03-10-2024
ਬੇਟੀ ਬਚਾਓ ਬੇਟੀ ਪੜ੍ਹਾਓ
ਜਿਸ ਭਾਰਤ ਦੇਸ਼ ਵਿਚ ਕੁੜੀਆਂ ਨੂੰ ਦੇਵੀ ਮੰਨ ਕੇ ਪੂਜਿਆ ਜਾਂਦਾ ਸੀ, ਉਸ ਦੇਸ਼ ਵਿਚ ਅੱਜ ਅਣਜੰਮੀਆਂ ਧੀਆਂ ਨੂੰ ਕੁੱਖ ਅੰਦਰ ਹੀ ਮਾਰ ਦਿੱਤਾ ਜਾਂਦਾ ਹੈ। ਉਹ ਡਾਕਟਰ ਜਿਸ ਨੂੰ ਫਰਿਸ਼ਤੇ ਦਾ ਦਰਜਾ ਦਿੱਤਾ ਜਾਂਦਾ ਸੀ, ਅੱਜ ਇਕ ਬੇਰਹਿਮ ਜਲਾਦ ਬਣਿਆ ਹੋਇਆ ਹੈ। ਇਕੱਲੀ ਸਰਕਾਰ ਦੇ ਦਮ ਤੇ ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ ਸਫਲ ਨਹੀਂ ਹੋ ਸਕਦਾ। ਇਸ ਅਭਿਆਨ ਜ਼ਰੀਏ ਭਰੂਣ ਹੱਤਿਆ ਅਤੇ ਸਿੱਖਿਆ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਰੋਕਣਾ ਸਰਕਾਰ ਦਾ ਉਦੇਸ਼ ਸੀ। ਪਰ ਜਦੋਂ ਔਰਤਾਂ ਦੀ ਗੱਲ ਆਉਂਦੀ ਹੈ, ਤਾਂ ਅਨਪੜ੍ਹਤਾ, ਅਸਮਾਨਤਾ, ਕੁੜੀਆਂ ਦਾ ਜਿਨਸੀ ਸ਼ੋਸ਼ਣ ਆਦਿ ਮੁੱਦੇ ਔਰਤਾਂ ਦੇ ਵਿਕਾਸ ਦੀ ਕਮੀ ਵੱਲ ਇਸ਼ਾਰਾ ਕਰ ਰਹੇ ਹਨ। ਅਜੋਕੇ ਸਮੇਂ ਦੀ ਮੰਗ ਹੈ ਕਿ ਜਦੋਂ ਸਰਕਾਰ ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ ਦੇ ਜ਼ਰੀਏ ਬੇਟੀ ਦੇ ਸਨਮਾਨ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਸਾਰੀਆਂ ਸਮਾਜਿਕ ਸੰਸਥਾਵਾਂ ਨੂੰ ਵੀ ਕਦਮ ਨਾਲ ਕਦਮ ਮਿਲਾ ਕੇ ਚੱਲਣਾ ਚਾਹੀਦਾ ਹੈ। ਭਾਰਤ ਵਿਚ ਸਰਕਾਰੀ ਫੁਰਮਾਨਾਂ ਤੋਂ ਜ਼ਿਆਦਾ ਅਸਰਦਾਰ ਸਮਾਜਿਕ ਅਤੇ ਪੰਚਾਇਤੀ ਸੰਸਥਾਵਾਂ ਦੀ ਆਵਾਜ਼ ਰਹੀ ਹੈ। ਜੇਕਰ ਇਸ ਸਮੇਂ ਵਿਚ ਇਸ ਦਿਸ਼ਾ ਵੱਲ ਗੰਭੀਰਤਾ ਨਾਲ ਨਾ ਸੋਚਿਆ ਗਿਆ ਤਾਂ ਇਸ ਦਾ ਅਸਰ ਪੂਰੀ ਮਾਨਵਤਾ 'ਤੇ ਹੋਵੇਗਾ।
-ਰਿੰਕਲ
ਮੁੱਖ ਅਧਿਆਪਕਾ, ਸ.ਹ.ਸ. ਸ਼ਰੀਹ ਵਾਲਾ ਬਰਾੜ, ਫਿਰੋਜ਼ਪੁਰ।
ਕੰਪਿਊਟਰ ਅਧਿਆਪਕਾਂ ਨਾਲ ਧੱਕਾ ਕਿਉਂ?
