ਨੌਜਵਾਨ ਨੇ ਪਤਨੀ ਤੋਂ ਤੰਗ ਆ ਲਿਆ ਫਾਹਾ
ਜਲੰਧਰ, 9 ਅਕਤੂਬਰ- ਨਕੋਦਰ ਤੋਂ ਇਕ ਬਹੁਤ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਕਬੱਡੀ ਖਿਡਾਰੀ ਨੇ ਆਪਣੀ ਪਤਨੀ ਤੋਂ ਤੰਗ ਆ ਕੇ ਬੀਤੀ ਰਾਤ ਘਰ ਵਿਚ ਪੱਖੇ ਨਾਲ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਸੰਨੀ (24) ਪੁੱਤਰ ਹਰਦੇਵ ਸਿੰਘ ਉਰਫ਼ ਲਾਲੀ ਵਾਸੀ ਮੁਹੱਲਾ ਸ਼ੇਰਪੁਰ ਨਕੋਦਰ ਵਜੋਂ ਹੋਈ ਹੈ। ਸਿਟੀ ਪੁਲਿਸ ਨੂੰ ਦਿੱਤੇ ਬਿਆਨ ’ਚ ਮ੍ਰਿਤਕ ਦੇ ਪਿਤਾ ਹਰਦੇਵ ਸਿੰਘ ਉਰਫ਼ ਲਾਲੀ ਨੇ ਦੱਸਿਆ ਕਿ ਉਸ ਦਾ ਵੱਡਾ ਲੜਕਾ ਸੰਨੀ, ਜੋ ਮਿਹਨਤ ਮਜ਼ਦੂਰੀ ਦੇ ਨਾਲ-ਨਾਲ ਕਬੱਡੀ ਵੀ ਖੇਡਦਾ ਸੀ, ਦਾ ਕਰੀਬ 2 ਸਾਲ ਪਹਿਲਾਂ ਸਿੰਮੀ ਮਹੰਤ ਪੁੱਤਰੀ ਨਛੱਤਰ ਸਿੰਘ ਵਾਸੀ ਸੰਮੀਪੁਰ ਲਾਂਬੜਾ ਨਾਲ ਵਿਆਹ ਹੋਇਆ ਸੀ। ਸੰਨੀ ਤੇ ਸਿੰਮੀ ਮਹੰਤ ਦਾ ਵਿਆਹ ਤੋਂ ਬਾਅਦ ਆਪਸ ’ਚ ਪੈਸਿਆਂ ਕਾਰਨ ਅਕਸਰ ਹੀ ਲੜਾਈ-ਝਗੜਾ ਰਹਿੰਦਾ ਸੀ। ਬੀਤੀ 28 ਸਤੰਬਰ ਨੂੰ ਸਿੰਮੀ ਲੜ ਕੇ ਆਪਣੇ ਪੇਕੇ ਪਿੰਡ ਸੰਮੀਪੁਰ ਚਲੇ ਗਈ। ਬੀਤੀ ਰਾਤ ਖਾਣਾ ਖਾ ਕੇ ਜਦੋਂ ਸਾਰੇ ਆਪਣੇ-ਆਪਣੇ ਕਮਰਿਆਂ ਵਿਚ ਸੌਂ ਗਏ ਤਾਂ ਕਰੀਬ 7 ਵਜੇ ਸ਼ਾਮ ਤੋਂ ਲਗਾਤਾਰ ਸਿੰਮੀ ਸੰਨੀ ਨੂੰ ਫੋਨ ਕਰ ਕੇ ਪੈਸਿਆਂ ਦੀ ਮੰਗ ਕਰ ਕੇ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਸੀ। ਜਦੋਂ ਸੰਨੀ ਨੇ ਉਸ ਦਾ ਫੋਨ ਨਾ ਚੁੱਕਿਆ ਤਾਂ ਕਰੀਬ 1 ਵਜੇ ਰਾਤ ਸਿੰਮੀ ਨੇ ਸੰਨੀ ਦੀ ਭੈਣ ਮਨਪ੍ਰੀਤ ਕੌਰ ਦੇ ਫੋਨ ’ਤੇ ਦੱਸਿਆ ਕਿ ਤੁਹਾਡਾ ਭਰਾ ਸੰਨੀ ਮੇਰਾ ਫੋਨ ਨਹੀਂ ਚੁੱਕ ਰਿਹਾ। ਜਦੋਂ ਮਨਪ੍ਰੀਤ ਨੇ ਉੱਠ ਕੇ ਕਮਰੇ ’ਚ ਦੇਖਿਆ ਤਾਂ ਸੰਨੀ ਛੱਤ ਵਾਲੇ ਪੱਖੇ ਨਾਲ ਫਾਹਾ ਲਗਾ ਕੇ ਲਟਕਿਆ ਹੋਇਆ ਸੀ। ਸਿਟੀ ਥਾਣਾ ਮੁਖੀ ਇੰਸ. ਸੰਜੀਵ ਕਪੂਰ ਨੇ ਦੱਸਿਆ ਕਿ ਮ੍ਰਿਤਕ ਸੰਨੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਮ੍ਰਿਤਕ ਦੇ ਪਿਤਾ ਹਰਦੇਵ ਸਿੰਘ ਉਰਫ਼ ਲਾਲੀ ਵਾਸੀ ਮੁਹੱਲਾ ਸ਼ੇਰਪੁਰ ਨਕੋਦਰ ਦੇ ਬਿਆਨ ’ਤੇ ਸਿੰਮੀ ਮਹੰਤ ਦੇ ਖ਼ਿਲਾਫ਼ ਥਾਣਾ ਸਿਟੀ ਨਕੋਦਰ ਵਿਚ ਮਾਮਲਾ ਦਰਜ ਕੀਤਾ ਗਿਆ ਹੈ।