ਮੰਡੀ ਕਿਲਿਆਂਵਾਲੀ ’ਚ ਮਹਿੰਦੀ ਫੈਕਟਰੀ ’ਚ ਤੇਜ਼ ਧਮਾਕੇ ਨਾਲ ਲੱਗੀ ਅੱਗ
ਮੰਡੀ ਕਿੱਲਿਆਂਵਾਲੀ, (ਸ੍ਰੀ ਮੁਕਤਸਰ ਸਾਹਿਬ) 6 ਨਵੰਬਰ (ਇਕਬਾਲ ਸਿੰਘ ਸ਼ਾਂਤ)- ਸਥਾਨਕ ਕਸਬੇ ਵਿਖੇ ਅੱਜ ਮਹਿੰਦੀ ਬਣਾਉਣ ਦੀ ਇਕ ਫੈਕਟਰੀ ’ਚ ਤੇਜ਼ ਧਮਾਕੇ ਨਾਲ ਅੱਗ ਲੱਗ ਗਈ। ਹਾਦਸੇ ਵਿਚ ਤਿੰਨ ਮੁਲਾਜ਼ਮ ਔਰਤਾਂ ਗੰਭੀਰ ਰੂਪ ਵਿਚ ਝੁਲਸ ਗਈਆਂ, ਜਿਨ੍ਹਾਂ ਨੂੰ ਏਮਜ਼ ਬਠਿੰਡਾ ਵਿਖੇ ਇਲਾਜ ਲਈ ਭੇਜਿਆ ਗਿਆ ਹੈ। ਘਟਨਾ ਬਾਅਦ ਦੁਪਹਿਰ ਕਰੀਬ 2 ਵਜੇ ਵਾਪਰੀ। ਮੁੱਢਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਬੱਸ ਸਟੈਂਡ ਦੇ ਸਾਹਮਣੇ ਡਾਕਖਾਨੇ ਵਾਲੀ ਗਲੀ ਵਿਚ ਸਥਿਤ ਫੈਕਟਰੀ ਅੰਦਰ ਮਹਿੰਦੀ ਮਿਕਸਿੰਗ ਯੂਨਿਟ ਵਿਚ ਵਾਪਰਿਆ। ਜਾਣਕਾਰੀ ਅਨੁਸਾਰ ਘਟਨਾ ਸਮੇਂ ਮਹਿੰਦੀ ਮਿਕਸਿੰਗ ਯੂਨਿਟ ਵਿਚ ਕੰਮ ਕਰ ਰਹੀਆਂ ਸੰਦੀਪ ਕੌਰ (30) ਵਾਸੀ ਪ੍ਰੇਮ ਨਗਰ ਡੱਬਵਾਲੀ, ਰੂਪਾ (22) ਅਤੇ ਸੁਨੀਤਾ (31) ਵਾਸੀ ਬਿਹਾਰ ਹਾਲ ਆਬਾਦ ਪਿੰਡ ਲੁਹਾਰਾ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ। ਧਮਾਕਾ ਇੰਨਾ ਤੇਜ਼ ਸੀ ਕਿ ਧਮਾਕੇ ਦੀ ਆਵਾਜ਼ ਦੂਰ ਦੂਰ ਤੱਕ ਸੁਣਾਈ ਦਿੱਤੀ। ਤੇਜ਼ ਧਮਾਕੇ ਨਾਲ ਇਲਾਕੇ ਅੰਦਰ ਸਨਸਨੀ ਫੈਲ ਗਈ ਅਤੇ ਵੱਡੀ ਗਿਣਤੀ ਲੋਕ ਮੌਕੇ ’ਤੇ ਪੁੱਜ ਗਏ। ਲੋਕਾਂ ਨੇ ਮਿਕਸਿੰਗ ਯੂਨਿਟ ਦਾ ਬਾਹਰੀ ਦਰਵਾਜ਼ਾ ਤੋੜ ਕੇ ਜ਼ਖ਼ਮੀ ਔਰਤਾਂ ਨੂੰ ਬਾਹਰ ਕੱਢਿਆ ਅਤੇ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਡੱਬਵਾਲੀ ਪਹੁੰਚਾਇਆ। ਫੈਕਟਰੀ ਵਿਚ ਡੇਢ ਦਰਜਨ ਦੇ ਕਰੀਬ ਪਰਵਾਸੀ ਮਜ਼ਦੂਰ ਔਰਤਾਂ ਕੰਮ ਕਰਦੀਆਂ ਹਨ। ਉਹ ਘਟਨਾ ਸਮੇਂ ਪੈਕਿੰਗ ਯੂਨਿਟ ਵਿਚ ਦੁਪਿਹਰ ਦੇ ਖਾਣੇ ਵੇਲੇ ਆਰਾਮ ਕਰ ਰਹੀਆਂ ਸਨ ਅਤੇ ਸੁਪਰਵਾਈਜ਼ਰ ਗੁਰਪਾਲ ਸਿੰਘ ਦਫ਼ਤਰ ਵਿਚ ਬੈਠਾ ਸੀ। ਘਟਨਾ ਦੀ ਸੂਚਨਾ ਮਿਲਣ ’ਤੇ ਡੱਬਵਾਲੀ ਫਾਇਰ ਬ੍ਰਿਗੇਡ ਅਮਲੇ ਨੇ ਪੁੱਜ ਕੇ ਅੱਗ ’ਤੇ ਕਾਬੂ ਪਾਇਆ। ਲੰਬੀ ਦੇ ਡੀ.ਐਸ.ਪੀ. ਜਸਪਾਲ ਸਿੰਘ, ਥਾਣਾ ਕਿੱਲਿਆਂਵਾਲੀ ਦੇ ਮੁਖੀ ਕਰਮਜੀਤ ਕੌਰ ਅਤੇ ਹਰਿਆਣਾ ਪੁਲਿਸ ਦਾ ਅਮਲਾ ਵੀ ਮੌਕੇ ’ਤੇ ਪੁੱਜ ਗਿਆ। ਮੁਹੱਲਾ ਵਾਸੀ ਭੁਪਿੰਦਰ ਸਿੰਘ ਨੇ ਖਦਸ਼ਾ ਜ਼ਾਹਰ ਕੀਤਾ ਕਿ ਫੈਕਟਰੀ ਦੇ ਬੁਆਈਲਰ ਵਿਚ ਮਹਿੰਦੀ ਵਗੈਰਾ ਫਸਣ ਕਰਕੇ ਇਹ ਧਮਾਕਾ ਹੋਇਆ। ਸਿਵਲ ਹਸਪਤਾਲ ਡੱਬਵਾਲੀ ਦੇ ਐਸ.ਐਮ.ਓ. ਡਾ. ਸੁਖਵੰਤ ਸਿੰਘ ਹੇਅਰ ਨੇ ਦੱਸਿਆ ਕਿ ਜ਼ਖਮੀ ਔਰਤ ਸੰਦੀਪ ਕੌਰ ਕਰੀਬ 80 ਫ਼ੀਸਦੀ ਝੁਲਸ ਗਈ ਹੈ, ਜਦਕਿ ਦੋ ਹੋਰ ਜ਼ਖਮੀ ਔਰਤਾਂ ਲਗਭਗ 60 ਫੀਸਦੀ ਝੁਲਸੀਆਂ ਹਨ, ਜਿਨ੍ਹਾਂ ਨੂੰ ਏਮਜ਼ ਬਠਿੰਡਾ ਰੈਫਰ ਕਰ ਦਿੱਤਾ ਗਿਆ। ਲੰਬੀ ਦੇ ਡੀ.ਐਸ.ਪੀ. ਜਸਪਾਲ ਸਿੰਘ ਨੇ ਕਿਹਾ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫੈਕਟਰੀ ਮਾਲਕ ਨੂੰ ਦਸਤਾਵੇਜਾਂ ਸਮੇਤ ਬੁਲਾਇਆ ਗਿਆ ਹੈ। ਜਾਂਚ ਮਗਰੋਂ ਆਗਾਮੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।