ਕੰਪਿਊਟਰ ਅਧਿਆਪਕ ਸਿੱਖਿਆ ਦੇ ਖੇਤਰ ਵਿਚ ਪੂਰੇ ਦਿਲ ਨਾਲ ਯੋਗਦਾਨ ਪਾ ਰਹੇ ਹਨ। 2005 ਤੋਂ ਪੰਜਾਬ ਸਰਕਾਰ ਨੇ ਕੰਪਿਊਟਰ ਸਿੱਖਿਆ ਨੂੰ ਸਰਕਾਰੀ ਸਕੂਲਾਂ ਵਿਚ ਲਾਜ਼ਮੀ ਵਿਸ਼ੇ ਵਜੋਂ ਸ਼ੁਰੂ ਕੀਤਾ ਸੀ। ਪਰ ਸਰਕਾਰ ਨੇ ਇਨ੍ਹਾਂ ਅਧਿਆਪਕਾਂ ਦੀਆਂ ਸਮੱਸਿਆਵਾਂ ਅਤੇ ਇਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਇਨ੍ਹਾਂ ਅਧਿਆਪਕਾਂ ਦੀ ਮੁੱਖ ਮੰਗ ਇਹ ਸੀ ਕਿ ਹੋਰ ਟੀਚਰਾਂ ਦੀ ਤਰ੍ਹਾਂ ਉਨ੍ਹਾਂ ਨੂੰ ਵੀ ਸਿੱਖਿਆ ਵਿਭਾਗ 'ਚ ਰੈਗੂਲਰ ਕੀਤਾ ਜਾਵੇ। ਇਸ ਲਈ ਲਗਾਤਾਰ ਕੰਪਿਊਟਰ ਅਧਿਆਪਕਾਂ ਦੁਆਰਾ ਕੀਤੇ ਗਏ ਸੰਘਰਸ਼ ਸਦਕਾ ਪੂਰੀ ਤਰ੍ਹਾਂ ਨਿਯਮਾਂ ਤਹਿਤ ਰਾਜਪਾਲ ਪੰਜਾਬ ਦੀ ਸਹਿਮਤੀ ਅਤੇ ਪੰਜਾਬ ਸਰਕਾਰ ਦੁਆਰਾ ਮੁੱਦਾ ਕੈਬਨਿਟ ਵਿਚ ਪਾਸ ਹੋਣ ਉਪਰੰਤ ਕੰਪਿਊਟਰ ਅਧਿਆਪਕਾਂ ਨੂੰ ਸਰਕਾਰ ਦੁਆਰਾ ਸਾਲ 2011 ਵਿਚ ਰੈਗੂਲਰ ਕੀਤੇ ਜਾਣ ਦੇ ਬਾਵਜੂਦ ਕੋਈ ਹੱਲ ਨਹੀਂ ਨਿਕਲਿਆ ਤੇ ਇਹ ਅਧਿਆਪਕ ਆਪਣੇ ਹੱਕਾਂ ਤੋਂ ਵਾਂਝੇ ਹਨ। ਕੰਪਿਊਟਰ ਅਧਿਆਪਕਾਂ ਨੂੰ ਬਾਕੀ ਵਿਭਾਗੀ ਸਟਾਫ ਵਾਂਗ ਨਾ ਮੈਡੀਕਲ ਭੱਤਾ, ਇੰਕਰੀਮੈਂਟ ਤੇ ਨਾ ਹੀ ਦੀਵਾਲੀ, ਦੁਸਹਿਰੇ 'ਤੇ ਬੋਨਸ ਹਨ। ਇਨ੍ਹਾਂ ਅਧਿਆਪਕਾਂ ਦੇ ਪਰਿਵਾਰਾਂ ਨੂੰ ਹਾਦਸੇ ਜਾਂ ਬੇਵਕਤੀ ਮੌਤ ਤੋਂ ਬਾਅਦ ਕੋਈ ਸਹਾਇਤਾ ਨਹੀਂ ਮਿਲਦੀ ਹੈ। ਪਹਿਲੀਆਂ ਤੋਂ ਹੁਣ ਵਾਲੀ ਸਰਕਾਰ ਸਮੇਤ ਕਿਸੇ ਨੇ ਇਨ੍ਹਾਂ ਅਧਿਆਪਕਾਂ ਦੀਆਂ ਹੱਕੀ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਕੰਪਿਊਟਰ ਅਧਿਆਪਕਾਂ ਦਾ ਸੰਘਰਸ਼ ਅਜੇ ਵੀ ਜਾਰੀ ਹੈ, ਜਿਸ ਲਈ ਸਰਕਾਰ ਜ਼ਿੰਮੇਵਾਰ ਹੈ। ਸਰਕਾਰ ਨੂੰ ਕੰਪਿਊਟਰ ਅਧਿਆਪਕਾਂ ਦੀਆਂ ਬਣਦੀਆਂ ਜਾਇਜ਼ ਮੰਗਾਂ ਵੱਲ ਧਿਆਨ ਦੇਣ ਦੀ ਲੋੜ ਹੈ।
-ਪ੍ਰਸ਼ੋਤਮ ਪੱਤੋ
ਕੰਪਿਊਟਰ ਅਧਿਆਪਕਾ, ਮੋਗਾ।
ਬੱਚਤ
ਨਾਰੀ ਸੰਸਾਰ ਮੈਗਜ਼ੀਨ ਵਿਚ 'ਅਸ਼ਵਨੀ ਚਤਰਥ' ਦਾ ਲਿਖਿਆ ਲੇਖ ਪੜ੍ਹਨ ਨੂੰ ਮਿਲਿਆ, ਜੋ ਬਹੁਤ ਵਧੀਆ ਲੱਗਾ। ਸਾਨੂੰ ਆਪਣੇ ਜੀਵਨ ਵਿਚ ਬੱਚਤ ਕਰਨੀ ਚਾਹੀਦੀ ਹੈ। ਖ਼ਰਚ ਅਸੀਂ ਜਿੰਨਾ ਮਰਜ਼ੀ ਕਰ ਲਈਏ ਪਰੰਤੂ ਬੱਚਤ ਕਰਨੀ ਬਹੁਤ ਔਖੀ ਹੈ। ਸਾਨੂੰ ਆਪਣੇ ਜੀਵਨ 'ਚ ਜ਼ਿੰਦਗੀ ਨੂੰ ਤੋਰਨ ਵਾਸਤੇ ਇਕ ਖਾਕਾ ਤਿਆਰ ਕਰਨਾ ਚਾਹੀਦਾ ਹੈ। ਫਾਲਤੂ ਚੀਜ਼ਾਂ ਨੂੰ ਖਰੀਦਣ ਵਿਚ ਪੈਸਾ ਨਾ ਬਰਬਾਦ ਕਰੀਏ। ਉਨ੍ਹਾਂ ਚੀਜ਼ਾਂ ਨੂੰ ਖਰੀਦਣ ਨੂੰ ਤਰਜੀਹ ਦੇਵੋ ਜਿਨ੍ਹਾਂ ਬਗੈਰ ਸਾਡਾ ਸਰਦਾ ਨਹੀਂ। ਕਈ ਵਾਰ ਸੇਲ ਵਿਚ ਵਧੀਆ ਅਤੇ ਚੰਗੀਆਂ ਚੀਜ਼ਾਂ ਸਸਤੀਆਂ ਮਿਲ ਜਾਂਦੀਆਂ ਹਨ, ਜਿਸ ਦਾ ਸਾਨੂੰ ਲਾਭ ਹੁੰਦਾ ਹੈ। ਬੱਚਤ ਕੀਤੀ ਹੋਵੇ ਤਾਂ ਜੀਵਨ ਵਿਚ ਪੈਸਾ ਕੰਮ ਆ ਸਕਦਾ ਹੈ। ਇਸ ਕਰਕੇ ਡਾਕਖਾਨੇ ਵਿਚ ਬੱਚਤ ਸਕੀਮਾਂ ਚਲਾਈਆਂ ਹਨ, ਜਿਨ੍ਹਾਂ ਦਾ ਫਾਇਦਾ ਸਾਨੂੰ ਅਗਾਂਹ ਮਿਲਦਾ ਹੈ। ਬੱਚਤ ਕਰਨ ਵਾਸਤੇ ਬੇਲੋੜੀਆਂ ਖਾਹਿਸ਼ਾਂ ਨੂੰ ਜੀਵਨ ਵਿਚੋਂ ਪਾਸੇ ਕਰਨਾ ਪੈਂਦਾ ਹੈ। ਜੀਵਨ ਵਿਚ ਯੋਜਨਾ ਬਣਾ ਕੇ ਚੱਲੋ, ਸਫਲਤਾ ਜ਼ਰੂਰ ਮਿਲੇਗੀ। ਬੱਚਤ ਬਾਰੇ ਬੈਂਕਾਂ ਅਤੇ ਡਾਕਖਾਨੇ ਵਿਚੋਂ ਇਕ ਵਾਰ ਜ਼ਰੂਰ ਸਲਾਹ ਲਵੋ। ਬੱਚਤ ਕਰਨ ਨਾਲ ਘਰ ਵਿਚ ਤੰਗੀ ਸਮੇਂ ਬੱਚਤ ਨੂੰ ਵਰਤ ਸਕਦੇ ਹਾਂ। ਕਿਸੇ ਤੋਂ ਵਿਆਜ 'ਤੇ ਪੈਸੇ ਨਹੀਂ ਲੈਣੇ ਪੈਂਦੇ।
-ਰਾਮ ਸਿੰਘ ਪਾਠਕ
ਤਿਉਹਾਰੀ ਮਿਠਾਈ ਬਿਮਾਰੀ ਦਾ ਘਰ
ਕੋਈ ਵਕਤ ਸੀ ਜਦੋਂ ਤਿਉਹਾਰਾਂ ਦੇ ਨੇੜੇ ਆਉਂਦਿਆਂ ਹੀ ਤਰ੍ਹਾਂ-ਤਰ੍ਹਾਂ ਦੀਆਂ ਮਠਿਆਈਆਂ ਤੇ ਹੋਰ ਪਕਵਾਨ ਖਾਣ ਨੂੰ ਮਨ ਲਲਚਾਅ ਜਾਂਦਾ ਸੀ। ਘਰਾਂ ਵਿਚ ਸੁਆਣੀਆਂ ਬੱਚਿਆਂ ਤੇ ਹੋਰ ਪਰਿਵਾਰਿਕ ਮੈਂਬਰਾਂ ਦੀਆਂ ਲੋੜਾਂ ਅਨੁਸਾਰ ਕਈ ਕਿਸਮ ਦੇ ਦੁੱਧ, ਬਾਜਰੇ, ਮੱਕੀ ਆਦਿ ਦੇ ਖਾਣ ਵਾਲੇ ਪਦਾਰਥ ਤਿਆਰ ਕਰ ਲੈਂਦੀਆਂ ਸਨ, ਜੋ ਸਵਾਦ ਤੇ ਪੌਸ਼ਟਿਕਤਾ ਦੇ ਪੱਖ ਤੋਂ ਉੱਤਮ ਦਰਜੇ ਦੇ ਹੁੰਦੇ ਸਨ। ਜੇਕਰ ਅੱਜਕੱਲ ਬਜ਼ਾਰਾਂ 'ਚ ਸ਼ੀਸ਼ਿਆਂ ਵਿਚ ਸਜੀਆਂ ਪਈਆਂ ਮਠਿਆਈਆਂ ਦੇ ਤਿਆਰ ਹੋਣ ਦੀ ਅਸਲੀਅਤ ਜਾਣ ਲਈਏ ਤਾਂ ਪੜ੍ਹ-ਸੁਣ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ, ਕਿ ਕਿਵੇਂ ਕੁਝ ਲੋਕ ਆਪਣੇ ਸੌੜੇ ਨਿੱਜੀ ਮੁਫਾਦ ਲਈ ਮਨੁੱਖੀ ਜ਼ਿੰਦਗੀ ਨਾਲ ਖਿਲਵਾੜ ਕਰਨ ਲੱਗੇ ਭੋਰਾ ਵੀ ਸ਼ਰਮ ਮਹਿਸੂਸ ਨਹੀਂ ਕਰਦੇ। ਸਿਹਤ ਮਹਿਮੇ ਦੀਆਂ ਟੀਮਾਂ ਵੀ ਪਤਾ ਨਹੀਂ ਕਿੱਥੇ ਹੁੰਦੀਆਂ ਹਨ। ਜੋ ਇਹੋ ਜਿਹੀ ਮਠਿਆਈ ਸ਼ਰ੍ਹੇਆਮ ਵੇਚ ਕੇ ਮਨੁੱਖੀ ਸਰੀਰ ਨਾਲ ਖਿਲਵਾੜ ਕਰਨ ਵਾਲੇ ਧਨਾਢਾਂ ਨਾਲ ਸਖ਼ਤੀ ਨਾਲ ਪੇਸ਼ ਆਉਣ ਤਾਂ ਹੋ ਸਕਦਾ ਹੈ ਕੁਝ ਬਚਾਅ ਹੋ ਸਕੇ। ਪਰ ਇਥੇ ਇਹ ਕਹਾਵਤ 'ਤਕੜੇ ਦਾ ਸੱਤੀ ਵੀਹੀਂ ਸੌ' ਸੱਚ ਹੁੰਦੀ ਹੈ। ਇਸ ਦਾ ਕਾਰਨ ਵੱਡੀ ਪੱਧਰ 'ਤੇ ਫੈਲੇ ਭ੍ਰਿਸ਼ਟਾਚਾਰ ਕਰਕੇ ਕਿਸੇ ਮਿਲਾਵਟ ਖੋਰ ਨੂੰ ਅਜੇ ਤਕ ਕੋਈ ਮਿਸਾਲੀ ਸਜ਼ਾ ਨਾ ਮਿਲਣਾ ਹੈ।
-ਗੌਰਵ ਮੁੰਜਾਲ ਪੀ.ਸੀ.ਐਸ.।