ਸੰਸਦ ਦੇ ਸਰਦ ਰੁੱਤ ਇਜਲਾਸ ਦਾ ਅੱਜ ਹੈ ਦੂਜਾ ਦਿਨ
ਨਵੀਂ ਦਿੱਲੀ, 27 ਨਵੰਬਰ- ਸੰਸਦ ਦੇ ਸਰਦ ਰੁੱਤ ਇਜਲਾਸ ਦਾ ਅੱਜ ਦੂਜਾ ਦਿਨ ਹੈ। ਅਡਾਨੀ ਮਾਮਲੇ ਅਤੇ ਸੰਭਲ, ਯੂ.ਪੀ. ਵਿਚ ਹੋਏ ਦੰਗਿਆਂ ਨੂੰ ਲੈ ਕੇ ਦੋਵਾਂ ਸਦਨਾਂ ਵਿਚ ਅੱਜ ਹੰਗਾਮਾ ਹੋਣ ਦੀ ਸੰਭਾਵਨਾ ਹੈ। ਇਜਲਾਸ ਦੇ ਪਹਿਲੇ ਦਿਨ ਸੋਮਵਾਰ ਨੂੰ ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਵਿਚਾਲੇ ਤਿੱਖੀ ਬਹਿਸ ਹੋਈ ਸੀ। ਦਰਅਸਲ ਧਨਖੜ ਨੇ ਖੜਗੇ ਨੂੰ ਕਿਹਾ ਕਿ ਸਾਡਾ ਸੰਵਿਧਾਨ 75 ਸਾਲ ਪੂਰੇ ਕਰ ਰਿਹਾ ਹੈ। ਉਮੀਦ ਹੈ ਕਿ ਤੁਸੀਂ ਇਸ ਦੀ ਮਰਿਯਾਦਾ ਰੱਖੋਗੇ। ਇਸ ’ਤੇ ਖੜਗੇ ਨੇ ਜਵਾਬ ਦਿੱਤਾ ਕਿ ਇਨ੍ਹਾਂ 75 ਸਾਲਾਂ ’ਚ ਮੇਰਾ ਯੋਗਦਾਨ ਵੀ 54 ਸਾਲ ਦਾ ਹੈ, ਇਸ ਲਈ ਮੈਨੂੰ ਪੜ੍ਹਾਓ ਨਾ। ਇਸ ’ਤੇ ਧਨਖੜ ਨੇ ਕਿਹਾ ਕਿ ਮੈਂ ਤੁਹਾਡੀ ਬਹੁਤ ਇੱਜ਼ਤ ਕਰਦਾ ਹਾਂ ਅਤੇ ਤੁਸੀਂ ਇਹ ਕਹਿ ਰਹੇ ਹੋ। ਮੈਂ ਇਸ ਤੋਂ ਦੁਖੀ ਹਾਂ। ਇਸ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ 27 ਨਵੰਬਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਸੀ। ਦੂਜੇ ਪਾਸੇ ਲੋਕ ਸਭਾ ਦੀ ਕਾਰਵਾਈ ਵੀ ਪੂਰੀ ਨਹੀਂ ਹੋ ਸਕੀ। ਵਿਰੋਧੀ ਨੇਤਾ ਅਡਾਨੀ ਮੁੱਦੇ ’ਤੇ ਹੰਗਾਮਾ ਕਰਦੇ ਰਹੇ ਸਨ।