ਅਟਾਰੀ ਚ ਵੋਟਾਂ ਪਾਉਣ ਸਮੇਂ ਲੋਕਾਂ ਨੂੰ ਹੋ ਰਹੀ ਹੈ ਭਾਰੀ ਖੱਜਲ ਖੁਆਰੀ
ਅਟਾਰੀ, 15 ਅਕਤੂਬਰ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ) - ਪੰਜਾਬ ਅੰਦਰ ਅੱਜ ਹੋ ਰਹੀਆਂ ਪੰਚਾਇਤੀ ਚੋਣਾਂ ਲਈ ਵੋਟਾਂ ਪਾਉਣ ਨੂੰ ਲੈ ਕੇ ਪਿੰਡਾਂ ਕਸਬਿਆਂ ਵਿਚ ਦੂਰ ਦੁਰਾਡਿਆਂ ਚੱਲ ਕੇ ਆ ਰਹੇ ਵੋਟਰਾਂ ਨੂੰ ਪੁਲਿਸ ਮੋਬਾਇਲ ਫ਼ੋਨਾਂ ਨੂੰ ਲੈ ਕੇ ਭਾਰੀ ਖੱਜਲ ਖੁਆਰ ਕਰ ਰਹੀ ਹੈ । ਬਜ਼ੁਰਗ ਔਰਤਾਂ ਮਰਦ ਜਾਂ ਫਿਰ ਨੌਜਵਾਨ ਜੋ ਇਕੱਲੇ ਇਕੱਲੇ ਵੋਟਾਂ ਪਾਉਣ ਆ ਰਹੇ ਹਨ, ਉਨ੍ਹਾਂ ਨੂੰ ਫ਼ੋਨ ਘਰ ਰੱਖ ਕੇ ਆਉਣ ਲਈ ਕਿਹਾ ਜਾ ਰਿਹਾ ਹੈ, ਮਗਰ ਦੂਸਰੇ ਪਾਸੇ ਪੁਲਿਸ ਦੇ ਅਤੇ ਹੋਰ ਸਟਾਫ਼ ਜੋ ਲੱਗੇ ਹੋਏ ਹਨ, ਉਨ੍ਹਾਂ ਦੇ ਫ਼ੋਨ ਕੰਨਾਂ ਤੋਂ ਨਹੀਂ ਉਤਰ ਰਹੇ। ਇਥੋਂ ਤੱਕ ਕਿ ਪ੍ਰਸ਼ਾਸਨ ਵਲੋਂ ਪੰਚਾਂ ਸਰਪੰਚਾਂ ਦੀਆਂ ਵੋਟਾਂ ਪਾਉਣ ਲਈ ਡਿਊਟੀ ਨਿਭਾ ਰਹੇ ਸਰਕਾਰੀ ਕਰਮਚਾਰੀਆਂ ਦੀ ਸਹਾਇਤਾ ਲਈ ਲਗਾਏ ਗਏ ਪਿੰਡਾਂ ਦੇ ਸਾਂਝੇ ਲੋਕਾਂ ਦੇ ਫ਼ੋਨ ਵੀ ਬੰਦ ਕਰਵਾ ਕੇ ਰੱਖੇ ਗਏ ਹਨ। ਪਰ ਉਸ ਦੇ ਬਰਾਬਰ ਡਿਊਟੀਆਂ ਨਿਭਾ ਰਹੇ ਪੁਲਿਸ ਕਰਮੀ ਅਤੇ ਹੋਰ ਸਟਾਫ਼ ਦੇ ਅਧਿਕਾਰੀ ਮੋਬਾਈਲਾਂ 'ਤੇ ਇਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਹੋਏ ਵਿਖਾਈ ਦੇ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਹ ਪਿੰਡਾਂ ਤੋਂ ਦੂਰ ਚੱਲ ਕੇ ਵੋਟ ਪਾਉਣ ਆਏ ਹਨ ਤੇ ਪੁਲਿਸ ਵਲੋਂ ਉਨ੍ਹਾਂ ਨੂੰ ਫ਼ੋਨ ਘਰ ਰੱਖ ਕੇ ਆਉਣ ਉਪਰੰਤ ਹੀ ਵੋਟ ਪਾਉਣ ਲਈ ਕਿਹਾ ਜਾ ਰਿਹਾ ਹੈ, ਜਿਸ ਨਾਲ ਭਾਰੀ ਭਾਰੀ ਖੱਜਲ ਖੁਆਰੀ ਹੋ ਰਹੀ ਹੈ।