ਗਿਆਨੀ ਰਘਬੀਰ ਸਿੰਘ ਵਲੋਂ ਸੱਦੀ ਸਿੱਖ ਵਿਦਵਾਨਾਂ ਅਤੇ ਬੁੱਧੀਜੀਵੀਆਂ ਦੀ ਇਕੱਤਰਤਾ ਹੋਈ ਸਮਾਪਤ
ਅੰਮ੍ਰਿਤਸਰ, 6 ਨਵੰਬਰ (ਜਸਵੰਤ ਸਿੰਘ ਜੱਸ)- ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਵਲੋਂ ਸੱਦੀ ਸਿੱਖ ਵਿਦਵਾਨਾਂ ਅਤੇ ਬੁੱਧੀਜੀਵੀਆਂ ਦੀ ਇਕੱਤਰਤਾ ਸਮਾਪਤ ਹੋ ਗਈ ਹੈ। ਪੰਜ ਸਿੰਘ ਸਾਹਿਬਾਨਾਂ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਮੌਜੂਦਗੀ ਵਿਚ ਹੋਈ ਇਸ ਇਕੱਤਰਤਾ ਵਿਚ ਨੌ ਦੇ ਕਰੀਬ ਸਿੱਖ ਵਿਦਵਾਨ ਸ਼ਾਮਿਲ ਹੋਏ ਸਨ। ਮੀਟਿੰਗ ਉਪਰੰਤ ਅਕਾਲ ਤਖਤ ਸਕੱਤਰੇਤ ਦੇ ਬਾਹਰ ਗੱਲਬਾਤ ਕਰਦਿਆਂ ਐਡਵੋਕੇਟ ਐਚ.ਐਸ. ਫੂਲਕਾ ਇੰਜੀਨੀਅਰ ਸਰਬਜੀਤ ਸਿੰਘ ਸੋਹਲ ਤੇ ਭਾਈ ਹਰ ਸਿਮਰਨ ਸਿੰਘ ਨੇ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਕਰਦਿਆਂ ਆਖਿਆ ਕਿ ਅੱਜ ਦੀ ਇਕੱਤਰਤਾ ਵਿਚ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਮਾਮਲੇ ਸਮੇਤ ਹੋਰ ਪੰਥਕ ਮਾਮਲਿਆਂ ’ਤੇ ਖੁੱਲ ਕੇ ਵਿਚਾਰ ਚਰਚਾ ਹੋਈ ਹੈ ਅਤੇ ਸਾਰਿਆਂ ਨੇ ਆਪਣੇ ਲਿਖਤੀ ਜਾਂ ਜ਼ੁਬਾਨੀ ਸੁਝਾਓ ਦਿੱਤੇ ਹਨ ਤੇ ਇਸ ਬਾਰੇ ਫੈਸਲਾ ਆਉਂਦੇ ਸਮੇਂ ਵਿਚ ਸਿੰਘ ਸਾਹਿਬਾਨ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਤੇ ਗੁਰਮਤਿ ਪਰੰਪਰਾਵਾਂ ਦੀ ਰੌਸ਼ਨੀ ਵਿਚ ਹੀ ਕੀਤਾ ਜਾਵੇਗਾ।