ਹੁਸ਼ਿਆਰਪੁਰ ਰੋਡ ਫਲਾਈਓਵਰ ’ਤੇ ਦੋ ਟਰੱਕਾਂ ਦੀ ਭਿਆਨਕ ਟੱਕਰ, ਡਰਾਈਵਰ ਗੰਭੀਰ ਜ਼ਖ਼ਮੀ
ਫਗਵਾੜਾ, 6 ਅਗਸਤ (ਹਰਜੋਤ ਸਿੰਘ ਚਾਨਾ)- ਫਗਵਾੜਾ ਦੇ ਹੁਸ਼ਿਆਰਪੁਰ ਰੋਡ ‘ਤੇ ਬਣੇ ਫਲਾਈਓਵਰ ਉੱਪਰ ਬੀਤੀ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ | ਮਿਲੀ ਜਾਣਕਾਰੀ ਅਨੁਸਾਰ ਇੱਕ ਟਰੱਕ ਸੜਕ ਦੇ ਇੱਕ ਪਾਸੇ ਖੜ੍ਹਾ ਸੀ | ਇਸ ਦੌਰਾਨ ਪਿੱਛੇ ਆ ਰਿਹਾ ਇੱਕ ਹੋਰ ਟਰੱਕ ਉਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਅੱਗੇ ਜਗ੍ਹਾ ਨਾ ਮਿਲਣ ਕਾਰਨ ਡਰਾਈਵਰ ਨੇ ਆਪਣਾ ਟਰੱਕ ਰੋਕ ਲਿਆ ਤੇ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਹੇ ਇੱਕ ਹੋਰ ਟਰੱਕ ਨੇ ਉਸ ਦੇ ਟਰੱਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ | ਟੱਕਰ ਇੰਨੀ ਭਿਆਨਕ ਸੀ ਕਿ ਪਿੱਛੇ ਵਾਲੇ ਟਰੱਕ ਦਾ ਡਰਾਈਵਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਸਥਾਨਕ ਲੋਕਾਂ ਤੇ ਪੁਲੀਸ ਦੀ ਮਦਦ ਨਾਲ ਜ਼ਖ਼ਮੀ ਨੂੰ ਤੁਰੰਤ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ | ਮੌਕੇ ‘ਤੇ ਮੌਜੂਦ ਟਰੱਕ ਡਰਾਈਵਰ ਨੇ ਦੱਸਿਆ ਕਿ ਉਹ ਸੜਕ ਦੇ ਇੱਕ ਪਾਸੇ ਖੜ੍ਹੇ ਟਰੱਕ ਨੂੰ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਰਸਤਾ ਨਾ ਮਿਲਣ ਕਾਰਨ ਉਸ ਨੇ ਆਪਣਾ ਟਰੱਕ ਰੋਕ ਲਿਆ | ਇਸੇ ਦੌਰਾਨ ਪਿੱਛੋਂ ਆ ਰਹੇ ਇੱਕ ਹੋਰ ਟਰੱਕ ਨੇ ਉਸ ਦੇ ਵਾਹਨ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਹਾਦਸਾ ਵਾਪਰਿਆ | ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ | ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਨਾਲ ਹੀ ਜ਼ਖ਼ਮੀ ਡਰਾਈਵਰ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ |