ਬੱਸ ਤੇ ਕਾਰ ਦੀ ਆਹਮੋ-ਸਾਹਮਣੇ ਟੱਕਰ 'ਚ 2 ਗੰਭੀਰ ਜ਼ਖਮੀ
ਪੰਜਗਰਾਈਂ ਕਲਾਂ (ਫਰੀਦਕੋਟ), 19 ਨਵੰਬਰ (ਸੁਖਮੰਦਰ ਸਿੰਘ ਬਰਾੜ)-ਪੰਜਗਰਾਈਂ ਕਲਾਂ ਤੋਂ ਥੋੜ੍ਹੀ ਦੂਰ ਮੋਗਾ-ਕੋਟਕਪੂਰਾ ਰੋਡ 'ਤੇ ਬੱਸ ਤੇ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਦੇ ਮੋਗਾ ਡਿਪੂ ਦੀ ਬੱਸ ਜਿਸਨੂੰ ਮਨਦੀਪ ਸਿੰਘ ਭੇਖਾ ਚਲਾ ਰਿਹਾ ਸੀ, ਸ੍ਰੀਗੰਗਾਨਗਰ ਤੋਂ ਮੋਗੇ ਨੂੰ ਜਾ ਰਹੀ ਸੀ ਤਾਂ ਰਾਇਲ ਪੈਲੇਸ ਦੇ ਬਿਲਕੁਲ ਨਜ਼ਦੀਕ ਮੋਗੇ ਵਾਲੇ ਪਾਸਿਓਂ ਆ ਰਹੀ ਸਵਿਫਟ ਕਾਰ ਅਚਾਨਕ ਸਾਹਮਣੇ ਤੋਂ ਬੱਸ ਨਾਲ ਟਕਰਾਈ, ਜਿਸ ਨਾਲ ਕਾਰ ਵਿਚ ਸਵਾਰ ਖੁਸ਼ਦੀਪ ਸਿੰਘ ਪੁੱਤਰ ਬੋਹੜ ਸਿੰਘ ਅਤੇ ਅਕਾਸ਼ਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਦੋਵੇਂ ਵਾਸੀ ਸਮਾਲਸਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਜਦਕਿ ਬੱਸ ਸਵਾਰ 35 ਦੇ ਕਰੀਬ ਸਵਾਰੀਆਂ ਨੂੰ ਹਲਕੀਆਂ ਸੱਟਾਂ ਲੱਗੀਆਂ। ਘਟਨਾ ਦੀ ਸੂਚਨਾ ਮਿਲਣ ਉਤੇ ਸਹਾਇਕ ਥਾਣੇਦਾਰ ਸਿਕੰਦਰ ਸਿੰਘ ਨੇ ਘਟਨਾ ਸਥਾਨ ਉਤੇ ਪਹੁੰਚ ਕੇ ਜ਼ਖਮੀਆਂ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਕੋਟਕਪੂਰਾ ਭੇਜਿਆ, ਜਿਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮੈਡੀਕਲ ਕਾਲਜ ਫਰੀਦਕੋਟ ਵਿਖੇ ਭੇਜ ਦਿੱਤਾ ਗਿਆ।