27-11-2024
ਨਸ਼ਿਆਂ ਦਾ ਕਹਿਰ
ਹਰ ਰੋਜ਼ ਪੰਜਾਬ 'ਚ ਕੋਈ ਨਾ ਕੋਈ ਨਸ਼ੇ ਦੀ ਭੇਂਟ ਚੜ੍ਹ ਰਿਹਾ ਹੈ। ਹਜ਼ਾਰਾਂ ਨੌਜਵਾਨ ਨਸ਼ਿਆਂ ਦੀ ਗ੍ਰਿਫ਼ਤ ਵਿਚ ਹਨ। ਹਾਲਾਤ ਇਹ ਬਣ ਚੁੱਕੇ ਹਨ ਕਿ ਹੁਣ ਲੜਕੀਆਂ ਵੀ ਨਸ਼ਿਆਂ ਦੀ ਲਪੇਟ 'ਚ ਆ ਚੁੱਕੀਆਂ ਹਨ। ਗੁਆਂਢੀ ਦੇਸ਼ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਨਸ਼ਿਆਂ ਦੀ ਸਪਲਾਈ ਲਗਾਤਾਰ ਜਾਰੀ ਹੈ। ਹਰ ਰੋਜ਼ ਬੀ.ਐੱਸ.ਐੱਫ਼. ਵਲੋਂ ਲਗਾਤਾਰ ਕਰੋੜਾਂ ਦੀ ਹੈਰੋਇਨ ਫੜੀ ਜਾਂਦੀ ਹੈ। ਸੂਬੇ ਦੇ ਆਲਾ ਅਧਿਕਾਰੀਆਂ ਵਲੋਂ ਪ੍ਰੈੱਸ ਕਾਨਫਰੰਸ ਕਰਕੇ ਨਸ਼ੀਲੀਆਂ ਦਵਾਈਆਂ ਵੀ ਹਰ ਰੋਜ਼ ਫ਼ੜਨ ਦੀਆਂ ਖ਼ਬਰਾਂ ਵੀ ਆਮ ਸੁਣਦੇ ਹਾਂ। ਹੁਣ ਨਸ਼ਿਆਂ ਦੇ ਡਰ ਤੋਂ ਮਾਂ-ਬਾਪ ਆਪਣੇ ਜਵਾਨ ਬੱਚਿਆਂ ਨੂੰ ਵਿਦੇਸ਼ਾਂ 'ਚ ਭੇਜ ਰਹੇ ਹਨ। ਜ਼ਮੀਨ ਗਹਿਣੇ ਰੱਖ ਕੇ, ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਦੇ ਭਵਿੱਖ ਲਈ ਬਹੁਤ ਚਿੰਤਤ ਹਨ। ਇਹ ਵੀ ਪਰਵਾਸ ਦਾ ਇਕ ਬਹੁਤ ਵੱਡਾ ਕਾਰਨ ਹੈ। ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਨਸ਼ਿਆਂ 'ਤੇ ਲਾਉਣ ਲਈ ਪੁਲਿਸ ਦੇ ਵੱਡੇ ਅਧਿਕਾਰੀ ਨੂੰ ਨੌਕਰੀ ਤੋਂ ਬਰਖ਼ਾਸਤ ਵੀ ਕੀਤਾ ਹੈ। ਸੂਬਾ ਸਰਕਾਰ ਵਲੋਂ ਹੁਣ ਤੱਕ ਕਰੋੜਾਂ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।
-ਅਸ਼ੀਸ਼ ਸ਼ਰਮਾ ਜਲੰਧਰ
ਵਧਦੀਆਂ ਕੀਮਤਾਂ
ਸਮਾਜ ਵਿਚ ਜੀਊਂਦੇ ਰਹਿਣ ਲਈ ਮਨੁੱਖ ਨੂੰ ਨਿੱਤ ਦਿਨ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਪ੍ਰੰਤੂ ਨਿੱਤ ਦਿਨ ਚੀਜ਼ਾਂ ਖ਼ਾਸ ਤੌਰ 'ਤੇ ਸਬਜ਼ੀਆ-ਦਾਲਾਂ ਦੀਆਂ ਵਧਦੀਆਂ ਕੀਮਤਾਂ ਨੇ ਗ਼ਰੀਬ ਲੋਕਾਂ ਦਾ ਜੀਊਣਾ ਮੁਸ਼ਕਿਲ ਕਰਕੇ ਰੱਖ ਦਿੱਤਾ ਹੈ। ਗਰੀਬ ਵਰਗ ਨੂੰ ਤਾਂ ਦੋ ਡੰਗ ਦੀ ਰੋਟੀ ਦੇ ਜੁਗਾੜ ਵਿਚ ਹੀ ਆਪਣੀ ਜ਼ਿੰਦਗੀ ਬਸਰ ਕਰਨੀ ਪੈ ਰਹੀ ਹੈ। ਨਿੱਤ ਜ਼ਰੂਰਤ ਦੀਆਂ ਚੀਜ਼ਾਂ ਦੇ ਭਾਅ ਬਹੁਤ ਹੀ ਤੇਜ਼ੀ ਨਾਲ ਅਤੇ ਬਹੁਤ ਹੀ ਜ਼ਿਆਦਾ ਵਧ ਰਹੇ ਹਨ। ਕਦੇ-ਕਦੇ ਤਾਂ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਚੀਜ਼ਾਂ ਦੇ ਭਾਅ ਬੇਲਗਾਮ ਹੀ ਹੋ ਗਏ ਹਨ ਅਤੇ ਸਰਕਾਰ ਨਾਂਅ ਦੀ ਕੋਈ ਚੀਜ਼ ਹੀ ਨਾ ਹੋਵੇ। ਬੇਲਗਾਮ ਹੋਈਆਂ ਕੀਮਤਾਂ ਦੀ ਪੀੜ ਘਟਾਉਣ ਲਈ ਵਪਾਰੀ ਲੋਕ ਕੋਰੋਨਾ ਦਾ ਬਹਾਨਾ ਬਣਾ ਕੇ ਗੱਲ ਟਾਲ ਦਿੰਦੇ ਹਨ। ਸਰਦੇ ਪੁੱਜਦੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਸੰਜਮ ਨਾਲ ਹੀ ਚੀਜ਼ਾਂ ਦੀ ਵਰਤੋਂ ਕਰਨ ਤਾਂ ਜੋ ਮਹਿੰਗਾਈ ਨੂੰ ਕਾਬੂ ਕਰਨ ਵਿਚ ਸਹਾਈ ਹੋ ਸਕੇ।
-ਅੰਗਰੇਜ ਸਿੰਘ ਵਿੱਕੀ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)
ਵਧ ਰਹੇ ਸੜਕ ਹਾਦਸੇ
ਦਿਨੋ ਦਿਨ ਵਧ ਰਹੇ ਸੜਕ ਹਾਦਸੇ ਗੰਭੀਰ ਚਿੰਤਾ ਦਾ ਵਿਸ਼ਾ ਹਨ। ਜ਼ਿਆਦਾ ਤਰ ਸੜਕ ਦੁਰਘਟਨਾਵਾਂ 'ਚ ਲਾਪਰਵਾਹੀ ਹੀ ਸਾਹਮਣੇ ਆਉਂਦੀ ਹੈ, ਜਿਵੇਂ ਓਵਰਟੇਕ ਕਰਨਾ, ਓਵਰਲੋਡਿੰਗ, ਡਰਾਈਵਿੰਗ ਦੌਰਾਨ ਮੋਬਾਈਲ ਦੀ ਵਰਤੋਂ, ਤੇਜ਼ ਰਫ਼ਤਾਰ ਆਦਿ। ਹਾਲਾਂਕਿ ਟੁੱਟੀਆਂ ਸੜਕਾਂ, ਅਵਾਰਾ ਪਸ਼ੂਆਂ ਦੇ ਅਚਾਨਕ ਗੱਡੀ ਸਾਹਮਣੇ ਆਉਣ ਕਰਕੇ ਵੀ ਹਾਦਸੇ ਵਾਪਰਦੇ ਹਨ। ਕਈ ਵਾਰ ਵਾਹਨ ਚਾਲਕ ਇਕ ਦੂਜੇ ਤੋਂ ਅੱਗੇ ਨਿਕਲਣ ਦੇ ਚੱਕਰ 'ਚ ਆਪਣੇ ਵਾਹਨ 'ਤੇ ਕਾਬੂ ਨਹੀਂ ਰੱਖ ਪਾਉਂਦੇ। ਹਾਦਸੇ ਵਾਪਰ ਜਾਂਦੇ ਹਨ। ਸਾਨੂੰ ਧੁੰਦ 'ਚ ਹਮੇਸ਼ਾ ਹੀ ਆਪਣੀਆਂ ਗੱਡੀਆਂ ਦੀਆਂ ਲਾਈਟਾਂ ਜਗਾ ਕੇ ਰੱਖਣੀਆਂ ਚਾਹੀਦੀਆਂ ਹਨ। ਸੜਕ ਹਾਦਸਿਆਂ ਦਾ ਵੱਡਾ ਕਾਰਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੈ, ਜਿਸ ਦੀ ਪਾਲਣਾ ਕਰਕੇ ਅਸੀਂ ਸੜਕ ਹਾਦਸਿਆਂ ਤੋਂ ਬਚ ਸਕਦੇ ਹਾਂ।
-ਰਿੰਕਲ, ਮੁੱਖ ਅਧਿਆਪਕਾ, ਫਿਰੋਜ਼ਪੁਰ।
ਸਰਦੀਆਂ 'ਚ ਸਿਹਤ ਦਾ ਧਿਆਨ ਰੱਖੋ
