ਘਰ 'ਚ ਖੇਡਦੀ ਡੇਢ ਸਾਲਾ ਮਾਸੂਮ ਬੱਚੀ ਨਾਲ ਵਾਪਰਿਆ ਹਾਦਸਾ, ਮੌਤ
ਮਾਛੀਵਾੜਾ ਸਾਹਿਬ (ਲੁਧਿਆਣਾ), 19 ਨਵੰਬਰ (ਜੀ. ਐੱਸ. ਚੌਹਾਨ)-ਪਿੰਡ ਹਿਆਤਪੁਰਾ ਵਿਖੇ ਇਕ ਡੇਢ ਸਾਲਾ ਬੱਚੀ ਨਾਲ ਵਾਪਰੀ ਦਰਦਨਾਕ ਘਟਨਾ ਵਿਚ ਉਸਦੀ ਜਾਨ ਚਲੀ ਗਈ। ਬੱਚੀ ਦੀ ਦਾਦੀ ਗੁਰਦੇਵ ਕੌਰ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਘਰ ਵਿਚ ਮਿਸਤਰੀ ਲੱਗੇ ਹੋਏ ਸਨ ਜੋ ਕਿ ਟਾਈਲਾਂ ਲਗਾ ਰਹੇ ਸਨ ਅਤੇ ਮਿਸਤਰੀਆਂ ਵਲੋਂ ਇਕ ਲੋਹੇ ਦਾ ਗੇਟ ਖੋਲ੍ਹ ਕੇ ਕੰਧ ਨਾਲ ਖੜ੍ਹਾ ਕੀਤਾ ਹੋਇਆ ਸੀ। ਇਸ ਦੌਰਾਨ ਬੱਚੀ ਬਾਣੀ ਕੌਰ ਘਰ ਵਿਚ ਖੇਡਦੀ ਹੋਈ ਉਸ ਲੋਹੇ ਦੇ ਗੇਟ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗੀ ਤਾਂ ਇਹ ਭਾਰੀ ਗੇਟ ਉਸ ਉੱਪਰ ਹੀ ਆ ਡਿੱਗਿਆ। ਜਦੋਂ ਦਾਦੀ ਤੇ ਘਰ ਵਿਚ ਲੱਗੇ ਮਿਸਤਰੀਆਂ ਨੇ ਲੋਹੇ ਦੇ ਗੇਟ ਹੇਠੋਂ ਬੱਚੀ ਨੂੰ ਕੱਢਿਆ ਅਤੇ ਹਸਪਤਾਲ ਲਿਆਂਦਾ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਛੀਵਾੜਾ ਥਾਣਾ ਮੁਖੀ ਪਵਿੱਤਰ ਸਿੰਘ ਵਲੋਂ ਬੱਚੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਸਮਰਾਲਾ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਹੈ।