ਰਾਜਪਾਲ ਪੰਜਾਬ ਵਲੋਂ ਹਰੀਕੇ ਬਰਡ ਸੈਂਚਰੀ ਦਾ ਦੌਰਾ
ਮੱਖੂ/ਹਰੀਕੇ (ਫ਼ਿਰੋਜ਼ਪੁਰ), 6 ਨਵੰਬਰ (ਕੁਲਵਿੰਦਰ ਸਿੰਘ ਸੰਧੂ/ਸੰਜੀਵ ਕੁੰਦਰਾ)- ਆਪਣੀ ਫਿਰੋਜ਼ਪੁਰ ਫੇਰੀ ਤਹਿਤ ਅੱਜ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਕਸਬਾ ਮੱਖੂ ਨਜ਼ਦੀਕ ਹਰੀਕੇ ਹੈੱਡ ਵਰਕਸ ਪੁਲ ਕੰਢੇ ਬਰਡ ਸੈਂਚਰੀ ਹਰੀਕੇ ਦੇ ਵਿਆਖਿਆ ਕੇਂਦਰ ਵਿਖੇ ਪਹੁੰਚੇ। ਉਨ੍ਹਾਂ ਦਾ ਇੱਥੇ ਪਹੁੰਚਣ ’ਤੇ ਰਣਜੀਤ ਸਿੰਘ ਡੀ.ਆਈ.ਜੀ. ਫਿਰੋਜ਼ਪੁਰ ਰੇਂਜ, ਦੀਪਸ਼ਿਖਾ ਸ਼ਰਮਾ ਡਿਪਟੀ ਕਮਿਸ਼ਨਰ ਫਿਰੋਜ਼ਪੁਰ, ਸੌਮਿਆ ਮਿਸ਼ਰਾ ਐਸ.ਐਸ.ਪੀ. ਫ਼ਿਰੋਜ਼ਪੁਰ, ਐਸ.ਐਸ.ਪੀ. ਤਰਨ ਤਾਰਨ ਫੁਰਮਾਨ ਸਿੰਘ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਗੀਤਾਂਜਲੀ ਕੰਵਰ ਕੋਆਰਡੀਨੇਟਰ ਵਾਈਲਡ ਲਾਈਫ ਪ੍ਰੋਜੈਕਟ ਵਲੋਂ ਰਾਜਪਾਲ ਪੰਜਾਬ ਨੂੰ ਹਰੀਕੇ ਬਰਡ ਸੈਂਚਰੀ ਵਿਚਲੇ ਪੰਛੀਆਂ ਅਤੇ ਜਲ ਜੀਵਾਂ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਉਪਰੰਤ ਰਾਜਪਾਲ ਪੰਜਾਬ ਵਲੋਂ ਹਰੀਕੇ ਹੈੱਡ ਵਰਕਸ ਪੁਲ ’ਤੇ ਪਹੁੰਚ ਕੇ ਨਹਿਰੀ ਸਿਸਟਮ ਅਤੇ ਹੈੱਡ ਦੀ ਕਾਰਜ ਪ੍ਰਣਾਲੀ ਸੰਬੰਧੀ ਜਾਣਕਾਰੀ ਹਾਸਿਲ ਕੀਤੀ ਗਈ। ਇਸ ਮੌਕੇ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ ਵਲੋਂ ਆਪਣੀਆਂ ਬੰਜਰ ਹੋਈਆਂ ਜ਼ਮੀਨਾਂ ਨੂੰ ਲੈ ਕੇ ਰਾਜਪਾਲ ਨੂੰ ਮੰਗ ਵੀ ਪੱਤਰ ਦਿੱਤਾ ਗਿਆ।