ਅਕਾਲੀ ਦਲ ਨੇ ਆਈ. ਟੀ. ਵਿੰਗ ਮੁਖੀ ਨਛੱਤਰ ਸਿੰਘ ਗਿੱਲ ਖਿਲਾਫ਼ ਝੂਠਾ ਕੇਸ ਦਰਜ ਕਰਨ ਦੀ ਕੀਤੀ ਜ਼ੋਰਦਾਰ ਨਿਖੇਧੀ
ਚੰਡੀਗੜ੍ਹ, 5 ਨਵੰਬਰ- ਸ਼੍ਰੋਮਣੀ ਅਕਾਲੀ ਦਲ ਨੇ ਇਸ ਦੇ ਸੂਚਨਾ ਤਕਨਾਲੋਜੀ ਵਿੰਗ (ਆਈ. ਟੀ. ਵਿੰਗ) ਦੇ ਮੁਖੀ ਨਛੱਤਰ ਸਿੰਘ ਗਿੱਲ ਦੇ ਖਿਲਾਫ਼ ਇਰਾਦਾ ਕਤਲ ਦਾ ਝੂਠਾ ਕੇਸ ਦਰਜ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਪਾਰਟੀ ਨੇ ਕੇਸ ਤੁਰੰਤ ਵਾਪਸ ਲਏ ਜਾਣ ਅਤੇ ਕੇਸ ਵਿਚ ਅਸਲ ਪੀੜਤ ਅਕਾਲੀ ਵਰਕਰਾਂ ਲਈ ਇਨਸਾਫ ਯਕੀਨੀ ਬਣਾਉਣ ਦੀ ਮੰਗ ਕੀਤੀ। ਪਾਰਟੀ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਨਛੱਤਰ ਸਿੰਘ ਗਿੱਲ ਗੋਇੰਦਵਾਲ ਸਾਹਿਬ ਪੁਲਿਸ ਥਾਣੇ ਤਹਿਤ ਪੈਂਦੇ ਪਿੰਡ ਫੈਲੋਕੇ ਸੰਬੰਧੀ ਕੇਸ ਵਿਚ ਨਾਮਜ਼ਦ ਕੀਤਾ ਹੈ, ਜਦੋਂ ਕਿ ਅਸਲੀਅਤ ਵਿਚ ਉਹ ਮੌਕੇ ’ਤੇ ਹਾਜ਼ਰ ਵੀ ਨਹੀਂ ਸਨ ਜਦੋਂ ਅਕਾਲੀ ਵਰਕਰਾਂ ਨਾਲ ਆਪ ਦੇ ਗੁੰਡਿਆਂ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਉਨ੍ਹਾਂ ਕਿਹਾ ਕਿ ਇਹ ਘਟਨਾ ਹਾਲ ਹੀ ਵਿਚ ਪੰਚਾਇਤ ਚੋਣਾਂ ਵੇਲੇ ਵਾਪਰੀ ਜਦੋਂ ਦੋ ਅਕਾਲੀ ਵਰਕਰਾਂ ਗੁਰਪਿੰਦਰ ਤੇ ਹਰਪਾਲ ਨੂੰ ਬਾਹਾਂ ’ਤੇ ਗੰਭੀਰ ਸੱਟਾਂ ਵੱਜੀਆਂ। ਉਨ੍ਹਾਂ ਕਿਹਾ ਕਿ ਬਜਾਏ ਆਪ ਵਰਕਰਾਂ ਦੇ ਖਿਲਾਫ਼ ਕਾਰਵਾਈ ਕਰਨ ਦੇ ਗੋਇੰਦਵਾਲ ਪੁਲਿਸ ਨੇ ਅਕਾਲੀ ਵਰਕਰਾਂ ਨੂੰ ਲੱਗੀਆਂ ਸੱਟਾਂ ਦੇ ਮਾਮਲੇ ਵਿਚ ਸਰਕਾਰੀ ਹਸਪਤਾਲ ਦੀ ਐਮ. ਐਲ. ਆਰ. ਮੰਨਣ ਤੋਂ ਨਾਂਹ ਕਰ ਦਿੱਤੀ ਤੇ ਉਲਟਾ ਨਛੱਤਰ ਗਿੱਲ ਨੂੰ ਵੀ ਝੂਠੇ ਕੇਸ ਵਿਚ ਫਸਾ ਦਿੱਤਾ। ਵੇਰਵੇ ਸਾਂਝੇ ਕਰਦਿਆਂ ਐਡਵੋਕੇਟ ਕਲੇਰ ਨੇ ਦੱਸਿਆ ਕਿ ਗੋਇੰਦਵਾਲ ਸਾਹਿਬ ਵਿਖੇ ਦਰਜ ਝੂਠੀ ਐਫ਼. ਆਈ. ਆਰ. ਵਿਚ ਦਾਅਵਾ ਕੀਤਾ ਗਿਆ ਕਿ ਨਛੱਤਰ ਗਿੱਲ ਨੇ ਦੋ ਆਪ ਵਰਕਰਾਂ ’ਤੇ ਫਾਇਰਿੰਗ ਕੀਤੀ ਤੇ ਆਪਣੀ ਸਕਾਰਪੀਓ ਗੱਡੀ ਵਿਚ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਇਹ ਵੀ ਦਾਅਵਾ ਕੀਤਾ ਗਿਆ ਕਿ ਆਪ ਵਰਕਰਾਂ ’ਤੇ ਦੋ ਗੋਲੀਆਂ ਚਲਾਈਆਂ ਗਈਆਂ, ਜੋ ਉਨ੍ਹਾਂ ਦੇ ਮੋਟਰ ਸਾਈਕਲ ਵਿਚ ਵੱਜੀਆਂ ਜਦੋਂ ਅਸਲੀਅਤ ਇਹ ਹੈ ਕਿ ਆਪ ਵਰਕਰ ਕਾਰ ਵਿਚ ਸਵਾਰ ਸਨ। ਉਨ੍ਹਾਂ ਦੱਸਿਆ ਕਿ ਇਸ ਗੱਲ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਮੌਜੂਦ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨਿਆਂ ਲੈਣ ਲਈ ਅਦਾਲਤ ਵਿਚ ਜਾਵੇਗੀ।