ਪਹਿਲਵਾਨ ਬਜਰੰਗ ਪੂਨੀਆ ਚਾਰ ਸਾਲ ਲਈ ਮੁਅੱਤਲ
ਨਵੀਂ ਦਿੱਲੀ, 27 ਨਵੰਬਰ- ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ ਪਹਿਲਵਾਨ ਬਜਰੰਗ ਪੂਨੀਆ ਨੂੰ ਚਾਰ ਸਾਲ ਲਈ ਮੁਅੱਤਲ ਕਰ ਦਿੱਤਾ ਹੈ। ਪੂਨੀਆ ਨੇ 10 ਮਾਰਚ ਨੂੰ ਰਾਸ਼ਟਰੀ ਟੀਮ ਦੇ ਚੋਣ ਟਰਾਇਲ ਦੌਰਾਨ ਡੋਪ ਟੈਸਟ ਲਈ ਆਪਣਾ ਸੈਂਪਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਉਸ ਵਿਰੁੱਧ ਕਾਰਵਾਈ ਕੀਤੀ ਗਈ। ਟੋਕੀਓ ਉਲੰਪਿਕ ’ਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਪੂਨੀਆ ਨੂੰ ਇਸ ਤੋਂ ਪਹਿਲਾਂ 23 ਅਪ੍ਰੈਲ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵਿਸ਼ਵ ਕੁਸ਼ਤੀ ਸੰਗਠਨ ਨੇ ਵੀ ਉਸ ਦੇ ਖਿਲਾਫ਼ ਕਾਰਵਾਈ ਕੀਤੀ। ਪੂਨੀਆ ਨੇ ਇਸ ਮੁਅੱਤਲੀ ਵਿਰੁੱਧ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਇਸ ਨੂੰ 31 ਮਈ ਤੱਕ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਨਾਡਾ ਨੇ ਪੂਨੀਆ ਨੂੰ 23 ਜੂਨ ਨੂੰ ਨੋਟਿਸ ਜਾਰੀ ਕੀਤਾ ਸੀ। ਪੂਨੀਆ ਨੇ ਇਸ ਫੈਸਲੇ ਨੂੰ 11 ਜੁਲਾਈ ਨੂੰ ਚੁਣੌਤੀ ਦਿੱਤੀ ਸੀ, ਜਿਸ ਤੋਂ ਬਾਅਦ 20 ਸਤੰਬਰ ਅਤੇ 4 ਅਕਤੂਬਰ ਨੂੰ ਸੁਣਵਾਈ ਹੋਈ। ਹੁਣ ਆਪਣੇ ਹੁਕਮ ਵਿਚ ਨਾਡਾ ਡੋਪਿੰਗ ਪੈਨਲ ਨੇ ਉਸ ਦੀ ਚਾਰ ਸਾਲ ਦੀ ਮੁਅੱਤਲੀ ਜਾਰੀ ਰੱਖੀ ਹੈ।