ਕਪੂਰਥਲਾ, 3 ਅਗਸਤ (ਸਡਾਨਾ)-ਐਸ.ਸੀ.ਬੀ.ਸੀ. ਅਧਿਆਪਕ ਯੂਨੀਅਨ, ਫੂਲੇ ਅੰਬੇਡਕਰ ਕਲਚਰਲ ਐਂਡ ਲਿਟਰੇਸੀ ਸੁਸਾਇਟੀ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੂੰ ਮਿਲ ਕੇ ਸਥਾਨਕ ਕੋਟੂ ਚੌਂਕ ਵਿਖੇ ਡਾਕਟਰ ਅੰਬੇਡਕਰ ਦੇ ਬੁੱਤ ਨੇੜੇ ਸੁੱਟੇ ਜਾ ਰਹੇ ਕੂੜੇ ਦੀ ਸਮੱਸਿਆ ਨੂੰ ਲੈ ਕੇ ਇਕ ਮੰਗ ਪੱਤਰ ਦਿੱਤਾ ਅਤੇ ਇਸ ਸਬੰਧੀ ਆਪਣਾ ਰੋਸ ਪ੍ਰਗਟ ਕੀਤਾ | ਅਧਿਆਪਕ ਆਗੂ ਕੁਸ਼ਲ ਕੁਮਾਰ ਨੇ ਦੱਸਿਆ ਕਿ ਪਹਿਲਾਂ ਵੀ ਲੋਕਾਂ ਨੂੰ ਮੀਡੀਆ ਰਾਹੀਂ ਬੁੱਤ ਨੇੜੇ ਕੂੜਾ ਨਾ ਸੁੱਟਣ ਦੀ ਅਪੀਲ ਕੀਤੀ ਗਈ ਸੀ, ਪਰ ਇਸ ਵੱਲ ਨਾ ਤਾਂ ਲੋਕਾਂ ਨੇ ਧਿਆਨ ਦਿੱਤਾ ਤੇ ਨਾ ਹੀ ਪ੍ਰਸ਼ਾਸਨ ਨੇ, ਜਿਸ ਦੇ ਰੋਸ ਵਜੋਂ ਅੱਜ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਡਾਕਟਰ ਅੰਬੇਡਕਰ ਦੇ ਬੁੱਤ ਨੇੜੇ ਕੂੜੇ ਦੇ ਢੇਰ ਲੱਗਣਾ ਪ੍ਰਸ਼ਾਸਨ ਦੀ ਨਾਕਾਮੀ ਦਾ ਸਬੂਤ ਹੈ ਤੇ ਇਸ ਨਾਲ ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਛਵੀ ਵੀ ਖ਼ਰਾਬ ਹੁੰਦੀ ਹੈ | ਡਿਪਟੀ ਕਮਿਸ਼ਨਰ ਵਲੋਂ ਵਫ਼ਦ ਦੇ ਆਗੂਆਂ ਨੂੰ ਭਰੋਸਾ ਦਿੱਤਾ ਗਿਆ ਕਿ ਉਕਤ ਜਗ੍ਹਾ ਦੀ ਜਲਦੀ ਸਫ਼ਾਈ ਕਰਵਾਈ ਜਾਵੇਗੀ ਤੇ ਅੱਗੇ ਤੋਂ ਅਜਿਹੀ ਨੌਬਤ ਨਾ ਆਵੇ, ਇਸ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾਣਗੇ | ਇਸ ਮੌਕੇ ਸਵਾਮੀ ਰਾਜਪਾਲ, ਹਰਿੰਦਰ ਕੁਮਾਰ ਸ਼ੀਤਲ, ਮਾਸਟਰ ਨਿਸ਼ਾਂਤ ਕੁਮਾਰ, ਅਸ਼ੋਕ ਗਿੱਲ, ਜਸਪਾਲ ਸਿੰਘ, ਜਸਪਾਲ ਸਿੰਘ ਬੱਸਰਾ ਤੇ ਹੋਰ ਹਾਜ਼ਰ ਸਨ |