JALANDHAR WEATHER

ਟਰੱਕ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਤੇ ਡਰੇਨ 'ਚ ਡਿੱਗਣ ਨਾਲ ਦੋ ਨੌਜਵਾਨਾਂ ਦੀ ਦਰਦਨਾਕ ਮੌਤ

ਕਾਲਾ ਸੰਘਿਆਂ, 28 ਜੂਨ (ਬਲਜੀਤ ਸਿੰਘ ਸੰਘਾ)- ਬੀਤੀ ਦੇਰ ਰਾਤ ਕਾਲਾ ਸੰਘਿਆਂ ਤੋਂ ਸੁਲਤਾਨਪੁਰ ਲੋਧੀ ਰੋਡ 'ਤੇ ਇਕ ਲੈਂਟਰ ਪਾਉਣ ਵਾਲੇ ਕ੍ਰੈਸ਼ਰ ਮਿਕਸਰ ਟਰੱਕ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋਣ ਕਾਰਨ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦੇਰ ਕਰੀਬ ਕਾਲ਼ਾ ਸੰਘਿਆਂ ਤੋਂ ਸੁਲਤਾਨਪੁਰ ਲੋਧੀ ਰੋਡ ਤੇ ਕਾਲ਼ਾ ਸੰਘਿਆਂ ਡਰੇਨ ਦੇ ਪੁਲ ਤੇ ਸੁਲਤਾਨਪੁਰ ਲੋਧੀ ਵਾਲੇ ਪਾਸੇ ਤੋਂ ਆ ਰਹੇ ਕ੍ਰੈਸ਼ਰ ਮਿਕਸਰ ਟਰੱਕ, ਇਸੇ ਰੋਡ ਅਤੇ ਪੁਲ ਤੇ ਚੜਦੇ ਪਿੰਡ ਕਾਹਲਵਾਂ ਦੇ ਕੱਚੇ ਰਸਤੇ ਵਾਲੇ ਪਾਸੇ ਤੋਂ ਆ ਰਹੇ ਇਕ ਸਪਲੈਂਡਰ ਮੋਟਰਸਾਈਕਲ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ, ਜਿਸ ਦੌਰਾਨ ਮੋਟਰਸਾਈਕਲ ਤੇ ਸਵਾਰ ਦੋ ਗੁਜ਼ਰ ਭਾਈਚਾਰੇ ਦੇ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਅਲੀ ਉਮਰ ਕਰੀਬ 26 ਸਾਲ, ਅਤੇ ਸਲੀਮ ਉਮਰ ਕਰੀਬ 15 ਸਾਲ ਦੋਵੇਂ ਵਾਸੀ ਪਿੰਡ ਆਧੀ ਵਜੋਂ ਹੋਈ। ਟਰੱਕ ਨਾਲ ਮੋਟਰਸਾਈਕਲ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨ ਸੜਕ ਤੋਂ ਡਰੇਨ ਵਿਚ ਕਾਫ਼ੀ ਅੱਗੇ ਜਾ ਡਿੱਗੇ ਜਿਨ੍ਹਾਂ ਨੂੰ ਕਾਫ਼ੀ ਸਮੇਂ ਬਾਅਦ ਡਰੇਨ ਵਿਚ ਕੱਢਿਆ ਗਿਆ ਅਤੇ ਟਰੱਕ ਨੇ ਮੋਟਰਸਾਈਕਲ ਨੂੰ ਚਕਨਾਚੂਰ ਕਰ ਦਿੱਤਾ। ਜ਼ਖ਼ਮੀ ਹਾਲਤ ਵਿਚ ਨੌਜਵਾਨ ਨੂੰ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਹੀ ਦੋਹਾਂ ਦੀ ਮੌਤ ਹੋ ਗਈ। ਉਕਤ ਨੌਜਵਾਨ ਪਿੰਡ ਕਾਹਲਵਾਂ ਵਿਖੇ ਦੁੱਧ ਦੀ ਡੇਅਰੀ ਦਾ ਕਾਰੋਬਾਰ ਕਰਦੇ ਸਨ। ਟਰੱਕ ਦੀ ਰਫ਼ਤਾਰ ਬਹੁਤ ਤੇਜ਼ ਦੱਸੀ ਜਾ ਰਹੀ ਹੈ ਅਤੇ ਤੇਜ਼ ਰਫ਼ਤਾਰ ਹੋਣ ਨਾਲ ਡਰੇਨ ਦੇ ਪੁਲ ਤੇ ਬਣੀ ਦੀਵਾਰ ਪੂਰੀ ਤਰ੍ਹਾਂ ਟੁੱਟ ਗਈ। ਟਰੱਕ ਡਰਾਈਵਰ ਦੀ ਪਹਿਚਾਣ ਮਨਦੀਪ ਸਿੰਘ ਵਾਸੀ ਟਿੰਮੂਵਾਲ (ਬਾਬਾ ਬਕਾਲਾ) ਵਜੋਂ ਹੋਈ ਜੋ ਕਿ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ ਅਤੇ ਇਹ ਕ੍ਰੈਸ਼ਰ ਟਰੱਕ ਲਾਂਬੜਾ (ਜਲੰਧਰ) ਦੀ ਨਿੱਜੀ ਕੰਪਨੀ ਦਾ ਹੈ। ਥਾਣਾ ਸਦਰ ਕਪੂਰਥਲਾ ਦੀ ਪੁਲਿਸ ਦੇ ਏ.ਐਸ.ਆਈ ਸੁਖਦੇਵ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕਾਰਵਾਈ ਆਰੰਭ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