ਜ਼ਿਲ੍ਹਾ ਸੰਗਰੂਰ ਦੇ 4 ਪਿੰਡਾਂ ਦੀਆਂ ਪੰਚਾਇਤਾਂ ਦੀ ਚੋਣ ਪ੍ਰਕਿਰਿਆ 'ਤੇ ਹਾਈ ਕੋਰਟ ਵਲੋਂ ਲੱਗੀ ਰੋਕ
ਸੰਗਰੂਰ, 10 ਅਕਤੂਬਰ (ਧੀਰਜ ਪਸ਼ੋਰੀਆ)-ਪੰਜਾਬ ਵਿਚ 15 ਅਕਤੂਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਸੰਗਰੂਰ ਦੇ ਪਿੰਡਾਂ ਵਿਚੋਂ 10 ਪਟੀਸ਼ਨਾਂ ਪੰਜਾਬ ਹਰਿਆਣਾ ਹਾਈਕੋਰਟ ਵਿਚ ਪਾਈਆਂ ਗਈਆਂ ਸਨ ਜਿਨ੍ਹਾਂ ਵਿਚ ਪੰਜ ਇਕੱਲੇ ਵਿਧਾਨ ਸਭਾ ਹਲਕਾ ਸੰਗਰੂਰ ਦੇ ਪਿੰਡਾਂ ਨਾਲ ਸੰਬੰਧਿਤ ਸਨ। ਤਿੰਨ ਪਟੀਸ਼ਨਾਂ ਵਿਧਾਨ ਸਭਾ ਹਲਕਾ ਲਹਿਰਾ ਦੇ ਪਿੰਡਾਂ ਨਾਲ ਅਤੇ ਇਕ-ਇਕ ਪਟੀਸ਼ਨ ਵਿਧਾਨ ਸਭਾ ਹਲਕਾ ਧੂਰੀ ਅਤੇ ਸੁਨਾਮ ਵਿਧਾਨ ਸਭਾ ਹਲਕੇ ਦੇ ਪਿੰਡਾਂ ਨਾਲ ਸੰਬੰਧਿਤ ਹੈ। ਦਿੜ੍ਹਬਾ ਵਿਧਾਨ ਸਭਾ ਹਲਕੇ ਦੇ ਕਿਸੇ ਪਿੰਡ ਦੀ ਕੋਈ ਵੀ ਪਟੀਸ਼ਨ ਨਹੀਂ ਸੀ। ਹੋਈ ਸੁਣਵਾਈ ਤੋਂ ਬਾਅਦ ਜ਼ਿਲ੍ਹੇ ਦੀਆਂ ਪੰਜ ਪਟੀਸ਼ਨਾਂ ਰੱਦ ਹੋ ਗਈਆਂ ਹਨ ਜਦਕਿ ਵਿਧਾਨ ਸਭਾ ਹਲਕਾ ਸੰਗਰੂਰ ਦੇ ਤਿੰਨ ਪਿੰਡਾਂ ਘਰਾਚੋਂ, ਜੋਲੀਆਂ ਅਤੇ ਸੰਗਤਪੁਰਾ ਦੇ ਨਾਲ-ਨਾਲ ਸੁਨਾਮ ਵਿਧਾਨ ਸਭਾ ਹਲਕੇ ਦੇ ਪਿੰਡ ਸ਼ਾਹਪੁਰ ਕਲਾਂ ਦੀਆਂ ਪੰਚਾਇਤਾਂ ਦੀ ਚੋਣ ਪ੍ਰਕਿਰਿਆ ਉਤੇ ਰੋਕ ਲਗਾਈ ਗਈ ਹੈ।