ਜ਼ਿਮਨੀ ਚੋਣ ਡੇਰਾ ਬਾਬਾ ਨਾਨਕ ਨੂੰ ਮੁੱਖ ਰੱਖਦਿਆਂ ਭਲਕੇ ਸ਼ਾਮ 6:00 ਵਜੇ ਤੱਕ ਤੇ 23 ਨਵੰਬਰ ਨੂੰ ਡਰਾਈ ਡੇਅ ਰਹੇਗਾ
ਬਟਾਲਾ, 19 ਨਵੰਬਰ (ਸਤਿੰਦਰ ਸਿੰਘ)-ਜ਼ਿਮਨੀ ਚੋਣ ਡੇਰਾ ਬਾਬਾ ਨਾਨਕ ਨੂੰ ਮੁੱਖ ਰੱਖਦਿਆਂ 20 ਨਵੰਬਰ ਸ਼ਾਮ 6:00 ਵਜੇ ਤੱਕ ਅਤੇ 23 ਨਵੰਬਰ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਡਰਾਈ ਡੇਅ ਰਹੇਗਾ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਐਕਸਾਈਜ਼ ਕਮਿਸ਼ਨਰ ਪੰਜਾਬ ਵਲੋਂ ਜ਼ਿਮਨੀ ਚੋਣ ਡੇਰਾ ਬਾਬਾ ਨਾਨਕ ਨੂੰ ਮੁੱਖ ਰੱਖਦਿਆਂ ਹਲਕਾ ਡੇਰਾ ਬਾਬਾ ਨਾਨਕ ਅਤੇ ਹਲਕੇ ਦੇ ਆਸ-ਪਾਸ ਦੇ ਤਿੰਨ ਕਿਲੋਮੀਟਰ ਦੇ ਖੇਤਰ ਵਿਚ ਮਿਤੀ 18 ਨਵੰਬਰ 2024 ਸ਼ਾਮ 6:00 ਵਜੇ ਤੋਂ 20 ਨਵੰਬਰ 2024 ਸ਼ਾਮ 6:00 ਵਜੇ ਅਤੇ ਵੋਟਾਂ ਦੀ ਗਿਣਤੀ ਵਾਲੇ ਦਿਨ 23 ਨਵੰਬਰ ਨੂੰ ਡਰਾਈ ਡੇਅ ਰਹੇਗਾ। ਸ਼ਰਾਬ ਦੇ ਠੇਕੇ ਖੋਲ੍ਹਣ ਅਤੇ ਸ਼ਰਾਬ ਨੂੰ ਵੇਚਣ ਤੇ ਸਟੋਰ ਕਰਨ 'ਤੇ ਪੂਰਨ ਤੌਰ 'ਤੇ ਪਾਬੰਦੀ ਰਹੇਗੀ। ਹੋਟਲਾਂ, ਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ ਆਦਿ ਜਿਥੇ ਸ਼ਰਾਬ ਵੇਚਣ ਦੀ ਕਾਨੂੰਨੀ ਇਜਾਜ਼ਤ ਹੈ 'ਤੇ ਵੀ ਪੂਰਨ ਪਾਬੰਦੀ ਰਹੇਗੀ। ਜ਼ਿਲ੍ਹਾ ਗੁਰਦਾਸਪੁਰ ਵਿਖੇ 20 ਨਵੰਬਰ ਨੂੰ ਸਰਕਾਰੀ ਦਫ਼ਤਰਾਂ/ਬੋਰਡਾਂ/ਕਾਰਪੋਰੇਸ਼ਨਾਂ/ਵਿਦਿਅਕ ਅਦਾਰਿਆਂ ਵਿਖੇ ਸਥਾਨਕ ਛੁੱਟੀ ਸਮੇਤ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ-1881 ਤਹਿਤ ਛੁੱਟੀ ਐਲਾਨੀ ਗਈ ਹੈ। ਇਸੇ ਤਰ੍ਹਾਂ 10-ਡੇਰਾ ਬਾਬਾ ਨਾਨਕ ਹਲਕੇ ਦੇ ਉਨ੍ਹਾਂ ਵੋਟਰਾਂ, ਜਿਹੜੇ ਪੰਜਾਬ ਦੀਆਂ ਰਜਿਟਰਡ ਫੈਕਟਰੀਆਂ, ਦੁਕਾਨਾਂ ਜਾਂ ਵਪਾਰਕ ਸੰਸਥਾਵਾਂ ਵਿਖੇ ਕੰਮ ਕਰ ਰਹੇ ਹਨ, ਨੂੰ ਵੀ ਵੋਟ ਪਾਉਣ ਲਈ ਕੰਮ ਤੋਂ ਛੋਟ ਰਹੇਗੀ। ਇਸ ਦੇ ਨਾਲ ਹੀ ਹਲਕਾ ਡੇਰਾ ਬਾਬਾ ਨਾਨਕ ਵਿਖੇ ਵੋਟ ਪਾਉਣ ਲਈ ਲੋਕ ਪ੍ਰਤੀਨਿਧਤਾ ਐਕਟ 1951 ਦੇ ਸੈਕਸ਼ਨ 135-ਬੀ(1) ਦੀ ਪ੍ਰੋਵੀਜ਼ਨ ਅਨੁਸਾਰ 20 ਨਵੰਬਰ 2024 ਨੂੰ ਪੇਡ ਹੋਲੀਡੇ ਘੋਸ਼ਿਤ ਕੀਤੀ ਗਈ ਹੈ। ਇਸੇ ਤਰ੍ਹਾਂ ਜ਼ਿਮਨੀ ਚੋਣ ਡੇਰਾ ਬਾਬਾ ਨਾਨਕ ਨੂੰ ਮੁੱਖ ਰੱਖਦਿਆਂ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰ ਬੰਦ ਰਹਿਣਗੇ ਤਾਂ ਜੋ ਸੇਵਾ ਕੇਂਦਰਾਂ ਅਤੇ ਡੋਰ ਸਟੈਪ ਸਰਵਿਸ ਡਲਿਵਰੀ ਵਿਚ ਕੰਮ ਕਰਦੇ ਸਮੂਹ ਕਰਮਚਾਰੀ, ਜ਼ਿਮਨੀ ਚੋਣ ਲਈ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ।