ਬਲਾਕ ਸੁਨਾਮ ਦੇ ਪਿੰਡਾਂ 'ਚ ਪੋਲਿੰਗ ਦੀ ਸੁਸਤ ਰਫਤਾਰ ਕਾਰਨ ਵੋਟਰ ਪ੍ਰੇਸ਼ਾਨ
ਸੁਨਾਮ, ਊਧਮ ਸਿੰਘ ਵਾਲਾ/ਸੰਗਰੂਰ, 15 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ)-ਪੰਚਾਇਤੀ ਚੋਣਾਂ ਨੂੰ ਲੈ ਕੇ ਭਾਵੇਂ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਲੋਕ ਸਵੇਰੇ ਸਮੇਂ ਤੋਂ ਪਹਿਲਾਂ ਹੀ ਪੋਲਿੰਗ ਬੂਥਾਂ 'ਤੇ ਆ ਕੇ ਲਾਈਨਾਂ ਵਿਚ ਲੱਗ ਗਏ ਪਰ ਪ੍ਰਸ਼ਾਸਨ ਵਲੋਂ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਵੋਟਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਵੋਟਿੰਗ ਦੀ ਸੁਸਤ ਰਫਤਾਰ ਇਸ ਕਦਰ ਵੇਖਣ ਨੂੰ ਮਿਲੀ ਕਿ ਪੋਲਿੰਗ ਦਾ ਅੱਧਾ ਸਮਾਂ ਬੀਤ ਜਾਣ ਦੇ ਬਾਵਜੂਦ ਕਈ ਪਿੰਡਾਂ 'ਚ ਪੰਝੀ ਫੀਸਦੀ ਵੋਟ ਵੀ ਨਾ ਭੁਗਤ ਸਕੀ। ਬਹੁਤ ਸਾਰੇ ਪੋਲਿੰਗ ਬੂਥਾਂ 'ਤੇ ਛਾਂ ਅਤੇ ਪੀਣ ਵਾਲੇ ਪਾਣੀ ਦੀ ਘਾਟ ਰੜਕਦੀ ਰਹੀ। ਪਿੰਡ ਬਖਤੌਰ ਨਗਰ ਵਿਖੇ ਧੁੱਪ ਵਿਚ ਖੜ੍ਹੇ ਵੋਟਰ ਪ੍ਰਸ਼ਾਸਨ ਖਿਲਾਫ ਗੁੱਸਾ ਪ੍ਰਗਟ ਕਰ ਰਹੇ ਸਨ।