ਵਿਧਾਇਕ ਦੇ ਦਫ਼ਤਰ ਵਿਚ ਨਾ ਮਿਲਣ ’ਤੇ ਦਫ਼ਤਰ ਦੇ ਬਾਹਰ ਚਿਪਾਕਾਇਆ ਮੰਗ ਪੱਤਰ
ਗੁਰੂ ਹਰ ਸਹਾਏ, (ਫ਼ਿਰੋਜ਼ਪੁਰ), 9 ਅਕਤੂਬਰ (ਕਪਿਲ ਕੰਧਾਰੀ)- ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਕਿਸਾਨ ਆਗੂ ਅੱਜ ਗੁਰੂ ਹਰ ਸਹਾਏ ਦੇ ਵਿਧਾਇਕ ਸਰਦਾਰ ਫੌਜਾ ਸਿੰਘ ਸਰਾਰੀ ਨੂੰ ਆਪਣਾ ਮੰਗ ਪੱਤਰ ਦੇਣ ਦੇ ਲਈ ਉਨ੍ਹਾਂ ਦੇ ਦਫ਼ਤਰ ਵਿਖੇ ਪਹੁੰਚੇ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੀ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਪ੍ਰਵੀਨ ਕੌਰ ਤੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਝੋਨੇ ਦੀ ਫਸਲ ਪੱਕ ਕੇ ਮੰਡੀਆਂ ਵਿਚ ਪਹੁੰਚ ਗਈ ਹੈ ਪਰ ਮੰਡੀਆਂ ਵਿਚ ਆੜ੍ਹਤੀਆਂ ਤੇ ਮਜ਼ਦੂਰਾਂ ਦੀ ਹੜਤਾਲ ਹੋਣ ਕਾਰਨ ਮੰਡੀਆਂ ਬੰਦ ਪਈਆਂ ਹਨ। ਫ਼ਸਲ ਦੀ ਖਰੀਦ ਨਹੀਂ ਹੋ ਰਹੀ ਹੈ ਤੇ ਕਿਸਾਨ ਪਰੇਸ਼ਾਨ ਹਨ, ਸਮੇਤ ਕਈ ਮੰਗਾਂ ਨੂੰ ਲੈ ਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਅੱਜ ਹਲਕਾ ਗੁਰੂ ਹਰ ਸਹਾਏ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਨੂੰ ਇਕ ਮੰਗ ਪੱਤਰ ਦੇਣ ਦੇ ਲਈ ਉਨ੍ਹਾਂ ਦੇ ਦਫਤਰ ਵਿਖੇ ਪਹੁੰਚੇ ਸਨ ਪ੍ਰੰਤੂ ਇਕ ਘੰਟੇ ਤੋਂ ਜ਼ਿਆਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਨਾ ਤਾਂ ਇਥੇ ਵਿਧਾਇਕ ਫੌਜਾ ਸਿੰਘ ਸਰਾਰੀ ਮਿਲੇ ਅਤੇ ਨਾ ਹੀ ਕੋਈ ਆਮ ਆਦਮੀ ਪਾਰਟੀ ਦਾ ਆਗੂ। ਉਨ੍ਹਾਂ ਦੱਸਿਆ ਕਿ ਇਸ ਮੰਗ ਪੱਤਰ ਦੇਣ ਸੰਬੰਧੀ ਉਨ੍ਹਾਂ ਵਲੋਂ ਤਿੰਨ ਚਾਰ ਦਿਨ ਪਹਿਲਾਂ ਐਲਾਨ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਜਿਹੜੇ ਪਾਰਟੀ ਦਾ ਵਿਧਾਇਕ ਇਕ ਮੰਗ ਪੱਤਰ ਨਹੀਂ ਲੈ ਸਕਦੇ ਉਹ ਹਲਕੇ ਦਾ ਵਿਕਾਸ ਕੀ ਕਰਵਾਉਣਗੇ। ਉਨ੍ਹਾਂ ਨੇ ਕਿਹਾ ਕਿ ਵਿਧਾਇਕ ਜਾਂ ਹੋਰ ਆਗੂ ਦੇ ਦਫ਼ਤਰ ਵਿਖੇ ਨਾ ਮਿਲਣ ਦੇ ਚੱਲਦਿਆਂ ਉਹ ਆਪਣਾ ਮੰਗ ਪੱਤਰ ਵਿਧਾਇਕ ਦੇ ਦਫ਼ਤਰ ਦੇ ਬਾਹਰ ਚਿਪਕਾ ਕੇ ਜਾ ਰਹੇ ਹਨ।