ਭੰਡਾਲ ਦੋਨਾਂ ਵਿਖੇ ਲੁਟੇਰੇ ਲੱਖਾਂ ਦੇ ਗਹਿਣੇ ਤੇ ਨਕਦੀ ਲੈ ਕੇ ਫਰਾਰ, ਮਾਲਕ ਕੀਤਾ ਜ਼ਖਮੀ
ਕਪੂਰਥਲਾ, 19 ਨਵੰਬਰ (ਅਮਨਜੋਤ ਸਿੰਘ ਵਾਲੀਆ)-ਭੰਡਾਲ ਦੋਨਾਂ ਵਿਖੇ ਇਕ ਘਰ ਵਿਚ ਚਾਰ ਲੁਟੇਰੇ ਘਰ ਨੂੰ ਸੰਨ੍ਹ ਲਾ ਕੇ ਅੰਦਰ ਵੜ ਗਏ ਤੇ ਮਾਲਕਾਂ ਨੂੰ ਬੰਦੀ ਬਣਾ ਕੇ ਘਰ ਵਿਚੋਂ ਪੰਜ ਤੋਂ ਛੇ ਤੋਲੇ ਸੋਨੇ ਦੇ ਗਹਿਣੇ ਤੇ 60 ਹਜ਼ਾਰ ਰੁਪਏ ਦੇ ਕਰੀਬ ਨਕਦੀ ਲੁੱਟ ਕੇ ਫਰਾਰ ਹੋ ਗਏ। ਇਸ ਦੌਰਾਨ ਉਨ੍ਹਾਂ ਘਰ ਦੇ ਮਾਲਕ ਉਤੇ ਹਮਲਾ ਕਰਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਪਲਵਿੰਦਰ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਭੰਡਾਲ ਦੋਨਾਂ ਨੇ ਦੱਸਿਆ ਕਿ ਰਾਤ 2 ਵਜੇ ਦੇ ਕਰੀਬ ਚਾਰ ਅਣਪਛਾਤੇ ਵਿਅਕਤੀ ਘਰ ਦੇ ਇਕ ਕਮਰੇ ਅੰਦਰ ਵੜੇ ਜਿਨ੍ਹਾਂ ਵਿਚੋਂ ਦੋ ਵਿਅਕਤੀਆਂ ਨੇ ਮੈਨੂੰ ਘੇਰ ਲਿਆ ਤੇ ਫੋਨ ਵੀ ਚੁੱਕ ਲਿਆ। ਦੋ ਲੁਟੇਰੇ ਘਰ ਦੀ ਫਰੋਲਾ-ਫਰਾਲੀ ਕਰਨ ਲੱਗੇ, ਜਿਸ ਤੋਂ ਬਾਅਦ ਉਨ੍ਹਾਂ ਨੇ ਸੋਨੇ ਦੇ ਗਹਿਣੇ ਬਾਰੇ ਪੁੱਛਿਆ ਜਦੋਂ ਮੈਂ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਮੇਰੇ ਉਤੇ ਹਮਲਾ ਕਰ ਦਿੱਤਾ ਤੇ ਮੈਨੂੰ ਗੰਭੀਰ ਜ਼ਖਮੀ ਕਰ ਦਿੱਤਾ। ਲੁਟੇਰੇ ਪੰਜ ਤੋਂ ਛੇ ਤੋਲੇ ਸੋਨੇ ਦੇ ਗਹਿਣੇ ਤੇ 60 ਹਜ਼ਾਰ ਰੁਪਏ ਦੇ ਕਰੀਬ ਨਕਦੀ ਲੈ ਕੇ ਫਰਾਰ ਹੋ ਗਏ ਅਤੇ ਜਾਣ ਸਮੇਂ ਲੁਟੇਰੇ ਉਨ੍ਹਾਂ ਨੂੰ ਇਕ ਕਮਰੇ ਵਿਚ ਬੰਦ ਕਰ ਗਏ ਜਿਨ੍ਹਾਂ ਨੂੰ ਸਵੇਰੇ ਦੁੱਧ ਲੈਣ ਆਈ ਇਕ ਔਰਤ ਨੇ ਬਾਹਰ ਕੱਢਿਆ।