ਦੁਆਬਾ ਕਿਸਾਨ ਕਮੇਟੀ ਪੰਜਾਬ ਵਲੋਂ ਸੰਯੁਕਤ ਮੋਰਚੇ ਦੀ ਕਾਲ 'ਤੇ ਟਾਂਡਾ ਜਲੰਧਰ ਜੰਮੂ ਹਾਈਵੇ ਜਾਮ
ਟਾਂਡਾ ਉੜਮੁੜ (ਹੁਸ਼ਿਆਰਪੁਰ), 13 ਅਕਤੂਬਰ (ਦੀਪਕ ਬਹਿਲ)-ਟਾਂਡਾ ਵਿਚ ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸ. ਜੰਗਵੀਰ ਸਿੰਘ ਚੌਹਾਨ ਤੇ ਜਨਰਲ ਸਕੱਤਰ ਪ੍ਰਿਥਪਾਲ ਸਿੰਘ ਗੁਰਾਇਆ ਦੀ ਅਗਵਾਈ ਵਿਚ ਸਮੂਹ ਦਾਣਾ ਮੰਡੀ ਆੜ੍ਹਤੀਆ ਐਸੋਸੀਏਸ਼ਨ ਅਤੇ ਸ਼ੈਲਰ ਮਾਲਕਾਂ ਤੇ ਲੇਬਰ ਨੇ ਮਿਲ ਕੇ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਜਲੰਧਰ ਤੋਂ ਜੰਮੂ ਹਾਈਵੇ ਜਾਮ ਕਰ ਦਿੱਤਾ ਤੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਦੋਵੇਂ ਸਰਕਾਰਾਂ ਨੂੰ ਵਾਰ-ਵਾਰ ਅਪੀਲ ਕਰ ਰਹੇ ਹਾਂ ਕਿ ਝੋਨੇ ਦੀ ਸਰਕਾਰੀ ਖਰੀਦ ਲਗਾਤਾਰ ਕੀਤੀ ਜਾਵੇ ਪਰ ਜਦੋਂ ਵੀ ਐਸ.ਕੇ.ਐਮ. ਪੰਜਾਬ ਚੰਡੀਗੜ੍ਹ ਜਾ ਕੇ ਕੋਈ ਸੰਘਰਸ਼ ਦੀ ਕਾਲ ਦਿੰਦਾ ਹੈ ਤਾਂ ਖਰੀਦ ਸ਼ੁਰੂ ਹੋ ਜਾਂਦੀ ਹੈ ਤੇ ਬਾਅਦ ਵਿਚ ਫਿਰ ਬੰਦ ਹੋ ਜਾਂਦੀ ਹੈ। 15 ਦਿਨਾਂ ਦਾ ਸੀਜ਼ਨ ਤਕਰੀਬਨ ਖ਼ਤਮ ਹੋ ਗਿਆ, ਖਰੀਦ ਨਾਮਾਤਰ ਹੋਈ ਹੈ। ਲਿਫਟਿੰਗ ਦਾ ਕੋਈ ਪ੍ਰਬੰਧ ਨਹੀਂ ਹੈ। ਸ਼ੈਲਰ ਮਾਲਕਾਂ ਨਾਲ ਕੋਈ ਸਮਝੌਤਾ ਨਹੀਂ ਹੋਇਆ। ਹਾਲੇ ਸਰਕਾਰ ਤੇ ਸ਼ੈਲਰ ਮਾਲਕਾਂ ਵਿਚਕਾਰ ਐਗਰੀਮੈਂਟ ਵੀ ਨਹੀਂ ਹੋਇਆ ਪਰ ਸਰਕਾਰ ਸਾਡੀ ਮੰਗ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਸਗੋਂ ਆਮ ਪਬਲਿਕ ਨੂੰ ਗੁੰਮਰਾਹ ਕਰ ਰਹੀ ਹੈ ਕਿ ਉਸ ਵਲੋਂ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਹੈ।