ਪੰਚਾਇਤੀ ਚੋਣਾਂ 'ਚ 'ਆਪ' ਵਲੋਂ ਕੀਤੀਆਂ ਧਾਂਦਲੀਆਂ ਵਿਰੁੱਧ ਮਾਣਯੋਗ ਹਾਈਕੋਰਟ ਨੇ ਸੁਣਾਇਆ ਢੁੱਕਵਾਂ ਫੈਸਲਾ - ਸੁਖਜਿੰਦਰ ਸਿੰਘ ਰੰਧਾਵਾ
ਪਠਾਨਕੋਟ, 10 ਅਕਤੂਬਰ (ਸੰਧੂ)-ਅੱਜ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਅਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਚਾਇਤੀ ਚੋਣਾਂ ਵਿਚ ਪੰਜਾਬ ਵਿਚ ਰਾਜ ਕਰ ਰਹੀ ਆਮ ਆਦਮੀ ਪਾਰਟੀ ਦੇ ਵਜ਼ੀਰਾਂ, ਵਿਧਾਇਕਾਂ, ਵੱਖ-ਵੱਖ ਕਾਰਪੋਰੇਸ਼ਨ ਦੇ ਚੇਅਰਮੈਨਾਂ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜਾਂ ਵਲੋਂ ਲੋਕਤੰਤਰ ਦੀ ਰੀੜ੍ਹ ਦੀ ਹੱਡੀ ਕਹੀ ਜਾਂਦੀ ਪੰਚਾਇਤੀ ਚੋਣਾਂ ਵਿਚ ਗੁੰਡਾਗਰਦੀ, ਗੈਂਗਸਟਰਾਂ ਦਾ ਸਾਥ ਲੈ ਕੇ ਤੇ ਸਰਕਾਰੀ ਤੰਤਰ ਦੀ ਸਹਾਇਤਾ ਨਾਲ ਪੰਚਾਇਤੀ ਚੋਣਾਂ ਲੁੱਟਣ ਦੀ ਜੋ ਕੋਸ਼ਿਸ਼ ਕੀਤੀ ਗਈ ਸੀ, ਅੱਜ ਪੰਜਾਬ ਅਤੇ ਹਰਿਆਣਾ ਨੇ ਇਸ ਗੁੰਡਾਗਰਦੀ ਅਤੇ ਲੋਕਤੰਤਰ ਦੇ ਕਤਲ ਵਿਰੁੱਧ ਇਤਿਹਾਸਕ ਫੈਸਲਾ ਦੇ ਕੇ ਆਮ ਆਦਮੀ ਪਾਰਟੀ ਨੂੰ ਸ਼ੀਸ਼ਾ ਵਿਖਾਇਆ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੁਝ ਪਟੀਸ਼ਨਰਾਂ ਦੀਆਂ ਪੰਚਾਇਤੀ ਚੋਣਾਂ ਵਿਚ ਸ਼ਰੇਆਮ ਗੁੰਡਾਗਰਦੀ ਕਰਕੇ ਜਾਂ ਤਾਂ ਵਿਰੋਧੀ ਪਾਰਟੀਆਂ ਦੇ ਕਾਗਜ਼ ਸਰਕਾਰੀ ਤੰਤਰ ਦੀ ਸਹਾਇਤਾ ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਖੋਹ ਕੇ ਪਾੜ ਦਿੱਤੇ ਹਨ ਜਾਂ ਆਪਣੇ ਲਵਾਏ ਗਏ ਅਧਿਕਾਰੀਆਂ ਅਤੇ ਕਰਮਚਾਰੀਆਂ ਕੋਲੋਂ ਕਾਗਜ਼ ਰੱਦ ਕਰਵਾ ਕੇ ਹੇਠਲੇ ਪੱਧਰ ਦੇ ਲੋਕਤੰਤਰ ਦਾ ਜਨਾਜ਼ਾ ਕੱਢ ਦਿਤਾ ਹੈ।