ਸੁਲਤਾਨਪੁਰ ਲੋਧੀ, 21 ਜਨਵਰੀ (ਨਰੇਸ਼ ਹੈਪੀ)- ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਸੁਲਤਾਨਪੁਰ ਲੋਧੀ ਦੇ ਪੁਰਾਣੇ ਕਬੱਡੀ ਖਿਡਾਰੀਆਂ ਵੱਲੋਂ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 22ਵਾਂ ਖੇਡਾਂ ਦਾ ਮਹਾਂਕੁੰਭ 25 ਜਨਵਰੀ ਦਿਨ ਐਤਵਾਰ ਨੂੰ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਪ੍ਰਵਾਸੀ ਭਾਰਤੀਆਂ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਕਬੱਡੀ ਦੇ ਨਾਮਵਰ ਖਿਡਾਰੀ ਭਾਗ ਲੈਣਗੇ | ਉਨ੍ਹਾਂ ਦੱਸਿਆ ਕਿ ਕਬੱਡੀ ਦੀ ਓਪਨ ਟੀਮ ਨੂੰ ਡੇਢ ਲੱਖ ਰੁਪਏ ਧਰਮ ਸਿੰਘ ਖਿੰਡਾ ਮੈਰੀਪੁਰ ਯੂ. ਐਸ. ਏ. ਅਤੇ ਬਲਵੀਰ ਸਿੰਘ ਥਿੰਦ ਡੇਰਾ ਨੰਦ ਸਿੰਘ ਯੂ. ਐਸ. ਏ. ਵੱਲੋਂ ਕਲੱਬ ਨੂੰ ਦਿੱਤੇ ਗਏ ਦੋ ਲੱਖ ਰੁਪਏ ਵਿਚੋਂ ਦਿੱਤਾ ਜਾਵੇਗਾ ਜਦਕਿ ਉਪ ਜੇਤੂ ਟੀਮ ਨੂੰ ਇੱਕ ਲੱਖ ਰੁਪਏ ਹਰਨੇਕ ਸਿੰਘ ਨੇਕਾ ਮੈਰੀਪੁਰ ਯੂ. ਕ.ੇ ਵੱਲੋਂ ਦਿੱਤਾ ਜਾਵੇਗਾ | ਕਲੱਬ ਦੇ ਪ੍ਰਧਾਨ ਬਲਕਾਰ ਸਿੰਘ ਹਰਨਾਮਪੁਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਗਿਆਨੀ ਜਰਨੈਲ ਸਿੰਘ ਮੋਠਾਂਵਾਲਾ ਸਕੱਤਰ, ਬਲਵਿੰਦਰ ਸਿੰਘ ਤੁੜ ਅਤੇ ਲੈਕਚਰਾਰ ਬਲਦੇਵ ਸਿੰਘ ਟੀਟਾ ਪੈੱ੍ਰਸ ਸਕੱਤਰ ਨੇ ਦੱਸਿਆ ਕਿ ਇਸ ਮੌਕੇ ਬੈੱਸਟ ਜਾਫੀ ਨੂੰ 21 ਹਜ਼ਾਰ ਰੁਪਏ ਬਲਦੇਵ ਸਿੰਘ ਮੰਗਾ ਫੱਤੋਵਾਲ ਤੇ ਜਤਿੰਦਰਜੀਤ ਸਿੰਘ ਨੰਬਰਦਾਰ ਵੱਲੋਂ ਦਿੱਤਾ ਜਾਵੇਗਾ ਜਦਕਿ ਬੈੱਸਟ ਧਾਵੀ ਨੂੰ 21 ਹਜ਼ਾਰ ਰੁਪਏ ਹਰਕਮਲ ਸਿੰਘ ਹਰਨਾਮਪੁਰ ਕੈਨੇਡਾ ਵੱਲੋਂ ਦਿੱਤੇ ਜਾਣਗੇ | ਇਸ ਮੌਕੇ ਰਾਜ ਬਹਾਦਰ ਸਿੰਘ ਡਡਵਿੰਡੀ ਨੇ ਦੱਸਿਆ ਕਿ ਇਸ ਮੌਕੇ ਲੜਕੀਆਂ ਦੀ ਕਬੱਡੀ ਦਾ ਸ਼ੋਅ ਮੈਚ ਪੰਜਾਬ ਤੇ ਹਰਿਆਣਾ ਦੀਆਂ ਟੀਮਾਂ ਵਿਚਾਲੇ ਹੋਵੇਗਾ ਜਿਨ੍ਹਾਂ ਨੂੰ ਪ੍ਰਵਾਸੀ ਭਾਰਤੀ ਸੰਤੋਖ ਸਿੰਘ ਸਫ਼ਰੀ ਵੱਲੋਂ ਇਨਾਮ ਦਿੱਤਾ ਜਾਵੇਗਾ | ਉਨ੍ਹਾਂ ਸਮੂਹ ਪ੍ਰਵਾਸੀ ਭਾਰਤੀਆਂ ਤੋਂ ਇਲਾਵਾ ਰਸ਼ਪਾਲ ਸਿੰਘ ਕਾਲਾ ਜਰਮਨੀ ਵੱਲੋਂ 51 ਹਜ਼ਾਰ ਰੁਪਏ ਭੇਜਣ ਲਈ, ਪ੍ਰੋਫੈਸਰ ਅਮਰਜੀਤ ਸਿੰਘ ਖੈੜਾ ਤੇ ਅਮਰੀਕ ਸਿੰਘ ਡਡਵਿੰਡੀ ਯੂ.ਕੇ. ਵੱਲੋਂ ਵਿਸ਼ੇਸ਼ ਸਹਿਯੋਗ ਦੇਣ ਲਈ ਉਨ੍ਹਾਂ ਦਾ ਵੀ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ ਓਪਨ ਕਬੱਡੀ ਵਿਚ ਸ਼ਮੂਲੀਅਤ ਕਰਨ ਵਾਲੀ ਹਰੇਕ ਟੀਮ ਨੂੰ 60 ਹਜ਼ਾਰ ਰੁਪਏ ਕਬੱਡੀ ਕਲੱਬ ਵਿਚ ਭਾਗ ਲੈਣ 'ਤੇ ਦਿੱਤੇ ਜਾਣਗੇ | ਇਸ ਮੌਕੇ ਕਰੀਬ ਇੱਕ ਲੱਖ ਰੁਪਏ ਮੁੱਲ ਦੇ ਲੱਕੀ ਡਰਾਅ ਕੱਢੇ ਜਾਣਗੇ ਜਿਨ੍ਹਾਂ ਵਿਚ 5 ਐਲ. ਸੀ. ਡੀ. 32 ਇੰਚ, 5 ਐਂਡਰਾਇਡ ਮੋਬਾਈਲ ਤੇ 5 ਸਾਈਕਲ ਹੋਣਗੇ ਜਿਸ ਲਈ ਲੱਕੀ ਕੂਪਨ ਮੁਫ਼ਤ ਹੋਣਗੇ ਤੇ ਟੂਰਨਾਮੈਂਟ ਵਿਚ ਪਹਿਲਾਂ ਪੁੱਜ ਕੇ ਬੈਠਣ ਵਾਲੇ ਦਰਸ਼ਕਾਂ ਨੂੰ ਦਿੱਤੇ ਜਾਣਗੇ | ਉਨ੍ਹਾਂ ਦੱਸਿਆ ਕਿ ਹਰੇਕ ਮੈਚ ਖ਼ਤਮ ਹੋਣ ਤੋਂ ਬਾਅਦ ਲੱਕੀ ਡਰਾਅ ਕੱਢਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਵਿਚ ਵਾਲੀਬਾਲ ਅਤੇ 75 ਕਿੱਲੋ ਭਾਰ ਵਰਗ ਦੇ ਕਬੱਡੀ ਮੈਚ ਵੀ ਹੋਣਗੇ | ਇਸ ਮੌਕੇ ਗੁਰੂ ਦੇ ਅਤੁੱਟ ਲੰਗਰ ਸਟੇਡੀਅਮ ਦੇ ਸਾਹਮਣੇ ਗੁਰਦੁਆਰਾ ਸਰਹਾਲੀ ਸਾਹਿਬ ਵਿਖੇ ਚੱਲਣਗੇ | ਉਨ੍ਹਾਂ ਸੰਤ ਬਾਬਾ ਸੁੱਖਾ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਾ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ |