ਚੋਣਾਂ ਦੌਰਾਨ ਕਿਸੇ ਨੂੰ ਵੀ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ - ਗੁਰਦੀਪ ਸੰਧੂ, ਬਲਵੀਰ ਸਿੰਘ
ਅਮਲੋਹ (ਫ਼ਤਿਹਗੜ੍ਹ ਸਾਹਿਬ), 13 ਅਕਤੂਬਰ (ਕੇਵਲ ਸਿੰਘ)-ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪੁਲਿਸ ਵਲੋਂ ਹਲਕਾ ਅਮਲੋਹ ਦੇ ਵੱਖ-ਵੱਖ ਪਿੰਡਾਂ ਵਿਚ ਫਲੈਗ ਮਾਰਚ ਕੱਢਿਆ ਗਿਆ, ਜਿਸ ਦੀ ਅਗਵਾਈ ਡੀ. ਐਸ. ਪੀ. ਗੁਰਦੀਪ ਸਿੰਘ ਅਤੇ ਥਾਣਾ ਅਮਲੋਹ ਦੇ ਮੁਖੀ ਇੰਸਪੈਕਟਰ ਬਲਵੀਰ ਸਿੰਘ ਕਰ ਰਹੇ ਸਨ। ਇਸ ਮੌਕੇ ਗੱਲਬਾਤ ਕਰਦਿਆਂ ਡੀ. ਐਸ. ਪੀ. ਗੁਰਦੀਪ ਸਿੰਘ ਅਤੇ ਇੰਸਪੈਕਟਰ ਬਲਵੀਰ ਸਿੰਘ ਨੇ ਕਿਹਾ ਕਿ ਪੰਚਾਇਤੀ ਚੋਣਾਂ ਅਮਨ-ਸ਼ਾਂਤੀ ਨਾਲ ਨੇਪਰੇ ਚਾੜ੍ਹੀਆਂ ਜਾਣਗੀਆਂ। ਉਨ੍ਹਾਂ ਸਖ਼ਤ ਅਤੇ ਸਪੱਸ਼ਟ ਸੰਦੇਸ਼ ਦਿੱਤਾ ਕਿ ਚੋਣਾਂ ਦੌਰਾਨ ਕਿਸੇ ਵੀ ਵਿਅਕਤੀ ਜਾਂ ਸਮੂਹ ਨੂੰ ਸ਼ਾਂਤੀਪੂਰਨ ਮਾਹੌਲ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਕਾਨੂੰਨ ਵਿਵਸਥਾ ਭੰਗ ਕਰਨ ਜਾਂ ਭੰਗ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਭੈਅ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ।