ਪੰਚਾਇਤੀ ਚੋਣਾਂ 2024 : ਅਜਨਾਲਾ 'ਚ ਸਰਪੰਚ ਦੇ 7 ਤੇ ਪੰਚ ਦੇ 1 ਉਮੀਦਵਾਰ ਨੇ ਨਾਮਜ਼ਦਗੀ ਪੱਤਰ ਕਰਵਾਏ ਦਾਖਲ
ਅਜਨਾਲਾ, 1 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-15 ਅਕਤੂਬਰ ਨੂੰ ਸੂਬੇ ਅੰਦਰ ਹੋਣ ਵਾਲੀਆਂ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਅੱਜ ਤੀਸਰੇ ਦਿਨ ਵੀ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਵਾਲੇ ਉਮੀਦਵਾਰਾਂ ਵਿਚ ਉਤਸ਼ਾਹ ਘੱਟ ਹੀ ਨਜ਼ਰ ਆਇਆ। ਜ਼ਿਆਦਾਤਰ ਉਮੀਦਵਾਰ ਅੱਜ ਆਪਣੇ ਨਾਮਜ਼ਦਗੀ ਪੱਤਰ ਤਿਆਰ ਕਰਦੇ ਨਜ਼ਰ ਆਏ। ਜਾਣਕਾਰੀ ਅਨੁਸਾਰ ਬਲਾਕ ਅਜਨਾਲਾ ਦੇ 76 ਪਿੰਡਾਂ ਵਿਚ 15 ਅਕਤੂਬਰ ਨੂੰ ਚੋਣ ਹੋਵੇਗੀ, ਜਿਸ ਲਈ ਅੱਜ ਤੀਸਰੇ ਦਿਨ ਸਰਪੰਚ ਦੇ 7 ਅਤੇ ਪੰਚ ਦੇ 1 ਉਮੀਦਵਾਰ ਵਲੋਂ ਚੋਣ ਰਿਟਰਨਿੰਗ ਅਧਿਕਾਰੀਆਂ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ। ਵਿਧਾਨ ਸਭਾ ਹਲਕਾ ਅਜਨਾਲਾ ਦੇ ਇਤਿਹਾਸਕ ਤੇ ਸਭ ਤੋਂ ਵੱਡੇ ਪਿੰਡਾਂ ਵਿਚੋਂ ਇਕ ਪਿੰਡ ਗੱਗੋਮਾਹਲ ਤੋਂ ਪਹਿਲਵਾਨ ਜਸਵੰਤ ਸਿੰਘ ਵਲੋਂ ਅੱਜ ਚੋਣ ਰਿਟਰਨਿੰਗ ਅਧਿਕਾਰੀ ਗੁਰਜੀਤ ਸਿੰਘ ਕੋਲ ਸਰਪੰਚ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਜਦਕਿ ਉਨ੍ਹਾਂ ਦੀ ਪਤਨੀ ਵਲੋਂ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ।