ਢਿਲਵਾਂ, 6 ਅਕਤੂਬਰ (ਪ੍ਰਵੀਨ ਕੁਮਾਰ)-ਜੀ.ਟੀ. ਰੋਡ ਬੱਸ ਅੱਡਾ ਮਿਆਣੀ ਬਾਕਰਪੁਰ (ਢਿਲਵਾਂ) ਨਜ਼ਦੀਕ ਸੜਕ ਦੇ ਬਰਮ (ਸ਼ੌਲਡਰ) ਦਿਨੋਂ ਦਿਨ ਨੀਵੇਂ ਹੋ ਰਹੇ ਹਨ ਜਿਸ ਨਾਲ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ |ਇਸ ਸਬੰਧੀ ਰੋਜ਼ਾਨਾ ਆਉਣ ਜਾਣ ਵਾਲੇ ਦੋਪਹੀਆ ਤੇ ਹੋਰਨਾਂ ਵਾਹਨ ਚਾਲਕਾਂ ਨੇ ਕਿਹਾ ਹੈ ਕਿ ਨੈਸ਼ਨਲ ਹਾਈਵੇ ਅਥਾਰਿਟੀ ਦੇ ਨਿਰਦੇਸ਼ਾਂ ਤੇ ਹਰ ਸਾਲ ਟੋਲ ਦਰਾਂ ਵਿਚ ਤਾਂ ਵਾਧਾ ਹੋ ਰਿਹਾ ਹੈ ਜਦਕਿ ਸੜਕਾਂ ਦਾ ਰੱਖ ਰਖਾਵ ਮਿਆਰੀ ਨਾ ਹੋਣ ਕਰਕੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ | ਜ਼ਿਕਰਯੋਗ ਹੈ ਕਿ ਢਿਲਵਾਂ ਨਜ਼ਦੀਕ ਕਈ ਥਾਵਾਂ ਤੇ ਬਰਮ ਸੜਕ ਤੋਂ ਜ਼ਿਆਦਾ ਨੀਵੇਂ ਹਨ ਅਤੇ ਕਈ ਥਾਵਾਂ ਤੇ ਬਰਮਾਂ ਵਿਚ ਟੋਏ ਪਏ ਹੋਣ ਕਰਕੇ ਵਾਹਨ ਨੂੰ ਦੁਬਾਰਾ ਸੜਕ ਤੇ ਚੜ੍ਹਾਉਣ ਲੱਗਿਆ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੱਸ ਦੇਈਏ ਕਿ ਉਕਤ ਸੜਕ ਅਤੇ ਟੋਲ ਪਲਾਜ਼ਾ ਢਿਲਵਾਂ ਨੈਸ਼ਨਲ ਹਾਈਵੇ ਅਥਾਰਿਟੀ ਦੇ ਅੰਮਿ੍ਤਸਰ ਸਥਿਤ ਦਫ਼ਤਰ ਅਧੀਨ ਆਉਂਦਾ ਹੈ ਪਰ ਉਨ੍ਹਾਂ ਵੱਲੋਂ ਸੜਕ ਅਤੇ ਬਰਮਾਂ ਦੇ ਰੱਖ ਰਖਾਵ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਸਿੱਟੇ ਵਜੋਂ ਬਰਮ ਸੜਕਾਂ ਤੋਂ ਨੀਵੇਂ ਹੋ ਗਏ ਹਨ |ਉਨ੍ਹਾਂ ਦੀ ਨੈਸ਼ਨਲ ਹਾਈਵੇ ਅਥਾਰਿਟੀ ਦੇ ਉੱਚ ਅਧਿਕਾਰੀਆਂ ਪਾਸੋਂ ਪੁਰਜ਼ੋਰ ਮੰਗ ਹੈ ਕਿ ਨੀਵੇਂ ਹੋ ਚੁੱਕੇ ਬਰਮਾਂ ਤੇ ਮਿੱਟੀ ਪਾ ਕੇ ਬਰਮਾਂ ਨੂੰ ਸੜਕ ਦੇ ਬਰਾਬਰ ਕੀਤਾ ਜਾਵੇ ਤਾਂ ਜੋ ਵਾਹਨ ਚਾਲਕਾਂ ਨੂੰ ਪੇਸ਼ ਆ ਰਹੀ ਪ੍ਰੇਸ਼ਾਨੀ ਤੋਂ ਨਿਜਾਤ ਮਿਲ ਸਕੇ |