ਕਾਂਗਰਸ ਨੇਤਾ ਰਾਹੁਲ ਗਾਂਧੀ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਪੁੱਜੇ
ਰਾਜਾਸਾਂਸੀ (ਅੰਮ੍ਰਿਤਸਰ), 18 ਨਵੰਬਰ (ਹਰਦੀਪ ਸਿੰਘ ਖੀਵਾ)-ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਪੁੱਜੇ। ਇਥੋਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਰਵਾਨਾ ਹੋਏ। ਦੱਸਿਆ ਜਾ ਰਿਹਾ ਹੈ ਕਿ ਇਸ ਦੇ ਅਧਿਕਾਰਤ ਪ੍ਰੋਗਰਾਮ ਦਾ ਸਮਾਂ ਸ਼ਾਰਨੀ ਕਿਸੇ ਨਾਲ ਸਾਂਝਾ ਨਹੀਂ ਕੀਤਾ ਗਿਆ ਪਰ ਜਾਣਕਾਰੀ ਮੁਤਾਬਕ ਉਹ ਅੱਜ ਰਾਤ ਨੂੰ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਹੀ ਆਏ ਹਨ। ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ 20 ਨਵੰਬਰ ਨੂੰ ਵੋਟਾਂ ਪੈਣੀਆਂ ਹਨ। ਇਸ ਤੋਂ ਪਹਿਲਾਂ ਅੱਜ ਰਾਹੁਲ ਗਾਂਧੀ ਦੇ ਦੌਰੇ ਨੂੰ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ। ਹਾਲਾਂਕਿ ਆਪਣੇ ਅਣ-ਅਧਿਕਾਰਤ ਪ੍ਰੋਗਰਾਮ ਅਨੁਸਾਰ ਉਹ ਕੇਵਲ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਹੀ ਹਵਾਈ ਅੱਡਾ ਰਾਜਾਸਾਂਸੀ ਪੁੱਜੇ ਹਨ। ਰਾਹੁਲ ਗਾਂਧੀ ਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸੁਖਵਿੰਦਰ ਸਿੰਘ ਡੈਨੀ, ਸੁਖਬਿੰਦਰ ਸਿੰਘ ਸਰਕਾਰੀਆ, ਓਮ ਪ੍ਰਕਾਸ਼ ਸੋਨੀ, ਹਰਪ੍ਰਤਾਪ ਸਿੰਘ ਅਜਨਾਲਾ, ਜੁਗਲ ਕਿਸ਼ੋਰ, ਭਗਵੰਤਪਾਲ ਸਿੰਘ ਸੱਚਰ, ਡਾਕਟਰ ਰਾਜ ਕੁਮਾਰ, ਅਗਵਨੀ ਪੱਪੀ ਤੇ ਹੋਰ ਆਗੂਆਂ ਵਲੋਂ ਅੰਮ੍ਰਿਤਸਰ ਹਵਾਈ ਅੱਡੇ ਉਤੇ ਭਰਵਾਂ ਸਵਾਗਤ ਕੀਤਾ ਗਿਆ।