ਭਗਵੰਤ ਮਾਨ ਅਤੇ ਸੂਬਾਈ ਚੋਣ ਕਮਿਸ਼ਨ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣ ਵਿਚ ਫੇਲ੍ਹ ਸਾਬਤ ਹੋਏ- ਡਾ. ਦਲਜੀਤ ਸਿੰਘ ਚੀਮਾ
ਚੰਡੀਗੜ੍ਹ, 10 ਅਕਤੂਬਰ- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੂਬਾਈ ਚੋਣ ਕਮਿਸ਼ਨ ਆਜ਼ਾਦ ਅਤੇ ਨਿਰਪੱਖ ਢੰਗ ਨਾਲ ਪੰਚਾਇਤ ਚੋਣਾਂ ਕਰਵਾਉਣ ਵਿਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ ਅਤੇ ਪਾਰਟੀ ਨੇ ਮੰਗ ਕੀਤੀ ਕਿ ਚੋਣਾਂ ਨਵੇਂ ਸਿਰੇ ਤੋਂ ਕਰਵਾਈਆਂ ਜਾਣ ਤਾਂ ਜੋ ਸਭ ਨੂੰ ਇਕੋ ਜਿਹਾ ਮੌਕਾ ਮਿਲ ਸਕੇ। ਇਥੇ ਇਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਅਤੇ ਲੀਗਲ ਸੈਲ ਦੇ ਮੁਖੀ ਅਰਸ਼ਦੀਪ ਸਿੰਘ ਕਲੇਰ ਨੇ 48 ਪਟੀਸ਼ਨਰਾਂ ਜਿਨ੍ਹਾਂ ਨੂੰ ਧੱਕੇ ਨਾਲ ਪੰਚਾਇਤ ਚੋਣ ਪ੍ਰਕਿਰਿਆ ਤੋਂ ਬਾਹਰ ਕੀਤਾ ਗਿਆ, ਦੇ ਮਾਮਲੇ ਵਿਚ ਰਾਹਤ ਦੇਣ ’ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਲਕੇ 300 ਤੋਂ ਜ਼ਿਆਦਾ ਹੋਰ ਪਟੀਸ਼ਨਾਂ ਦਾਇਰ ਹੋਣਗੀਆਂ। ਵੱਡੀ ਗਿਣਤੀ ਵਿਚ ਸ਼ਿਕਾਇਤਕਰਤਾ ਅੱਜ ਪਾਰਟੀ ਦੇ ਮੁੱਖ ਦਫਤਰ ਪੁੱਜੇ ਅਤੇ ਉਨ੍ਹਾਂ ਦੀ ਪਟੀਸ਼ਨਾਂ ਦਾਇਰ ਕਰਨ ਵਿਚ ਮਦਦ ਕੀਤੀ ਗਈ, ਜੋ ਕਿ ਭਲਕੇ ਹਾਈ ਕੋਰਟ ਵਿਚ ਦਾਇਰ ਕੀਤੀਆਂ ਜਾਣਗੀਆਂ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਜਾਂ ਤਾਂ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਲਏ ਨਹੀਂ ਗਏ, ਜਾਂ ਫਿਰ ਰੱਦ ਕਰ ਦਿੱਤੇ ਗਏ ਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਮਗਰੋਂ ਉਹ ਗੁਆ ਦਿੱਤੇ ਗਏ। ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਨੇ ਅਨੇਕਾਂ ਵਾਰ ਸੂਬਾਈ ਚੋਣ ਕਮਿਸ਼ਨ ਤੱਕ ਪਹੁੰਚ ਕੀਤੀ ਪਰ ਚੋਣ ਕਮਿਸ਼ਨਰ ਨੇ ਉਨ੍ਹਾਂ ਵਲੋਂ ਸੌਂਪੀਆਂ ਸ਼ਿਕਾਇਤਾਂ ਦੇ ਮਾਮਲੇ ਵਿਚ ਕੋਈ ਵੀ ਕਾਰਵਾਈ ਕਰਨ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਸੂਬਾਈ ਚੋਣ ਕਮਿਸ਼ਨ ਆਬਜ਼ਰਵਰਾਂ ਦੀ ਤਾਇਨਾਤੀ ਕਰਨ ਵਿਚ ਵੀ ਨਾਕਾਮ ਰਿਹਾ ਹੈ। ਇਸ ਮੌਕੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਹਾਈ ਕੋਰਟ ਨੇ ਚਲ ਰਹੀ ਚੋਣ ਪ੍ਰਕਿਰਿਆ ਦੌਰਾਨ ਪਟੀਸ਼ਨਾਂ ’ਤੇ ਸੁਣਵਾਈ ਕਰਦਿਆਂ ਚੋਣਾਂ ਰੋਕੀਆਂ ਹਨ। ਅਜਿਹਾ ਅਦਾਲਤ ਨੇ ਉਦੋਂ ਕੀਤਾ ਜਦੋਂ ਅਦਾਲਤ ਨੂੰ ਵੀਡੀਓ ਸਬੂਤ ਸੌਂਪ ਕੇ ਦੱਸਿਆ ਗਿਆ ਕਿ ਕਿਵੇਂ ਬਿਨੈਕਾਰਾਂ ਤੋਂ ਪੰਚਾਇਤ ਚੋਣਾਂ ਲੜਨ ਦਾ ਉਹਨਾਂ ਦਾ ਮੌਲਿਕ ਅਧਿਕਾਰ ਖੋਹਿਆ ਜਾ ਰਿਹਾ ਹੈ।