨ ਤੇ ਅੱਖਾਂ ਪੂਰੀ ਤਰ੍ਹਾਂ ਦੇ ਨਾਲ ਖੁੱਲ੍ਹਦੀਆਂ ਹਨ ਅਤੇ ਸਮਾਜ ਵਿਚ ਵਾਪਰ ਰਹੇ ਹਰ ਘਟਨਾ ਤੇ ਸਥਿਤੀ ਨੂੰ ਪੂਰੀ ਤਰ੍ਹਾਂ ਦੇ ਨਾਲ ਵਾਚਦੀ ਹੈ ਅਤੇ ਉਹ ਆਲੇ-ਦੁਆਲੇ ਫੈਲੇ ਭ੍ਰਿਸ਼ਟਾਚਾਰ ਤੋਂ ਵੀ ਦੁਖੀ ਹੁੰਦੀ ਹੋਈ ਉਸ ਨੂੰ ਬਦਲਣ ਦੀ ਚਾਹ ਵੀ ਰੱਖਦੀ ਹੈ। ਪੁਸਤਕ ਵਿਚਲੀਆਂ ਕਵਿਤਾਵਾਂ ਖੁਸ਼ੀ ਦਾ ਸਮਾਂ, ਮੌਤ ਦਾ ਪਹਿਰਾ, ਕੰਵਾਰੇ ਸ਼ਬਦਾਂ, ਮੇਰੀ ਬੇਟੀ, ਕਾਲੀ ਐਨਕ, ਹਲੂਣਾ, ਸੁੰਦਰਤਾ ਦੀ ਸ਼ਕਤੀ, ਤੂਫ਼ਾਨ, ਆਇਆ ਨਵਾਂ ਸਾਲ, ਮਾਂ ਦੀ ਮਮਤਾ, ਟੁੱਟੀ ਵੰਝਲੀ, ਰੋਂਦੇ ਨੈਣ, ਖਾਮੋਸ਼ੀ, ਆਲ੍ਹਣਾ ਆਦਿ ਕਵਿਤਾਵਾਂ ਦੇ ਵਿਚ ਕਵਿੱਤਰੀ ਤੇ ਬਹੁਤ ਕੁਝ ਕਹਿ ਕੇ ਸਾਨੂੰ ਹਲੂਣ ਕੇ ਰੱਖ ਦਿੱਤਾ ਹੈ। ਕਵਿੱਤਰੀ ਦੀ ਸੋਚ ਉਡਾਰੀ, ਸ਼ਬਦਾਂ ਦੀ ਚੋਣ ਤੇ ਵਿਸ਼ਾ ਕਮਾਲ ਦੇ ਹਨ। ਇਕ ਥਾਂ ਕਵਿੱਤਰੀ ਲਿਖਦੀ ਹੈ : 'ਦੇਸ਼ ਮੇਰੇ ਵਿਚ ਫੈਲਿਆ ਅੱਤਿਆਚਾਰ, ਕਿਵੇਂ ਲਿਖਾਂ ਮੈਂ ਗੀਤ ਦੇਸ਼ ਪਿਆਰ ਦੇ, ਚਾਰੇ ਪਾਸੇ ਪਸਰਿਆ ਭ੍ਰਿਸ਼ਟਾਚਾਰ, ਮੰਦਰ, ਮਸਜਿਦ, ਗਿਰਜੇ, ਗੁਰਦੁਆਰੇ, ਕਤਲਗਾਹਾਂ ਬਣ ਗਏ ਨੇ ਸਾਰੇ।' ਉਹ ਇਕ ਥਾਂ ਹੋਰ ਲਿਖਦੀ ਹੈ, 'ਹੋ ਗਿਆ ਮਨ ਕਿਉਂ ਉਦਾਸ, ਕੀ ਬਾਤ ਹੋ ਗਈ, ਕੀ ਕਿਸੇ ਆਪਣੇ ਦੇ ਨਾਲ, ਮੁਲਾਕਾਤ ਹੋ ਗਈ।'
-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 092105-88990
ਅੱਖ 'ਚ ਅਟਕਿਆ ਗਲੇਡੂ
ਲੇਖਕ : ਡਾ. ਬਲਜੀਤ ਸਿੰਘ ਢਿੱਲੋਂ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 295 ਰੁਪਏ, ਸਫ਼ੇ : 136
ਸੰਪਰਕ : 98768-01309
'ਅੱਖ 'ਚ ਅਟਕਿਆ ਗਲੇਡੂ' ਡਾ. ਬਲਜੀਤ ਸਿੰਘ ਢਿਲੋਂ ਦੁਆਰਾ ਲਿਪੀਅੰਕਿਤ ਕੀਤਾ ਗਿਆ ਤੀਸਰਾ ਕਹਾਣੀ ਸੰਗ੍ਰਹਿ ਹੈ। ਡਾ. ਬਲਜੀਤ ਸਿੰਘ ਢਿੱਲੋਂ ਆਪ ਨੇਤਰ ਰੋਗਾਂ ਦੇ ਮਾਹਿਰ ਡਾਕਟਰ ਹਨ, ਪਰ ਫਿਰ ਵੀ ਉਨ੍ਹਾਂ ਦਾ ਪੰਜਾਬੀ ਕਹਾਣੀਆਂ ਅਤੇ ਆਪਣੇ ਵਿਰਸੇ ਪ੍ਰਤੀ ਇਕ ਖ਼ਾਸ ਲਗਾਅ, ਜੋ ਉਨ੍ਹਾਂ ਦੀਆਂ ਕਹਾਣੀਆਂ ਵਿਚ ਦੇਖਣ ਨੂੰ ਮਿਲਦਾ ਹੈ। ਹਥਲੇ ਕਹਾਣੀ ਸੰਗ੍ਰਹਿ ਵਿਚ ਉਨ੍ਹਾਂ ਦੀਆਂ 11 ਕਹਾਣੀਆਂ ਦਰਜ ਹਨ, ਜਿਨ੍ਹਾਂ ਵਿਚ ਉਨ੍ਹਾਂ ਨੇ ਲੋਕਾਂ ਦੇ ਸਮਾਜਿਕ, ਆਰਥਿਕ, ਮਨੋਵਿਗਿਆਨਕ ਪੱਖਾਂ ਨੂੰ ਨਿਸੰਗ ਪ੍ਰਗਟ ਕੀਤਾ ਹੈ। 'ਬਰਲੂ' ਕਹਾਣੀ ਉਨ੍ਹਾਂ ਦੀ ਮਨੁੱਖ ਦੀ ਮਨੋ-ਬਿਰਤੀ ਨੂੰ ਪ੍ਰਗਟ ਕਰਦੀ ਕਹਾਣੀ ਹੈ। ਕਹਾਣੀ ਵਿਚ ਬਾਲ੍ਹੋ ਦੁਆਰਾ ਸੱਤ ਰੰਗਾ ਤਵੀਤ ਲਾਹ ਕੇ ਸੁੱਟਣਾ ਮਨੁੱਖਤਾ ਦਾ ਆਧੁਨਿਕਤਾ ਦਾ ਪੱਲਾ ਫੜ ਵਹਿਮਾਂ-ਭਰਮਾਂ ਨੂੰ ਸਿਰੇ ਤੋਂ ਉਖੇੜ ਸੁੱਟਣ ਦੇ ਪ੍ਰਤੀਕ ਵਜੋਂ ਰੂਪਮਾਨ ਹੁੰਦਾ ਹੈ। 'ਗੇਲੋ' ਕਹਾਣੀ ਇਸ ਪੁਸਤਕ ਦੀ ਇਕ ਲਾਜਵਾਬ ਕਹਾਣੀ ਦੀ ਮਿਸਾਲ ਹੈ। ਕਹਾਣੀ ਦਾ ਚੌਖਟਾ ਬਹੁਤ ਹੀ ਦਮਦਾਰ ਹੈ। 'ਅੱਖਾਂ ਵਿਚ ਅਟਕਿਆ ਗਲੇਡੂ' ਇਕ ਹਾਸ-ਰੱਸੀ ਕਹਾਣੀ ਹੋ ਨਿੱਬੜਦੀ ਹੈ। ਕਹਾਣੀਕਾਰ ਨੇ ਸਮਾਜ ਵਿਚ ਵਾਪਰ ਰਹੇ ਹਲਕੇ-ਫੁਲਕੇ ਵਿਸ਼ੇ ਨੂੰ ਆਪਣੀ ਕਹਾਣੀ ਦਾ ਵਿਸ਼ਾ ਲਿਆ ਹੈ। 'ਤਲਬ' ਕਹਾਣੀ ਵਿਚ ਆਗਾਜ਼ ਨਾਂਅ ਦੀ ਕੁੜੀ ਜੋ ਬਚਪਨ ਤੋਂ ਹੀ ਆਪਣੇ ਬਾਪੂ ਦੇ ਨੌਕਰ ਦੇ ਮੁੰਡੇ ਸੁਖਰਾਜ ਨੂੰ ਪਸੰਦ ਕਰਦੀ ਹੈ ਉਸ ਦੀ ਕਹਾਣੀ ਹੈ। ਆਪਣੇ ਪਿਆਰ ਦੀ ਪੂਰਤੀ ਦੀ ਤਲਬ ਵਿਚ ਉਹ ਸਾਰੇ ਸਮਾਜ ਤੋਂ ਹੀ ਵਿੱਥ ਬਣਾ ਲੈਂਦੀ ਹੈ। ਇਸ ਕਹਾਣੀ ਵਿਚ ਸੁਖਰਾਜ ਇੱਕ ਸੁਹਿਰਦ ਪਾਤਰ ਵਜੋਂ ਉੱਭਰ ਕੇ ਸਾਹਮਣੇ ਆਉਂਦਾ ਹੈ। ਪਰ ਪਿੰਡ ਵਾਲਿਆਂ ਲਈ ਉਹ ਤਰਸ ਦਾ ਪਾਤਰ ਹੈ ਕਿਉਂਕਿ ਸੁਖਰਾਜ ਦਾ ਪਿਉ ਪਹਿਲਾਂ ਹੀ ਆਗਾਜ਼ ਦੇ ਟੱਬਰ ਨੂੰ ਬਚਾਉਂਦਾ ਆਪਣੀ ਜਾਨ ਉਨ੍ਹਾਂ ਲਈ ਗਵਾ ਬੈਠਾ ਸੀ ਅਤੇ ਉਨ੍ਹਾਂ ਅਨੁਸਾਰ ਇੱਥੇ ਉਨ੍ਹਾਂ ਨੂੰ ਸੁਖਰਾਜ ਨਾਲ ਵੀ ਧੱਕਾ ਹੋਇਆ ਲੱਗਦਾ ਹੈ। 'ਕੁਲਫ਼ੀ ਵਾਲੀ ਕੁੜੀ', 'ਬੇਰੀਆਂ ਵਾਲਾ ਖ਼ੂਹ' ਵੀ ਇਸ ਕਹਾਣੀ ਸੰਗ੍ਰਹਿ ਦੀਆਂ ਖ਼ੂਬਸੂਰਤ ਕਹਾਣੀਆਂ ਹਨ। 'ਰੋਟੀ ਧਰਮ' ਨੂੰ ਇਸ ਸੰਗ੍ਰਹਿ ਦੀ ਸਭ ਤੋਂ ਬੇ-ਮਿਸਾਲ ਕਹਾਣੀ ਕਹਿ ਲਿਆ ਜਾਵੇ ਤਾਂ ਕੁਝ ਵੀ ਗਲ਼ਤ ਨਹੀਂ ਹੋਵੇਗਾ। ਅਵਤਾਰ ਸਿੰਘ ਪਾਤਰ ਰਾਹੀਂ ਕਹਾਣੀਕਾਰ ਪਾਠਕਾਂ ਦੇ ਸਮਰੱਥ ਧਰਮ ਦੇ ਮੌਲਿਕ ਅਰਥਾਂ ਉੱਤੇ ਚਾਨਣਾ ਪਾਉਂਦਾ ਹੈ। ਇਸ ਕਹਾਣੀ ਦੀ ਪੇਸ਼ਕਾਰੀ ਵਿਚ ਲੇਖਕ ਦਾ ਕਮਾਲ ਹੈ ਕਿ ਸੰਵਾਦਕ-ਨਾਟਕੀ ਪੇਸ਼ਕਾਰੀ ਜੋ ਧਰਮ ਦੇ ਅਰਥਾਂ ਨੂੰ ਤਰਕਵਾਦ ਦੇ ਅਧਾਰ ਉੱਤੇ ਰੂਪਮਾਨ ਕਰਦਾ ਹੈ। 'ਹੱਡੋ-ਰੋੜੇ' ਕਹਾਣੀ ਵਿਚ ਕਹਾਣੀਕਾਰ ਪਿੱਛਲ-ਝਾਤ ਵਿਧੀ ਦਾ ਪ੍ਰਯੋਗ ਬਹੁਤ ਸਫ਼ਲ ਢੰਗ ਨਾਲ ਕਰਦਾ ਹੈ। ਇਸ ਕਹਾਣੀ ਵਿਚ ਪੰਜਾਬ ਉੱਤੇ ਸਮੇਂ-ਸਮੇਂ ਹਾਵੀ ਹੁੰਦੇ ਤਰਾਸਦੀਆਂ ਦੇ ਦੌਰ ਦਾ ਜ਼ਿਕਰ ਕੀਤਾ ਗਿਆ। ਇਸ ਕਹਾਣੀ ਵਿਚ ਕਹਾਣੀਕਾਰ ਦਾ ਕਮਾਲ ਪ੍ਰਤੀਕ ਸਿਰਜਣ ਵਿਚ ਹੈ। ਕਹਾਣੀ ਦੇ ਅੰਤ ਵਿਚ 'ਪੋਤਰੇ ਨੇ ਦਾਦੇ ਦੀਆਂ ਸਾਰੀਆਂ ਜੇਬਾਂ ਫੋਲੀਆਂ ਉਨ੍ਹਾਂ ਵਿਚੋਂ ਉਸ ਨੂੰ ਜਾਰਜ ਪੰਚਮ ਦੀ ਫੋਟੋ ਵਾਲਾ ਖੋਟਾ ਰੁਪਈਆ ਮਿਲਿਆ.... ਜਵਾਨ ਹੋ ਰਹੇ ਉਸ ਦੇ ਪੋਤਰੇ ਨੇ ਦਾਦੇ ਨੂੰ ਗੁੱਸੇ ਵਿਚ ਚਿੱਟੇ ਦਾ ਟੀਕਾ ਲਾ ਦਿੱਤਾ ਬਾਕੀ ਬੱਚਦਾ ਆਪਣੇ ਲਾ ਲਿਆ.... ਆਖ਼ਰ ਪੋਤੇ ਦੀ ਲਾਸ਼ ਹੱਡੋ-ਰੋੜੇ ਵਾਲੇ ਛੱਪੜ ਕੰਢਿਓਂ ਮਿਲ ਗਈ।'' ਕਹਾਣੀਕਾਰ ਦੀਆਂ ਕਹਾਣੀਆਂ ਨੇ ਠੇਠ ਪੰਜਾਬੀ ਦਾ ਮੁਹਾਂਦਰਾ ਅਖ਼ਤਿਆਰ ਕੀਤਾ ਹੈ। ਗਤੀਸ਼ੀਲਤਾ ਦੀ ਧੁੰਦ ਵਿਚ ਗੁਆਚ ਗਏ ਕਈ ਸ਼ਬਦ ਕਹਾਣੀਆਂ ਵਿਚ ਲੋਕਾਂ ਦੇ ਜ਼ਿਹਨ ਵਿਚ ਮੁੜ ਸੁਰਜੀਤ ਕੀਤੇ ਹਨ। ਕਹਾਣੀਕਾਰ ਨੂੰ ਪੰਜਾਬ ਦੇ ਪਿੰਡਾਂ ਦਾ ਵੀ ਚੋਖਾ ਗਿਆਨ ਹੈ। ਉਸ ਦੀਆਂ ਕਹਾਣੀਆਂ ਦੇ ਵਿਸ਼ੇ ਬੇ-ਪਛਾਣੇ ਨਹੀਂ ਬਲਕਿ ਜਾਣੇ-ਪਹਿਚਾਣੇ ਹਨ, ਪਰ ਲੋਕ ਅਕਸਰ ਇਨ੍ਹਾਂ ਬਾਰੇ ਗੱਲ ਕਰਨੋਂ ਸੰਕੋਚਦੇ ਹਨ, ਪਰ ਲੇਖਕ ਨੇ ਬੇਬਾਕ ਹੋ ਇਨ੍ਹਾਂ ਸ਼ਬਦਾਂ ਦੀ ਲੜੀ ਵਿਚ ਪਰੋਇਆ ਹੈ ਅਤੇ ਆਪਣੇ ਡਾਕਟਰੀ ਅਨੁਭਵ ਦਾ ਲਾਭ ਉੱਠਾ ਇਨ੍ਹਾਂ ਨੇ ਹਰ ਵਿਸ਼ੇ ਵਿਚ ਸਪਸ਼ੱਟਤਾ ਦਾ ਪ੍ਰਗਟਾ ਕੀਤਾ ਹੈ। ਕਹਾਣੀਕਾਰ ਦੀਆਂ ਕਹਾਣੀਆਂ ਪੰਜਾਬ ਦੇ ਲੋਕ ਵਿਹਾਰ ਨੂੰ ਪ੍ਰਗਟ ਕਰਦੀਆਂ ਆਪਣੇ ਅੰਦਰ ਪੰਜਾਬੀਆਂ ਦੇ ਸੱਧਰਾਂ ਦੀਆਂ ਅਣ-ਸੁਲਝਿਆਂ ਗੰਢਾਂ ਨੂੰ ਸਮੋਈ ਬੈਠੀਆਂ ਹਨ।
-ਜਸਕਿਰਨਜੀਤ ਕੌਰ
ਮੋਬਾਈਲ : 88476-94338
ਚੰਗੇ ਬੱਚੇ-2
ਲੇਖਕ : ਜਸਪਾਲ ਸਿੰਘ ਨਾਗਰਾ
ਪ੍ਰਕਾਸ਼ਕ : ਨਵਰੰਗ ਪਬਲੀਕੇੇਸ਼ਨਜ਼, ਸਮਾਣਾ
ਮੁੱਲ : 100 ਰੁਪਏ, ਸਫ਼ੇ : 16
ਸੰਪਰਕ : 99151-29747
'ਚੰਗੇ ਬੱਚੇ (ਭਾਗ 2)' ਬਾਲ ਕਾਵਿ-ਸੰਗ੍ਰਹਿ ਜਸਪਾਲ ਸਿੰਘ ਨਾਗਰਾ ਰਚਿਤ ਕ੍ਰਿਤ ਹੈ। ਇਸ ਪੁਸਤਕ ਵਿਚ ਬਾਲ ਸਾਹਿਤ ਸਿਰਜਣਾ ਦੇ ਮੂਲ ਆਸ਼ੇ ਦੀ ਤਰਜਮਾਨੀ ਕਰਦੀਆਂ ਕਵਿਤਾਵਾਂ ਹਨ ਜੋ ਪੰਜ ਤੋਂ ਅੱਠ ਸਾਲਾਂ ਦੀ ਉਮਰ-ਗੁੱਟ ਦੇ ਬਾਲ ਪਾਠਕਾਂ ਦੀਆਂ ਪੜ੍ਹਨ ਰੁਚੀਆਂ ਨੂੰ ਪ੍ਰਫੁੱਲਿਤ ਕਰਦੀਆਂ ਹਨ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਤੇ ਸੁਪਨਿਆਂ ਦੀ ਤਰਜਮਾਨੀ ਕਰਦੀਆਂ ਹਨ। ਇਸ ਬਾਲ-ਕਾਵਿ ਸੰਗ੍ਰਹਿ ਵਿਚ ਇਕ ਚੇਤੰਨ ਕਵੀ ਵਾਂਗ ਕਲਮਕਾਰ ਅਜਿਹੀਆਂ ਨਕਾਰਾਤਮਿਕ ਅੰਧਵਿਸ਼ਵਾਸੀ ਅਤੇ ਸਮਾਜ ਵਿਰੋਧੀ ਪ੍ਰਵਿਰਤੀਆਂ ਦੀ ਮੁਖ਼ਾਲਫ਼ਤ ਕਰਦਾ ਹੈ ਜੋ ਬਚਪਨ ਦੀ ਪਾਕ-ਪਵਿੱਤਰ ਤੇ ਖ਼ੁਸ਼ਬੂਦਾਰ ਬਗ਼ੀਚੀ ਲਈ ਹਾਨੀਕਾਰਕ ਮਾਹੌਲ ਪੈਦਾ ਕਰਦੀਆਂ ਹਨ।
