ਵਿਰੋਧੀ ਧਿਰ ਨੇ ਵਕਫ਼ ਬਿੱਲ ’ਤੇ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦੀ ਬੈਠਕ ਦਾ ਕੀਤਾ ਬਾਈਕਾਟ
ਨਵੀਂ ਦਿੱਲੀ, 14 ਅਕਤੂਬਰ- ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਵਕਫ਼ ਬਿੱਲ ’ਤੇ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦੀ ਬੈਠਕ ਦਾ ਅੱਜ ਬਾਈਕਾਟ ਕੀਤਾ। ਇਸ ਦੇ ਨਾਲ ਹੀ ਸਪੀਕਰ ਨੂੰ ਪੱਤਰ ਲਿਖ ਕੇ ਕਮੇਟੀ ਦੀ ਚੇਅਰਪਰਸਨ ਜਗਦੰਬਿਕਾ ਪਾਲ ਨੂੰ ਹਟਾਉਣ ਦੀ ਮੰਗ ਵੀ ਕੀਤੀ ਗਈ ਹੈ। ਉਨ੍ਹਾਂ ਇਸ ਮੁੱਦੇ ’ਤੇ ਚਰਚਾ ਲਈ ਸਪੀਕਰ ਤੋਂ ਸਮਾਂ ਮੰਗਿਆ ਹੈ। ਸੰਸਦ ਮੈਂਬਰਾਂ ਨੇ ਦੋਸ਼ ਲਾਇਆ ਕਿ ਕਮੇਟੀ ਪੱਖਪਾਤੀ ਹੈ। ਇਸ ਮਾਮਲੇ ਵਿਚ ਸ਼ਿਵ ਸੈਨਾ (ਯੂਬੀਟੀ) ਦੇ ਸੰਸਦ ਮੈਂਬਰ ਅਰਵਿੰਦ ਸਾਵੰਤ ਨੇ ਕਿਹਾ ਕਿ ਅਸੀਂ ਮੀਟਿੰਗ ਦਾ ਬਾਈਕਾਟ ਕੀਤਾ ਹੈ, ਕਿਉਂਕਿ ਕਮੇਟੀ ਸਿਧਾਂਤਾਂ ਅਤੇ ਮਾਪਦੰਡਾਂ ’ਤੇ ਕੰਮ ਨਹੀਂ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਵਕਫ (ਸੋਧ) ਬਿੱਲ 8 ਅਗਸਤ ਨੂੰ ਲੋਕ ਸਭਾ ਵਿਚ ਪੇਸ਼ ਕੀਤਾ ਗਿਆ ਸੀ ਅਤੇ ਵਿਰੋਧੀ ਧਿਰ ਦੇ ਇਤਰਾਜ਼ਾਂ ਦਰਮਿਆਨ ਇਸ ਨੂੰ ਜੇ.ਪੀ.ਸੀ. ਨੂੰ ਸੌਂਪ ਦਿੱਤਾ ਗਿਆ ਸੀ। ਕਮੇਟੀ ਨੇ ਸੰਸਦ ਦੇ ਅਗਲੇ ਸੈਸ਼ਨ ਦੇ ਪਹਿਲੇ ਹਫ਼ਤੇ ਦੇ ਅੰਤ ਤੱਕ ਆਪਣੀ ਰਿਪੋਰਟ ਲੋਕ ਸਭਾ ਨੂੰ ਸੌਂਪਣੀ ਹੈ। ਕਮੇਟੀ ਇਸ ਸਮੇਂ ਵੱਖ-ਵੱਖ ਹਿੱਸੇਦਾਰਾਂ ਨਾਲ ਗੈਰ ਰਸਮੀ ਗੱਲਬਾਤ ਕਰ ਰਹੀ ਹੈ। ਇਹ ਬਿੱਲ ਪੂਰੇ ਬੋਰਡ ਵਿਚ ਵਿਆਪਕ ਸੁਧਾਰ ਲਿਆਉਂਦਾ ਹੈ, ਜਿਸ ਵਿੱਚ ਵਕਫ਼ ਦੀ ਮਲਕੀਅਤ ਵਾਲੀਆਂ ਜਾਇਦਾਦਾਂ ਦਾ ਡਿਜੀਟਲਾਈਜ਼ੇਸ਼ਨ ਅਤੇ ਸਖ਼ਤ ਆਡਿਟ ਸ਼ਾਮਿਲ ਹੈ।