JALANDHAR WEATHER

ਜਲੰਧਰ ਦਿਹਾਤੀ ਪੁਲਿਸ ਵਲੋਂ 102 ਕਿਲੋ ਭੁੱਕੀ ਸਣੇ 2 ਤਕਸਰ ਕਾਬੂ

ਚੰਡੀਗੜ੍ਹ/ਜਲੰਧਰ, 18 ਨਵੰਬਰ-ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਜਲੰਧਰ ਦਿਹਾਤੀ ਨੇ ਦੱਸਿਆ ਕਿ ਨਸ਼ਾ ਤਸਕਰੀ ਖਿਲਾਫ ਇਕ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ ਜਲੰਧਰ ਦਿਹਾਤੀ ਪੁਲਿਸ ਨੇ ਇਕ ਅੰਤਰਰਾਜੀ ਭੁੱਕੀ ਤਸਕਰੀ ਦੇ ਨੈੱਟਵਰਕ ਦਾ ਸਫਲਤਾਪੂਰਵਕ ਪਰਦਾਫਾਸ਼ ਕੀਤਾ ਹੈ ਅਤੇ ਇਕ ਵਿਸ਼ੇਸ਼ ਤੌਰ 'ਤੇ ਮੋਡੀਫਾਈਡ ਟਰੱਕ ਵਿਚ ਲਿਜਾਈ ਜਾ ਰਹੀ 102 ਕਿਲੋ ਭੁੱਕੀ ਬਰਾਮਦ ਕਰਕੇ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਟੀਮਾਂ ਨੇ ਟਰੱਕ ਨੂੰ ਵੀ ਜ਼ਬਤ ਕਰ ਲਿਆ ਹੈ, ਜਿਸ ਵਿਚ ਫਰਸ਼ ਦੇ ਹੇਠਾਂ ਇਕ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤਾ ਡੱਬਾ ਸੀ, ਜਿਸ ਦੀ ਵਰਤੋਂ ਭੁੱਕੀ ਦੀ ਢੋਆ-ਢੁਆਈ ਲਈ ਕੀਤੀ ਜਾ ਰਹੀ ਸੀ। ਐਸ.ਐਸ.ਪੀ. ਖੱਖ ਨੇ ਦੱਸਿਆ ਕਿ ਭੁੱਕੀ ਦੀ ਵੱਡੀ ਖੇਪ ਦੀ ਢੋਆ-ਢੁਆਈ ਸੰਬੰਧੀ ਮਿਲੀ ਖ਼ੁਫ਼ੀਆ ਸੂਚਨਾ ਦੇ ਆਧਾਰ ’ਤੇ ਐਸ.ਪੀ. ਇਨਵੈਸਟੀਗੇਸ਼ਨ ਜਸਰੂਪ ਕੌਰ ਬਾਠ ਅਤੇ ਡੀ.ਐਸ.ਪੀ. ਸ਼ਾਹਕੋਟ ਓਂਕਾਰ ਸਿੰਘ ਬਰਾੜ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਸੀ। ਪੁਲਿਸ ਥਾਣਾ ਸ਼ਾਹਕੋਟ ਦੇ ਐਸ.ਆਈ. ਗੁਰਨਾਮ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਮੋਗਾ-ਜਲੰਧਰ ਕੌਮੀ ਮਾਰਗ 'ਤੇ ਟੀ-ਪੁਆਇੰਟ 'ਤੇ ਵਿਸ਼ੇਸ਼ ਨਾਕਾਬੰਦੀ ਦੌਰਾਨ ਟਰੱਕ ਨੂੰ ਰੋਕਿਆ ਅਤੇ ਉਸ ਵਿਚ ਲੁਕਾਈ ਹੋਈ 102 ਕਿਲੋ ਭੁੱਕੀ ਬਰਾਮਦ ਕੀਤੀ।

ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਦਰਸ਼ਨ ਸਿੰਘ ਵਾਸੀ ਕੱਥੂਨੰਗਲ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ ਵਰਿੰਦਰ ਸਿੰਘ ਉਰਫ਼ ਰਾਜੂ ਪੁੱਤਰ ਮਲਕੀਤ ਸਿੰਘ ਵਾਸੀ ਠੱਟਾ ਨਵਾਂ, ਤਲਵੰਡੀ ਚੌਧਰੀਆਂ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ, ਜਦਕਿ ਦੋ ਹੋਰ ਮੁਲਜ਼ਮਾਂ ਦੀ ਪਛਾਣ ਸੋਨੂੰ ਦੌਲੇਵਾਲਾ, ਕੋਟ ਈਸੇ ਖਾਂ, ਮੋਗਾ ਅਤੇ ਸੈਚਨ ਦੇ ਕਰਨ, ਸੁਲਤਾਨਪੁਰ ਲੋਧੀ, ਕਪੂਰਥਲਾ ਦੇ ਰੂਪ ਵਿਚ ਹੋਈ ਹੈ। ਦੋਵੇਂ ਇਸ ਸਮੇਂ ਫਰਾਰ ਹਨ। ਪੁਲਿਸ ਟੀਮਾਂ ਇਨ੍ਹਾਂ ਦੀ ਭਾਲ ਕਰ ਰਹੀਆਂ ਹਨ।ਐਸ.ਐਸ.ਪੀ. ਨੇ ਕਿਹਾ ਕਿ ਮੁੱਢਲੀ ਜਾਂਚ ਵਿਚ ਸਿੰਡੀਕੇਟ ਦੀਆਂ ਗੁੰਝਲਦਾਰ ਅੰਤਰਰਾਜੀ ਕਾਰਵਾਈਆਂ ਦਾ ਖੁਲਾਸਾ ਹੋਇਆ ਹੈ, ਜਿਸ ਵਿਚ ਕਪੂਰਥਲਾ ਅਤੇ ਗੋਇੰਦਵਾਲ ਜੇਲ੍ਹਾਂ ਤੋਂ ਕੰਮ ਕਰਨ ਵਾਲੇ ਮੁੱਖ ਵਿਅਕਤੀ ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਪੰਜਾਬ ਵਿਚ ਨਸ਼ਿਆਂ ਦਾ ਕਾਰੋਬਾਰ ਕਰਦੇ ਸਨ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਜੇਲ੍ਹਾਂ ਵਿਚ ਬੰਦ ਮੁਲਜ਼ਮਾਂ ਦੇ ਪ੍ਰੋਡਕਸ਼ਨ ਵਾਰੰਟਾਂ ਦੀ ਮੰਗ ਕਰਾਂਗੇ ਅਤੇ ਉਨ੍ਹਾਂ ਨੂੰ ਪੁਲਿਸ ਰਿਮਾਂਡ 'ਤੇ ਲਿਆਉਣ ਤੋਂ ਬਾਅਦ ਇਸ ਮਾਮਲੇ ਵਿਚ ਉਨ੍ਹਾਂ ਦੀ ਗ੍ਰਿਫਤਾਰੀ ਕਰਕੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਵੀ ਕੀਤਾ ਜਾਵੇਗਾ।


 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