ਕਵੀ ਦੀ ਕਾਵਿ ਸਿਰਜਣਾ ਦਾ ਉਸਾਰੂ ਪਹਿਲੂ ਇਹ ਹੈ ਕਿ ਉਹ ਪ੍ਰਕਿਰਤਕ-ਸੌਂਦਰਯ ਨੂੰ ਕਾਇਮ ਰੱਖਣ ਲਈ ਸਾਰਥਿਕ ਉਦਮ ਕਰਦੇ ਰਹਿਣ ਦੀ ਪ੍ਰੇਰਨਾ ਦਿੰਦਾ ਹੈ ਅਤੇ ਰੁੱਖ ਨਾ ਕੱਟਣ ਦੀ ਪ੍ਰੇਰਨਾ ਦਿੰਦਾ ਹੋਇਆ ਗ੍ਰੀਨ ਦੀਵਾਲੀ ਮਨਾਉਣ ਦਾ ਸਮਰਥਨ ਕਰਦਾ ਹੈ। ਕਵੀ ਵਰਤਮਾਨ ਸਿੱਖਿਆ ਪ੍ਰਣਾਲੀ ਵਿਚ ਗਣਿਤ ਵਿਗਿਆਨ ਮੇਲੇ ਦਾ ਵਿਸ਼ੇਸ਼ ਜ਼ਿਕਰ ਕਰਦਾ ਹੈ। ਐਤਵਾਰ ਦੀ ਛੁੱਟੀ ਦੌਰਾਨ ਮੌਜ ਮਸਤੀਆਂ ਦਾ ਵਰਨਣ ਕਰਦਾ ਹੈ। ਨਾਲ ਹੀ ਗੱਡੀ ਚਲਾਉਂਦੇ ਹੋਏ ਟ੍ਰੈਫ਼ਿਕ ਨਿਯਮਾਂ ਦਾ ਪਾਲਣ ਕਰਨ ਲਈ ਵੀ ਸਾਵਧਾਨ ਕਰਦਾ ਹੈ। 'ਨਵੇਂ ਅਸੂਲ', 'ਨਵਾਂ ਸਬਕ', 'ਨਵੇਂ ਸਾਲ ਵਿਚ', 'ਹੱਥ ਅਕਲ ਨੂੰ ਮਾਰੋ', 'ਸਮੇਂ ਸਿਰ' ਅਤੇ 'ਛਮ ਛਮ ਵਰਖਾ' ਵੀ ਪੜ੍ਹਨਯੋਗ ਕਵਿਤਾਵਾਂ ਹਨ।
ਇਸ ਪੁਸਤਕ ਵਿਚਲੀ ਲਗਭਗ ਹਰ ਕਵਿਤਾ ਬਾਲ ਪਾਠਕਾਂ ਨੂੰ ਕੋਈ ਨਾ ਕੋਈ ਠੋਸ ਪੈਗ਼ਾਮ ਦਿੰਦੀ ਹੋਈ ਉਸ ਨੂੰ ਆਪਣੇ ਚੌਗਿਰਦੇ, ਮਾਤ ਭਾਸ਼ਾ, ਕੁਦਰਤ ਦੀ ਸਾਂਭ-ਸੰਭਾਲ ਅਤੇ ਗਿਆਨ ਵਿਗਿਆਨ ਪ੍ਰਤੀ ਸਜਗ ਕਰਦੀ ਹੈ। ਭਾਵੇਂ ਕੁਝ ਕਵਿਤਾਵਾਂ ਲੋੜੋਂ ਵੱਧ ਲੰਮੀਆਂ ਹਨ ਪਰੰਤੂ ਫਿਰ ਵੀ ਰੰਗਦਾਰ ਚਿੱਤਰਾਂ ਦੇ ਆਕਰਸ਼ਣ ਨਾਲ ਇਨ੍ਹਾਂ ਕਵਿਤਾਵਾਂ ਵਿਚ ਦਿਲਚਸਪੀ ਦੇ ਅੰਸ਼ ਬਰਕਰਾਰ ਹਨ ਅਤੇ ਬਾਲ ਆਦਿ ਤੋਂ ਲੈ ਕੇ ਅੰਤ ਤੱਕ ਇਨ੍ਹਾਂ ਨਾਲ ਜੁੜਿਆ ਰਹਿੰਦਾ ਹੈ। ਪੁਸਤਕ ਦਾ ਮੁੱਲ ਵੀ ਕੁਝ ਜ਼ਿਆਦਾ ਮਹਿਸੂਸ ਹੁੰਦਾ ਹੈ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਸਮੁੱਚੀ ਪੁਸਤਕ ਸੁੰਦਰ ਤੇ ਪ੍ਰਭਾਵੀ ਹੈ। ਬਾਲ ਸਾਹਿਤ ਵਿਚ ਅਜਿਹੀਆਂ ਪੁਸਤਕਾਂ ਦੀ ਜ਼ਰੂਰਤ ਹੈ।
-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 9814423703
ਸ਼ਾਇਦ... ਮੈਨੂੰ ਪਛਾਣ ਲੈਣ
ਲੇਖਕ : ਰਵਿੰਦਰ ਰੁਪਾਲ ਕੌਲਗੜ੍ਹ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 300 ਰੁਪਏ, ਸਫ਼ੇ : 128
ਸੰਪਰਕ : 93162-88955
ਪੁਸਤਕ ਕਹਾਣੀ-ਸੰਗ੍ਰਹਿ ਹੈ। ਇਸ ਵਿਚ 15 ਬਿਹਤਰੀਨ ਕਹਾਣੀਆਂ ਹਨ। ਚਰਚਿਤ ਕਹਾਣੀਕਾਰ ਦਾ ਪਹਿਲਾ ਕਹਾਣੀ ਸੰਗ੍ਰਹਿ 'ਨਿਆਈਂ ਵਾਲਾ ਟੱਕ' ਸੀ। ਕਹਾਣੀ ਖੇਤਰ ਦਾ ਉਹ ਸਥਾਪਿਤ ਚਿਹਰਾ ਹੈ। ਇਸ ਦੂਸਰੇ ਕਹਾਣੀ ਸੰਗ੍ਰਹਿ ਤੋਂ ਪਹਿਲਾਂ ਉਸ ਦੇ ਸੰਪਾਦਿਤ ਸੰਗ੍ਰਹਿ, ਬਾਲ ਨਾਵਲ, ਹਾਸ ਵਿਅੰਗ, ਸਮੇਤ ਅੱਧੀ ਦਰਜਨ ਕਿਤਾਬਾਂ ਛਪ ਚੁਕੀਆਂ ਹਨ। ਸਾਹਿਤਕਾਰਾਂ ਨੂੰ ਸਮਰਪਿਤ ਪੁਸਤਕ ਦੇ ਆਰੰਭ ਵਿਚ ਲੇਖਕ ਨੇ ਨਾਵਲਕਾਰ ਰਾਮ ਸਰੂਪ ਅਣਖੀ ਦੇ ਹਵਾਲੇ ਨਾਲ ਲਿਖਿਆ ਹੈ ਕਿ ਪੰਜਾਬੀ ਕਹਾਣੀ ਹਰੇਕ ਦਹਾਕੇ ਕਰਵਟ ਬਦਲਦੀ ਹੈ। ਇਹ ਗੱਲ ਉਦੋਂ ਦੀ ਹੈ ਜਦੋਂ ਅਜੇ ਸੋਸ਼ਲ ਮੀਡਿਆ ਨਹੀਂ ਸੀ ਹੁੰਦਾ। ਹੁਣ ਤਾਂ ਕਹਾਣੀ ਜ਼ਿੰਦਗੀ ਦੀ ਤੇਜ਼ ਰਫ਼ਤਾਰ ਨਾਲ ਬਦਲ ਰਹੀ ਹੈ। ਨਿੱਤ ਨਵੇਂ ਵਿਸ਼ੇ ਆ ਰਹੇ ਹਨ ਕਿਉਂਕਿ ਪੰਜਾਬੀ ਬੰਦਾ ਪਰਵਾਸ ਕਰਦੇ ਦੁਨੀਆ ਭਰ ਵਿਚ ਫੈਲ ਰਹੇ ਹਨ। ਲੇਖਕ ਨੇ ਅਕਹਾਣੀ ਵਿਚੋਂ ਐੜਾਂ ਅੱਖਰ ਨੂੰ ਤੋੜਨ ਦਾ ਯਤਨ ਪਹਿਲਾਂ ਵੀ ਕੀਤਾ ਸੀ ਤੇ ਇਸ ਕਿਤਾਬ ਵਿਚ ਵੀ ਇਹੀ ਯਤਨ ਹੈ। ਕਿਤਾਬ ਦੇ ਸਿਰਲੇਖ ਵੇਖ ਕੇ ਹੀ ਇਸ ਖਿਆਲ ਨੂੰ ਪਰਪੱਕਤਾ ਮਿਲ ਰਹੀ ਹੈ। ਕਹਾਣੀਆਂ ਦੇ ਅਧਿਐਨ ਪਿਛੋਂ ਇਹ ਧਾਰਨਾ ਹੋਰ ਵੀ ਸਪੱਸ਼ਟ ਹੋ ਜਾਂਦੀ ਹੈ। ਕਿਤਾਬ ਦੇ ਸਿਰਲੇਖ ਵਾਲੀ ਰਚਨਾ ਵਿਚ ਦੁਖੀ ਔਰਤ ਵਿਧਵਾ ਹੁੰਦੀ ਹੈ। ਪਤੀ ਨਾਲ ਅੱਠ ਸਾਲ ਗੁਜ਼ਾਰੇ ਸਨ। ਫਿਰ ਉਹ ਅੱਖਾਂ ਦਾਨ ਕਰਕੇ ਮਰ ਗਿਆ। ਭੂਆ ਦੇ ਕਹਿਣ 'ਤੇ ਦੂਸਰਾ ਵਿਆਹ ਕਰਵਾਇਆ। ਦੂਸਰਾ ਪਤੀ ਕਸਾਈ ਨਿਕਲਿਆ। ਗੱਲ ਗੱਲ 'ਤੇ ਕੁੱਟ ਮਾਰ ਕਰਦਾ। ਅਖੀਰ ਦੁਖੀ ਹੋ ਕੇ ਮਰਨ ਚਲੀ ਔਰਤ ਨੂੰ ਉਸ ਡਾਕਟਰ ਨੂੰ ਮਿਲਣ ਦਾ ਖਿਆਲ ਆਇਆ ਜਿਸ ਨੇ ਪਹਿਲੇ ਪਤੀ ਦੀਆਂ ਅੱਖਾਂ ਲਾਹ ਕੇ ਲੋੜਵੰਦ ਮਰੀਜ਼ ਨੂੰ ਲਾਈਆਂ ਸੀ। ਔਰਤ ਉਨ੍ਹਾਂ ਅੱਖਾਂ ਨੂੰ ਵੇਖਣ ਦੀ ਤਲਬਗਾਰ ਹੈ। ਇਹ ਸੋਚ ਕੇ ਸ਼ਾਇਦ... ਮੈਨੂੰ ਪਛਾਣ ਲੈਣ। ਤੇਜ਼ ਚਾਲ ਵਾਲੀ ਕਹਾਣੀ ਦਿਲਚਸਪ ਰਚਨਾ ਹੈ।
ਸੰਗ੍ਰਹਿ ਦੀਆਂ ਹੋਰ ਕਹਾਣੀਆਂ ਵਿਚ ਵੀ ਔਰਤ ਦਾ ਦੁੱਖ ਦਰਦ ਕਿਸੇ ਨਾ ਕਿਸੇ ਰੂਪ ਝਲਕਦਾ ਹੈ। ਕਹਾਣੀਆਂ ਵਿਚ ਕੁਦਰਤੀ ਵਹਾਉ ਹੈ। ਮਨੋਵਿਗਿਆਨਕ ਸੋਚਾਂ ਹਨ। ਪਾਤਰ ਕਿਰਿਆਸ਼ੀਲ ਹਨ। 'ਅਗੇ ਕਹਾਣੀ ਨਹੀਂ ਸੀ' ਦਾ ਪਾਤਰ ਮੁੰਡਾ, ਲਿੰਗ ਬਦਲੀ ਕਰਵਾ ਕੇ ਕੁੜੀ ਬਣਦਾ ਹੈ। ਕਹਾਣੀ ਦੀ ਸਮੁੱਚੀ ਸਥਿਤੀ ਅਤੇ ਪੇਸ਼ਕਾਰੀ ਸੁਹਜਮਈ ਹੈ। ਸੰਗ੍ਰਹਿ ਦੀਆਂ ਕਹਾਣੀਆਂ ਲਾੜੀ, ਲਟ ਲਟ ਬਲਦੀ ਅੱਗ, ਬਿੰਦੀਆ ਚਮਕੇਗੀ, ਕਾਲਾ ਦੁੱਧ, ਬਾਹਵਾਂ, ਨਖੱਟੂ, ਚੁੰਨੀ ਦਾ ਸਫਰ ਕਥਾਰਸ ਭਰਪੂਰ ਦਿਲਚਸਪ ਤਿੱਖੇ ਸੰਵਾਦ ਵਾਲੀਆਂ ਵਧੀਆ ਕਹਾਣੀਆਂ ਹਨ। ਕਹਾਣੀਆਂ ਪੜ੍ਹਨ ਪਿਛੋਂ ਵਾਹ! ਮੂੰਹ ਵਿਚੋਂ ਆਪ-ਮੁਹਾਰੇ ਨਿਕਲਦਾ ਹੈ। ਮਾਨਵੀ ਸੁਰ ਵਾਲੀਆਂ ਕਹਾਣੀਆਂ ਵਿਸ਼ਵ ਪਧਰ ਦੇ ਹਾਣ ਦੀਆਂ ਹਨ।
