ਬੁਢਲਾਡਾ, 31 ਮਾਰਚ (ਸਵਰਨ ਸਿੰਘ ਰਾਹੀ)- ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ 225 ਜ਼ਰੂਰਤਮੰਦ ਪਰਿਵਾਰਾਂ ਨੂੰ ਦਿੱਤੇ ਜਾ ਰਹੇ ਰਾਸ਼ਨ ਨੂੰ ਮਹੀਨਾਵਾਰ ਪ੍ਰਾਪਤ ਕਰਨ ਲਈ ਰਾਸ਼ਨ ਕਾਰਡਾਂ ਦੀ ਵੰਡ ਕੀਤੀ ਗਈ | ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਇਹ ਰਸਮ ਹਲਕਾ ਵਿਧਾਇਕ ਬੁੱਧ ਰਾਮ, ਸੰਸਥਾ ਦੇ ਮੁਖੀ ਮਾ. ਕੁਲਵੰਤ ਸਿੰਘ ਅਤੇ ਹੋਰਨਾਂ ਆਗੂਆਂ ਵਲੋਂ ਨਿਭਾਈ ਗਈ | ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੀ 2015 ਤੋਂ ਵਿਧਵਾ ਤੇ ਅੰਗਹੀਣ ਬੇਸਹਾਰਾ ਲੋੜਵੰਦ 225 ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਬੱਚਿਆਂ ਦਾ ਪੜ੍ਹਾਈ ਖਰਚਾ, ਦਵਾਈ ਖਰਚਾ, ਮਕਾਨਾਂ ਦੀ ਮੁਰੰਮਤ ਅਤੇ ਬੱਚੀਆਂ ਦੇ ਵਿਆਹ ਆਦਿ ਸੇਵਾਵਾਂ ਦਿੰਦੀ ਆ ਰਹੀ ਹੈ | ਉਸ ਲਈ ਹਰ ਸਾਲ ਅਪ੍ਰੈਲ ਤੋਂ ਨਵੇਂ ਕਾਰਡ ਬਣਾਏ ਜਾਂਦੇ ਹਨ, ਜਿਸ ਤਹਿਤ ਨਵੇਂ ਕਾਰਡ ਬਣਾਉਣ ਦੀ ਰਸਮ ਸ਼ੁਰੂ ਕੀਤੀ ਗਈ | ਕੁਲਵਿੰਦਰ ਸਿੰਘ ਈ.ਓ. ਅਤੇ ਸੁਖਦਰਸ਼ਨ ਸਿੰਘ ਕੁਲਾਣਾ ਨੇ ਦੱਸਿਆ ਕਿ ਸੰਸਥਾ ਦੇ ਉਕਤ ਤੋਂ ਇਲਾਵਾ ਮਰੀਜ਼ਾਂ ਦਾ ਇਲਾਜ, ਮਕਾਨਾਂ, ਸੜਕਾਂ ਦੀ ਮੁਰੰਮਤ, ਪਾਣੀ ਦੀ ਸੇਵਾ, ਸ਼ਵ ਵੈਨ ਅਤੇ ਪਾਲਕੀ ਸਾਹਿਬ ਦੀ ਸੇਵਾ ਸਮੇਤ 41 ਪ੍ਰੋਜੈਕਟ ਚੱਲਦੇ ਹਨ ਅਤੇ ਸੰਸਥਾ ਵਲੋਂ ਹਰ ਸਾਲ ਮਹਿਲਾ ਦਿਵਸ ਮੌਕੇ 13 ਲੋੜਵੰਦ ਬੱਚੀਆਂ ਦੇ ਸਮੂਹਿਕ ਵਿਆਹ ਵੀ ਕੀਤੇ ਜਾਂਦੇ ਹਨ | ਇਸ ਮੌਕੇ ਹਲਕਾ ਵਿਧਾਇਕ ਨੇ ਸੰਸਥਾ ਦੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ 6 ਅਪ੍ਰੈਲ ਨੂੰ ਮਹਾਂਪੁਰਸ਼ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਲੋੜਵੰਦ ਬੱਚਿਆਂ ਲਈ ਬਣਾਈ ਜਾ ਰਹੀ ਸ਼ਹੀਦ ਭਗਤ ਸਿੰਘ ਮੈਮੋਰੀਅਲ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਣਗੇ | ਇਸ ਮੌਕੇ ਪਰਮਜੀਤ ਸਿੰਘ ਅਨੇਜਾ, ਮਾ. ਬਲਬੀਰ ਸਿੰਘ ਆਦਿ ਹਾਜ਼ਰ ਸਨ |