ਫਗਵਾੜਾ, 27 ਜੁਲਾਈ (ਅਸ਼ੋਕ ਕੁਮਾਰ ਵਾਲੀਆ)-ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਲਿਮਟਿਡ ਲੁਧਿਆਣਾ ਵਲੋਂ ਹਰ ਸਾਲ ਦਿੱਤੇ ਜਾਣ ਵਾਲਾ ‘ਸਾਹਿਤ ਸਦਭਾਵਨਾ ਪੁਰਸਕਾਰ-2026 ਪੰਜਾਬੀ ਦੇ ਉੱਘੇ ਲੇਖਕ ਅਤੇ ਕਾਲਮਨਵੀਸ ਪਿ੍ੰਸੀਪਲ ਗੁਰਮੀਤ ਸਿੰਘ ਪਲਾਹੀ ਨੂੰ ਦਿੱਤਾ ਜਾਵੇਗਾ ਅਤੇ ਸੁਸਾਇਟੀ ਦੀ ਫੈਲੋਸ਼ਿਪ ਉੱਘੇ ਪੰਜਾਬੀ ਗ਼ਜ਼ਲਗੋ ਡਾ. ਤਰਲੋਕ ਸਿੰਘ ਆਨੰਦ ਨੂੰ ਦਿੱਤੀ ਜਾਏਗੀ | ਸਾਹਿਤ ਸਦਭਾਵਨਾ ਪੁਰਸਕਾਰ ਵਿਚ 21000 ਰੁਪਏ ਨਗਦ ਅਤੇ ਸਨਮਾਨ ਚਿੰਨ੍ਹ, ਜਦਕਿ ਫੈਲੋਸ਼ਿਪ ਵਿਚ 11000 ਰੁਪਏ ਨਗਦ ਅਤੇ ਸਨਮਾਨ ਚਿੰਨ੍ਹ ਪ੍ਰਦਾਨ ਕੀਤੇ ਜਾਣਗੇ | ਸੁਸਾਇਟੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਜਲੰਧਰ ਵਿਖੇ ਹੋਈ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਵਿਚ ਕੀਤਾ ਇਹ ਫ਼ੈਸਲਾ ਲਿਆ ਗਿਆ | ਇਸ ਮੀਟਿੰਗ ਵਿਚ ਉੱਘੇ ਕਹਾਣੀਕਾਰ ਮੁਖ਼ਤਿਆਰ ਸਿੰਘ, ਉੱਘੇ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ਆਸ਼ਟ, ਉੱਘੇ ਕਵੀ ਅਤੇ ਆਲੋਚਕ ਡਾ.ਉਮਿੰਦਰ ਸਿੰਘ ਜੌਹਲ, ਪਰਮਜੀਤ ਕੌਰ, ਅਤੇ ਸੁਸਾਇਟੀ ਦੇ ਸਕੱਤਰ ਜਸਪਾਲ ਸੋਨਾ ਪੁਰੇਵਾਲ ਸ਼ਾਮਿਲ ਹੋਏ | ਸੁਸਾਇਟੀ ਵੱਲੋਂ ਪੰਜਾਬੀ ਕਵਿਤਾ, ਪੰਜਾਬੀ ਕਹਾਣੀ, ਪੰਜਾਬੀ ਬਾਲ ਸਾਹਿਤ ਅਤੇ ਪੰਜਾਬੀ ਆਲੋਚਨਾ ਦੇ ਨਵੇਂ ਰੁਝਾਨਾਂ ਬਾਰੇ ਕਿਤਾਬਾਂ ਸੰਪਾਦਿਤ ਕਰਨ ਅਤੇ ਛਾਪਣ ਦਾ ਫ਼ੈਸਲਾ ਵੀ ਕੀਤਾ ਗਿਆ |