ਗਿੱਦੜਬਾਹਾ, 13 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਜੇ.ਐੱਨ.ਜੇ. ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗਿੱਦੜਬਾਹਾ ਵਿਖੇ ਅੰਤਰਰਾਸ਼ਟਰੀ ਯੁਵਾ ਦਿਵਸ ਨੂੰ ‘ਪੌਦੇ ਲਾਓ ਦਿਵਸ’ ਵਜੋਂ ਮਨਾਇਆ ਗਿਆ। ਇਸ ਮੌਕੇ 6 ਪੰਜਾਬ ਬੀ ਐੱਨ.ਸੀ.ਸੀ. ਬਟਾਲੀਅਨ ਮਲੋਟ ਵਲੋਂ ਸੀ.ਓ. ਕਰਨਲ ਭੁਪਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰਿੰਸੀਪਲ ਗੁਰਦਾਸ ਸਿੰਘ ਮਾਨ ਦੀ ਰਹਿਨੁਮਾਈ ਹੇਠ ਸਕੂਲ ਕੈਂਪਸ ਵਿਚ ਐੱਨ.ਸੀ.ਸੀ. ਕੈਡਿਟਾਂ ਵਲੋਂ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ। ਇਸ ਮੌਕੇ ਪ੍ਰਿੰਸੀਪਲ ਗੁਰਦਾਸ ਸਿੰਘ ਮਾਨ ਨੇ ਕਿਹਾ ਕਿ ਧਰਤੀ ਨੂੰ ਹਰਿਆ-ਭਰਿਆ ਅਤੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ 6 ਪੰਜਾਬ ਬੀ ਐੱਨ.ਸੀ.ਸੀ. ਬਟਾਲੀਅਨ ਮਲੋਟ ਵਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਐੱਨ.ਸੀ.ਸੀ. ਕੈਡਿਟਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਕੂਲ ਦੇ ਐੱਨ.ਸੀ.ਸੀ. ਇੰਚਾਰਜ ਜਸਪ੍ਰੀਤ ਕੌਰ, ਕਿਰਨਪਾਲ ਕੌਰ, ਹਰਪ੍ਰੀਤ ਸਿੰਘ ਤੋਂ ਇਲਾਵਾ ਬਟਾਲੀਅਨ ਵਲੋਂ ਹੌਲਦਾਰ ਸ਼ਬੀਰ ਅਹਿਮਦ ਖਾਨ ਅਤੇ ਹੌਲਦਾਰ ਜਸਬੀਰ ਸਿੰਘ ਵੀ ਹਾਜ਼ਰ ਸਨ। ਸਕੂਲ ਦੇ ਐੱਨ.ਸੀ.ਸੀ. ਕੈਡਿਟਾਂ ਨੇ ਬੂਟੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੰਭਾਲ ਕਰਨ ਦਾ ਸੰਦੇਸ਼ ਵੀ ਦਿੱਤਾ।