ਹੁਣ ਸਰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ, ਸਾਨੂੰ ਸਾਰਿਆਂ ਨੂੰ ਹੀ ਸਭ ਤੋਂ ਪਹਿਲਾਂ ਆਪਣੀ ਤੇ ਆਪਣੇ ਪਰਿਵਾਰ ਦੀ ਸਿਹਤ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਥੋੜੀ ਜਿਹੀ ਵੀ ਲਾਪਰਵਾਹੀ ਸਾਡੀ ਸਿਹਤ 'ਤੇ ਭਾਰੀ ਪੈ ਸਕਦੀ ਹੈ। ਅਸੀਂ ਸਰਦੀਆਂ ਦੀ ਸ਼ੁਰੂਆਤ 'ਚ ਕਈ ਵਾਰੀ ਲਾਪਰਵਾਹੀ ਕਰ ਜਾਂਦੇ ਹਾਂ। ਸਰਦੀ ਬਜ਼ੁਰਗਾਂ ਤੇ ਬੱਚਿਆਂ ਨੂੰ ਬਹੁਤ ਜਲਦੀ ਆਪਣੀ ਲਪੇਟ 'ਚ ਲੈ ਲੈਂਦੀ ਹੈ, ਜਿਸ ਨਾਲ ਖੰਘ, ਜ਼ੁਕਾਮ, ਬੁਖਾਰ, ਸਾਹ, ਦਮਾ ਤੇ ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਜਾਂਦੀਆਂ ਹਨ।
-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।
ਪਰਾਲੀ ਤੇ ਮੁਲਾਜ਼ਮ
ਪ੍ਰਦੂਸ਼ਣ ਬਾਰੇ ਪੰਜਾਬ ਸਰਕਾਰ ਦੀ ਸਾਰਥਕ ਪਹੁੰਚ ਤਾਂ ਠੀਕ ਹੈ ਪਰ ਪਰਾਲੀ ਪ੍ਰਦੂਸ਼ਣ ਦੇ ਮੁੱਦੇ 'ਤੇ ਸਰਕਾਰੀ ਮੁਲਾਜ਼ਮਾਂ ਖਿਲਾਫ਼ ਕਾਰਵਾਈ ਸਰਾਸਰ ਧੱਕਾ ਹੈ। ਚਿੱਠੀ ਪੱਤਰ ਕੱਢ ਕੇ ਵਟਸਐਪ ਰਾਹੀਂ ਅੱਗੇ ਤੌਰ ਕੇ ਉੱਚ ਅਧਿਕਾਰੀ ਤੇ ਸਰਕਾਰ ਤਾਂ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂਦੇ ਹਨ ਪਰ ਹੇਠਲੇ ਮੁਲਾਜ਼ਮਾਂ ਦੀ ਮਾਨਸਿਕ ਪੀੜਾ ਤੇ ਧੱਕਾ ਸਹਿਣ ਦਾ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਪਰਾਲੀ ਬਾਰੇ ਸੰਬੰਧਿਤ ਅਦਾਰੇ ਦੱਸ ਰਹੇ ਹਨ ਕਿ ਦਿੱਲੀ ਦੇ ਹਵਾ ਪ੍ਰਦੂਸ਼ਣ ਦਾ ਪੰਜਾਬ 'ਚ ਪਰਾਲੀ ਸਾੜਨ ਨਾਲ ਕੋਈ ਸੰਬੰਧ ਨਹੀਂ ਹੈ। ਫਿਰ ਮੁਲਾਜ਼ਮ ਖਿਲਾਫ਼ ਕਾਰਵਾਈ ਕਿਉਂ? ਮੁਲਾਜ਼ਮ ਸਰਕਾਰ ਦਾ ਸੁਨੇਹਾ ਕਿਸਾਨਾਂ ਤੇ ਲੋਕਾਂ ਤੱਕ ਪਹੁੰਚਾ ਸਕਦਾ ਹੈ, ਪਰ ਪਰਾਲੀ ਨੂੰ ਅੱਗ ਲਗਾਉਣਾ ਜਾਂ ਨਾ ਲਗਾਉਣਾ ਕਿਸਾਨ ਦੀ ਇੱਛਾ 'ਤੇ ਨਿਰਭਰ ਹੈ। ਪ੍ਰਦੂਸ਼ਣ ਤੇ ਆਮ ਲੋਕ ਤੇ ਕਿਸਾਨ ਜਥੇਬੰਦੀਆਂ ਨੂੰ ਵੀ ਪੰਜਾਬ ਸਰਕਾਰ ਦਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਸਭ ਦੀ ਸਿਹਤ ਠੀਕ ਰਹਿ ਸਕੇ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ, ਰੂਪਨਗਰ।