-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160
ਜ਼ਿੰਦਗੀ ਦਾ ਮਨੋਰਥ
ਲੇਖਕ : ਨਿਰਮਲ ਸਿੰਘ ਲਾਲੀ ਸੁਧਾਰਕ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ ਜਲੰਧਰ
ਮੁੱਲ : 180 ਰੁਪਏ, ਸਫ਼ੇ : 85
ਸੰਪਰਕ : 0181-2623184
ਮਨੁੱਖ ਆਪਣੀ ਜ਼ਿੰਦਗੀ ਨੂੰ ਸੌਖੀ ਅਤੇ ਸਾਵੀਂ-ਪੱਧਰੀ ਜਿਊਣ ਲਈ ਕਈ ਤਰ੍ਹਾਂ ਦੇ ਯਤਨ ਕਰਦਾ ਰਹਿੰਦਾ ਹੈ। ਪਰ ਇਹ ਸੱਚ ਹੈ ਕਿ ਜੇਕਰ ਮਨੁੱਖ ਜ਼ਿੰਦਗੀ ਵਿਚ ਨੈਤਿਕ ਅਤੇ ਸਦਾਚਾਰਕ ਗੁਣਾਂ ਨੂੰ ਧਾਰਨ ਕਰ ਲਵੇ ਤਾਂ ਬਿਨਾਂ ਕਿਸੇ ਉਚੇਚੇ ਯਤਨ ਦੇ ਹੀ ਉਸ ਦੀ ਜ਼ਿੰਦਗੀ ਕੁਝ ਹੱਦ ਤੱਕ ਸੌਖੀ ਅਤੇ ਸੁਖਾਲੀ ਹੋ ਸਕਦੀ ਹੈ। ਨਿਰਮਲ ਸਿੰਘ ਲਾਲੀ 'ਸੁਧਾਰਕ' ਦੀ ਪੁਸਤਕ 'ਜ਼ਿੰਦਗੀ ਦਾ ਮਨੋਰਥ' ਵੀ ਕੁਝ ਇਸੇ ਤਰ੍ਹਾਂ ਦੀਆਂ ਕਦਰਾਂ-ਕੀਮਤਾਂ ਦਾ ਹੀ ਪ੍ਰਚਾਰ ਅਤੇ ਪ੍ਰਸਾਰ ਕਰਨ ਵਾਲੀ ਪੁਸਤਕ ਹੈ। ਲੇਖਕ ਨੇ ਇਸ ਪੁਸਤਕ ਦੇ ਪਹਿਲੇ ਭਾਗ ਵਿਚ ਲਘੂ ਲੇਖ ਸ਼ਾਮਿਲ ਕੀਤੇ ਹਨ ਅਤੇ ਦੂਜੇ ਭਾਗ ਵਿਚ ਇਸੇ ਨਾਲ ਸੰਬੰਧਿਤ ਕੁਝ ਕਵਿਤਾਵਾਂ ਸ਼ਾਮਿਲ ਹਨ। ਤਕਰੀਬਨ ਇਸ ਪੁਸਤਕ ਵਿਚਲੇ ਸਾਰੇ ਹੀ ਲੇਖ ਭਾਵੇਂ ਉਹ ਸਿਰਲੇਖ ਪੱਖੋਂ ਵੰਨ-ਸੁਵੰਨੇ ਹੋਣ ਪਰ ਵਿਸ਼ੇ ਪੱਖੋਂ ਅੰਤਰ-ਸੰਬੰਧਿਤ ਹੀ ਹਨ। ਇਕ ਲੇਖ ਦੂਜੇ ਲੇਖ ਦੀ ਕੜੀ ਹੀ ਜਾਪਦਾ ਹੈ। ਲੇਖਕ ਨੇ ਗੁਰਬਾਣੀ ਅਤੇ ਸਿੱਖ ਧਰਮ ਦੀ ਵਿਚਾਰਧਾਰਾ ਮੁਤਾਬਿਕ ਜੀਵਨ ਜਾਚ ਨੂੰ ਢਾਲਣ ਦੀ ਤਾਗੀਦ ਕੀਤੀ ਹੈ। ਲੇਖਕ ਅਨੁਸਾਰ ਜਿਥੇ ਸ਼ੁੱਭ ਗੁਣਾਂ ਨੂੰ ਧਾਰਨ ਕਰਨ ਦੀ ਲੋੜ ਹੈ ਅਤੇ ਸ਼ੁੱਭ ਅਮਲ ਕਰਨ ਦੀ ਲੋੜ ਹੈ, ਉਸੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ ਇਕ-ਦੂਜੇ ਪ੍ਰਤੀ ਸਾੜਾ ਆਦਿ ਤਿਆਗਣ ਦੀ ਵੀ ਲੋੜ ਹੈ। ਜੇਕਰ ਅਸੀਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਨੂੰ ਧਾਰਨ ਕਰਾਂਗੇ ਤਾਂ ਹੀ ਚੰਗੇਰੇ ਸਮਾਜ ਦੀ ਕਾਮਨਾ ਕੀਤੀ ਜਾ ਸਕਦੀ ਹੈ। ਅਸਲ ਵਿਚ ਚੰਗੀ ਸਿੱਖਿਆ ਅਤੇ ਸ਼ੁੱਭ ਅਮਲ ਹੀ ਸਾਡੀ ਜ਼ਿੰਦਗੀ ਨੂੰ ਆਤਮਿਕ ਅਤੇ ਅਧਿਆਤਮਕ ਉਚਾਈਆਂ ਵੀ ਪ੍ਰਦਾਨ ਕਰਦੇ ਹਨ ਅਤੇ ਸਮਾਜ ਨੂੰ ਵੀ ਸਵੱਛ ਕਦਰਾਂ-ਕੀਮਤਾਂ ਵੀ ਪ੍ਰਦਾਨ ਕਰਦੇ ਹਨ। ਲੇਖਕ ਨੇ ਇਹ ਵੀ ਦੱਸਿਆ ਕਿ ਹਰੇਕ ਵਿਅਕਤੀ ਵਿਚ ਇਕ-ਦੂਜੇ ਤੋਂ ਅੱਗੇ ਵਧਣ ਦੀ ਦੌੜ ਲੱਗੀ ਹੋਈ ਹੈ, ਜਿਸ ਲਈ ਉਹ ਕਈ ਤਰ੍ਹਾਂ ਦੇ ਹੱਥ ਕੰਡੇ ਵੀ ਵਰਤਦਾ ਹੈ ਪਰ ਹੱਥਕੰਡਿਆਂ ਦੀ ਬਜਾਏ ਜੇਕਰ ਮਿਹਨਤ, ਲਗਨ, ਉੱਦਮ ਅਤੇ ਦ੍ਰਿੜ੍ਹਤਾ ਨਾਲ ਕਾਰਜ ਕੀਤਾ ਜਾਵੇ ਤਾਂ ਕਿਸੇ ਵੀ ਟੀਚੇ ਨੂੰ ਆਸਾਨੀ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਗੁਰਬਾਣੀ ਦੀ ਰੌਸ਼ਨੀ ਵਿਚ ਲੇਖਕ ਇਹ ਵੀ ਸੁਝਾਅ ਦਿੰਦਾ ਹੈ ਕਿ ਮਨੁੱਖ ਨੂੰ ਅਜਿਹੇ ਕਾਰਜ ਨਹੀਂ ਕਰਨੇ ਚਾਹੀਦੇ ਜਿਸ ਕਰਕੇ ਉਸ ਨੂੰ ਬਾਅਦ ਵਿਚ ਪਛਤਾਉਣਾ ਪਵੇ। 23 ਲੇਖਾਂ ਅਤੇ 7 ਕਵਿਤਾਵਾਂ ਦੁਆਰਾ ਲੇਖਕ ਨੇ ਜ਼ਿੰਦਗੀ ਦੇ ਮਨੋਰਥ ਬਾਰੇ ਸੁਚੇਤ ਹੋਣ ਲਈ ਆਪਣਾ ਮਤ ਪੇਸ਼ ਕੀਤਾ ਹੈ, ਜਿਸ ਦੀ ਨਿਸ਼ਾਨਦੇਹੀ ਇਹ ਪੁਸਤਕ ਕਰਦੀ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਮਰਣਾ ਮੁਣਸਾ ਸੂਰਿਆ
ਲੇਖਕ : ਪ੍ਰੋ. ਨਿਰੰਜਣ ਸਿੰਘ ਢੇਸੀ
ਪ੍ਰਕਾਸ਼ਕ : ਨਿਰੰਜਣ ਫਾਊਂਡੇਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 200
ਸੰਪਰਕ : 98140-16875
ਅਕਲ ਇਲਮ ਵਿਰਾਸਤ ਦੇ ਸੁਚੱਜੜੇ ਸੁਮੇਲ ਪ੍ਰੋ. ਨਿਰੰਜਣ ਸਿੰਘ ਢੇਸਾ ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਜਲੰਧਰ ਦੇ ਪਿੰਡ ਮੇਦਾ ਨੇ ਅੰਤਰਰਾਸ਼ਟਰੀ ਪੱਧਰ 'ਤੇ ਮਾਂ-ਬੋਲੀ ਪੰਜਾਬੀ ਦੀ ਬੇਬਾਕੀ ਨਾਲ ਸੇਵਾ ਕਰ ਕੇ ਨਵੇਂ ਦਿਸਹੱਦਿਆਂ ਨੂੰ ਉਸਾਰਨ 'ਚ ਜੀਵਨ ਭਰ ਕਾਰਜ ਕਰਨ ਵਾਲੇ ਸਾਦਕ ਵਜੋਂ ਨਾਮਣਾ ਖੱਟਿਆ ਹੈ। ਲਗਭਗ 35 ਸਾਲ ਆਪਣੇ ਵਿਦਿਆਰਥੀਆਂ ਨੂੰ ਚਾਨਣ ਵੰਡਿਆ। ਪੰਜਾਬ 'ਚ ਕਾਲੇ ਦਿਨਾਂ ਦੇ ਝੱਖੜ ਸਮੇਂ ਆਪਣੀ ਉਸਾਰੂ ਸੋਚ ਰਾਹੀਂ ਪੰਜਾਬ ਦੇ ਉਜਲੇ ਭਵਿੱਖ ਲਈ ਭੂਮਿਕਾ ਨਿਭਾਈ। ਪੰਜਾਬ ਦੇ ਅੱਜ ਦੇ ਸਮਿਆਂ 'ਚ ਜਦੋਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਸ਼੍ਰੋਮਣੀ ਅਕਾਲੀ ਦਲ ਦੋਸ਼ਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਉਸ ਪ੍ਰਬੰਧਨ ਦੇ ਆਦਿ ਤੋਂ ਲੈ ਕੇ ਵਰਤਮਾਨ ਸਮੇਂ ਨੂੰ ਪੱਖਪਾਤ ਤੋਂ ਉੱਚੇ ਉਠ ਕੇ, ਸਾਫ਼-ਸੁਥਰੇ ਮਾਹੌਲ ਲਈ ਫਿਕਰਮੰਦੀ ਰੱਖਦਿਆਂ, ਆਪਣੀ ਬੁੱਧ-ਬਿਬੇਕ ਰਾਹੀਂ ਵਿਚਾਰ ਪੇਸ਼ ਕੀਤੇ ਗਏ ਹਨ। ਹਥਲੀ ਪੁਸਤਕ ਤੋਂ ਪਹਿਲਾਂ ਢੇਸੀ ਦੀ ਬਹੁਤ ਚਰਚਿਤ ਰਚਨਾਂ 'ਸਿੱਖ ਜਗਤ ਵਿਚ ਫੁੱਟ ਅਤੇ ਇਸ ਦੇ ਕਾਰਨ' ਜੋ 1988 'ਚ ਛਪੀ ਸੀ, ਉਸ ਨੂੰ 'ਮਰਣਾ ਮੁਣਸਾ ਸੂਰਿਆ' ਦੇ ਅੰਤਿਮ ਭਾਗ 'ਚ ਸ਼ਾਮਿਲ ਕੀਤਾ ਗਿਆ। ਪ੍ਰੋ. ਢੇਸੀ ਦੇ ਸਪੁੱਤਰ ਜਗਰੂਪ ਸਿੰਘ ਢੇਸੀ ਨੇ ਯਤਨ ਕਰ ਕੇ ਇਸ ਹਥਲੀ ਪੁਸਤਕ ਰਾਹੀਂ ਆਪਣੇ ਪਿਤਾ ਦੀ ਵਡਮੁੱਲੀ ਵਿਰਾਸਤ ਨੂੰ ਸਾਂਭ ਕੇ ਵੱਡਾ ਉੱਦਮ ਕੀਤਾ ਹੈ। ਇਸ ਸੰਗ੍ਰਹਿ ਵਿਚ ਕੁੱਲ 32 ਮੁੱਲਵਾਨ ਲੇਖ ਰੂਪੀ ਲਿਖਤਾਂ ਹਨ। ਹਰ ਰਚਨਾ ਵਿਚ ਗੁਰਬਾਣੀ ਦੀਆਂ ਢੁਕਵੀਆਂ ਤੁਕਾਂ (ਪ੍ਰਵਚਨ) ਰਾਹੀਂ ਆਪਣੀ ਗੱਲ ਸਪੱਸ਼ਟ ਕੀਤੀ ਗਈ ਹੈ। ਡਾ. ਨਿਰਮਲ ਸਿੰਘ ਲਾਬੜਾ ਨੇ ਪ੍ਰੋ. ਢੇਸੀ ਦੇ ਕਾਰਜਾਂ ਬਾਰੇ ਤੇ ਸ਼ਖ਼ਸੀਅਤ ਬਾਰੇ ਬਾਕਮਾਲ ਲਿਖਿਆ। ਪੰਜਾਬੀ ਸੱਥ ਦਾ ਸੰਕਲਪ ਵੀ ਪ੍ਰੋ. ਢੇਸੀ ਦੀ ਹੀ ਦੇਣ ਹੈ। ਅਡੰਬਰੀ, ਕਰਮਕਾਂਡੀ, ਭੁੱਲ-ਭਲੱਈਆ 'ਚੋਂ ਕੱਢ ਗੁਰਮਤਿ ਦੀ ਰੂਹ ਪਛਾਣਨ ਤੇ ਉਹਦੇ ਸਿਧਾਂਤਾਂ 'ਤੇ ਅਮਲ ਕਰਨ ਦੀ ਜਿਹੜੀ ਰੂਪ-ਰੇਖਾ ਪ੍ਰੋ. ਢੇਸੀ ਨੇ ਉਲੀਕੀ ਹੈ, ਉਹ ਕਾਬਲ-ਏ-ਤਾਰੀਫ਼ ਹੈ। ਮਹੱਤਵਪੂਰਨ ਲੇਖ ਪੰਥਕ ਏਕਤਾ ਦਾ ਮਸਲਾ, ਵਿਸ਼ਵ ਵਿਰਾਸਤ ਦਾ ਮਸਲਾ, ਹਰਿਮੰਦਰ ਸਾਹਿਬ ਅਤੇ ਯੂਨੈਸਕੋ ਦੀ ਰਿਪੋਰਟ ਤੇ ਡੋਜ਼ੀਅਰ ਸੰਬੰਧੀ ਰਿਪੋਰਟ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਸ਼ੈਲੀ ਤੇ ਇਸ ਕਮੇਟੀ ਦੇ ਪ੍ਰਚਾਰਕ ਅਤੇ ਪ੍ਰਬੰਧਕ ਅਤੇ ਪ੍ਰਧਾਨ ਕਿਹੋ ਜਿਹੇ ਹੋਣ, ਇਨ੍ਹਾਂ ਗੰਭੀਰ ਵਿਸ਼ਿਆਂ ਨੂੰ ਬੁਹਤ ਬੇਧੜਕ ਹੋ ਕੇ ਉਸਾਰੂ ਦ੍ਰਿਸ਼ਟੀ ਦਾ ਸਬੂਤ ਦਿੱਤਾ ਗਿਆ। ਇੰਜ ਹੀ ਅਕਾਲੀ ਦਲ (ਸ਼੍ਰੋਮਣੀ) ਦੇ ਆਦਿ ਤੋਂ ਹੁਣ ਤੱਕ ਦੇ ਝਗੜਿਆਂ 'ਤੇ ਆਪ-ਹੁਦਰੇਪਣ ਦੀਆਂ ਘਟਨਾਵਾਂ ਨੂੰ ਬਿਆਨਿਆ ਗਿਆ। ਇਸ ਤੋਂ ਬਿਨਾਂ ਸੁੱਚਤਾ, ਸਾਦਗੀ, ਕਰਮ-ਫਲ, ਸਤਿਗੁਰੂ/ਗੁਰੂ, ਦਇਆ, ਕੁਰਬਾਨੀ ਆਦਿ ਵਿਸ਼ਿਆਂ ਨੂੰ ਗੁਰਬਾਣੀ ਦੇ ਪਰਿਪੇਖ 'ਚ ਸਪੱਸ਼ਟ ਕੀਤਾ ਗਿਆ। ਸਿੱਖ ਜਗਤ ਤੇ ਗੁਰਮਤਿ ਅਦਾਰਿਆਂ ਨੂੰ ਇਹ ਪੁਸਤਕ ਸੇਧ ਦੇਣ ਵਾਲੀ ਹੈ। ਬੜੇ ਠੋਸ ਸ਼ਬਦਾਂ ਰਾਹੀਂ ਪ੍ਰੋ. ਢੇਸੀ ਨੇ ਨਿਰਣਾ ਕੀਤਾ ਕਿ ਭਾਰਤ ਦੀ ਹਰ ਸਮੇਂ ਦੀ ਹਾਕਮ ਜਮਾਤ ਨੇ ਸਿੱਖ ਚਿੰਤਨ ਅਤੇ ਸੱਭਿਆਚਾਰ ਬਾਰੇ ਮੌਕੇ ਅਨੁਸਾਰ ਭੁਲਾਂਦਰੇ ਖੜ੍ਹੇ ਕੀਤੇ ਹਨ। ਉਸ ਨੇ ਆਪਣੀਆਂ ਕੁਟਲ ਨੀਤੀਆਂ ਨਾਲ ਉੱਚ ਪੱਧਰ ਦੇ ਨੇਤਾਵਾਂ, ਸੰਤਾਂ ਤੇ ਮਹੰਤਾਂ ਨੂੰ ਮੂਹਰੇ ਬਣਾ ਕੇ ਵਰਤਿਆ। ਸਿੱਖ ਪੰਥ ਦੇ ਸੰਕਟ ਸਮੇਂ ਇਹ ਪੁਸਤਕ ਸਿੱਖ ਕੌਮ ਲਈ ਪੜ੍ਹਨੀ ਜ਼ਰੂਰੀ ਹੈ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900