ਲੋਹੀਆਂ-ਸੁਲਤਾਨਪੁਰ ਫਾਟਕ 'ਤੇ ਸ਼ਰੇਆਮ ਵੱਢੇ ਨੌਜਵਾਨ ਦੇ ਦੋਸ਼ੀ ਗ੍ਰਿਫਤਾਰ
ਲੋਹੀਆਂ ਖਾਸ, 17 ਸਤੰਬਰ (ਕੁਲਦੀਪ ਸਿੰਘ ਖਾਲਸਾ)-ਆਪਣੀ ਭੈਣ ਨਾਲ ਬਦਸਲੂਕੀ ਕਰਨ ਵਾਲੇ ਇਕ ਨੌਜਵਾਨ ਨੂੰ ਲੜਕੀ ਦੇ ਭਰਾ ਅਤੇ ਸਾਥੀਆਂ ਨੇ ਉਸ ਵੇਲੇ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖਮੀ ਕਰ ਦਿੱਤਾ ਸੀ, ਜਦੋਂ ਉਹ ਲੋਹੀਆਂ ਦੇ ਸੁਲਤਾਨਪੁਰ ਫਾਟਕ ਚੌਕ ’ਤੇ ਬੱਸ ਤੋਂ ਉੱਤਰ ਰਿਹਾ ਸੀ। ਜਾਣਕਾਰੀ ਦਿੰਦਿਆਂ ਥਾਣਾ ਲੋਹੀਆਂ ਦੇ ਮੁਖੀ ਸਬ-ਇੰਸਪੈਕਟਰ ਲਾਭ ਸਿੰਘ ਨੇ ਦੱਸਿਆ ਕਿ ਮੰਦਰ ਕਲਾਂ (ਮੋਗਾ) ਦੀ ਇਕ ਲੜਕੀ ਜੋ ਰੋਜ਼ਾਨਾ ਬੱਸ ਰਾਹੀਂ ਸੁਲਤਾਨਪੁਰ ਲੋਧੀ ਤੱਕ ਆਪਣੀ ਨੌਕਰੀ ਲਈ ਜਾਂਦੀ ਸੀ ਤਾਂ ਬੱਸ ਵਿਚ ਹੀ ਚੜ੍ਹਨ-ਉਤਰਨ ਨੂੰ ਲੈ ਕੇ ਪਿੰਡ ਕਾਲੀ ਰੌਣ ਜ਼ਿਲ੍ਹਾ (ਫਿਰੋਜ਼ਪੁਰ) ਦੇ ਲੜਕੇ ਜਸਵਿੰਦਰ ਸਿੰਘ ਨਾਲ ਬਹਿਸ ਹੋ ਗਈ, ਜਿਸ ਬਾਰੇ ਲੜਕੀ ਨੇ ਘਰ ਜਾ ਕੇ ਆਪਣੇ ਭਰਾ ਨੂੰ ਦੱਸ ਦਿੱਤਾ ਤਾਂ ਭਰਾ ਨੇ ਖਫ਼ਾ ਹੁੰਦਿਆਂ ਅਗਲੇ ਦਿਨ ਆਪ ਅਤੇ 5, 6 ਹੋਰ ਨੌਜਵਾਨਾਂ ਨੂੰ ਨਾਲ ਲੈ ਕੇ ਬੱਸ ਤੱਕ ਲੜਕੇ ਜਸਵਿੰਦਰ ਸਿੰਘ ਦਾ ਪਿੱਛਾ ਕਰਦਿਆਂ ਉਸ ਨੂੰ ਲੋਹੀਆਂ ਦੇ ਸੁਲਤਾਨਪੁਰ ਫਾਟਕ ਚੌਕ ’ਚ ਬੱਸ ਤੋਂ ਉੱਤਰਨ ਵੇਲੇ ਘੇਰ ਲਿਆ। ਇਸ ਮੌਕੇ ਉਨ੍ਹਾਂ ਜਸਵਿੰਦਰ ਸਿੰਘ ਉਤੇ ਤੇਜ਼ਧਾਰ ਹਥਿਆਰਾਂ ਦੇ ਵਾਰ ਕਰਦਿਆਂ ਗੰਭੀਰ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਗਿਆ। ਅੱਜ ਲੋਹੀਆਂ ਪੁਲਿਸ ਨੇ ਛਾਪੇਮਾਰੀ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਉਪਰੰਤ ਉਨ੍ਹਾਂ ਪਾਸੋਂ ਦੋ ਮੋਟਰਸਾਈਕਲ ਅਤੇ ਦੋ ਦਾਤ ਬਰਾਮਦ ਕੀਤੇ।